ਫਾਜ਼ਿਲਕਾ, 4 ਅਕਤੂਬਰ
ਫਾਜ਼ਿਲਕਾ ਜ਼ਿਲ੍ਹੇ ਵਿਚ ਆਮ ਪੰਚਾਇਤੀ ਚੋਣਾਂ ਵਿਚ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਇਸ ਲਈ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਨਦੇਹੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਬੀਤੀ ਸ਼ਾਮ ਤੱਕ ਜ਼ਿਲ੍ਹੇ ਵਿਚ 16369 ਲੋਕਾਂ ਨੂੰ ਪੰਚਾਇਤ ਚੋਣਾਂ ਸਬੰਧੀ ਐਨਓਸੀ ਜਾਰੀ ਹੋ ਚੁੱਕੀਆਂ ਹਨ। ਇਹ ਜਾਣਕਾਰੀ ਜ਼ਿਲ੍ਹੇ ਦੇ ਵਧੀਕ ਜ਼ਿਲ੍ਹਾ ਚੋਣਕਾਰ ਅਫਸਰ ਕਮ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੁਭਾਸ਼ ਚੰਦਰ ਨੇ ਦਿੱਤੀ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ 5 ਬਲਾਕਾਂ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰਾਂ ਦੇ ਦਫ਼ਤਰ 2 ਅਤੇ 3 ਅਕਤੂਬਰ ਨੂੰ ਛੁੱਟੀ ਵਾਲੇ ਦਿਨ ਵੀ ਖੁੱਲੇ ਰੱਖੇ ਗਏ ਤਾਂ ਜੋ ਲੋਕਾਂ ਨੂੰ ਉਨ੍ਹਾਂ ਦੀ ਮੰਗ ਅਨੁਸਾਰ ਐਨਓਸੀ ਜਾਰੀ ਕੀਤੀਆਂ ਜਾ ਸਕਨ। ਉਨ੍ਹਾਂ ਨੇ ਦੱਸਿਆ ਕਿ 2 ਅਕਤੂਬਰ ਨੂੰ ਜ਼ਿਲ੍ਹੇ ਵਿਚ 4294 ਅਤੇ 3 ਅਕਤੂਬਰ ਨੂੰ 3574 ਐਨਓਸੀ ਜਾਰੀ ਕੀਤੀਆਂ ਗਈਆਂ ਹਨ।
ਇਸ ਤੋਂ ਪਹਿਲਾਂ 1 ਅਕਤੂਬਰ ਤੱਕ ਜ਼ਿਲ੍ਹੇ ਵਿਚ ਸਰਪੰਚਾਂ ਲਈ 459 ਅਤੇ ਪੰਚਾਂ ਲਈ 804 ਨਾਮਜਦਗੀਆਂ ਹੋਈਆਂ ਹਨ।
ਜਿਕਰਯੋਗ ਹੈ ਕਿ ਜ਼ਿਲ੍ਹੇ ਵਿਚ 835 ਗ੍ਰਾਮ ਪੰਚਾਇਤਾਂ ਹਨ ਅਤੇ ਇਸ ਲਈ 435 ਸਰਪੰਚ ਅਤੇ 2997 ਪੰਚਾਂ ਦੀ ਚੋਣ ਹੋਣੀ ਹੈ। ਇਸ ਲਈ ਜ਼ਿਲ੍ਹੇ ਵਿਚ 688 ਪੋਲਿੰਗ ਸਟੇਸ਼ਨ ਬਣਾਏ ਜਾਣਗੇ ਅਤੇ 550158 ਵੋਟਰ ਇੰਨ੍ਹਾਂ ਚੋਣਾਂ ਵਿਚ ਭਾਗ ਲੈਣਗੇ। ਇਸ ਲਈ ਜ਼ਿਲ੍ਹੇ ਵਿਚ 40-40 ਰਿਟਰਨਿੰਗ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਨਾਮਜਦਗੀਆਂ ਲਈ ਲਗਾਏ ਗਏ ਹਨ ਅਤੇ 5-5 ਰਿਟਰਨਿੰਗ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਰਿਜਰਵ ਰੱਖੇ ਗਏ ਹਨ।
ਵਧੀਕ ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਨਾਮਜਦਗੀ ਪਰਚਿਆਂ ਦੀ ਪੜਤਾਲ 5 ਅਕਤੂਬਰ ਨੂੰ ਹੋਵੇਗੀ ਅਤੇ 7 ਅਕਤੂਬਰ ਤੱਕ ਨਾਮਜਦਗੀ ਵਾਪਿਸ ਲਈ ਜਾ ਸਕਦੀ ਹੈ। ਮਤਦਾਨ 15 ਅਕਤੂਬਰ ਨੂੰ ਹੋਣਾ ਹੈ ਅਤੇ ਉਸੇ ਦਿਨ ਗਿਣਤੀ ਹੋਵੇਗੀ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਂਤਮਈ ਅਤੇ ਨਿਰਪੱਖ ਚੋਣਾਂ ਲਈ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਪੰਚਾਇਤ ਚੋਣਾਂ ਪੂਰੀ ਤਰਾਂ ਅਮਨ ਅਮਾਨ ਤਰੀਕੇ ਨਾਲ ਨੇਪਰੇ ਚਾੜੀਆਂ ਜਾਣਗੀਆਂ।
ਫਾਜ਼ਿਲਕਾ ਜ਼ਿਲ੍ਹੇ ਵਿਚ 16369 ਐਨਓਸੀ ਜਾਰੀ ਹੋਈਆਂ-ਸੁਭਾਸ਼ ਚੰਦਰ


