ਫਾਜਿਲਕਾ 1 ਫਰਵਰੀ
ਸਰਕਾਰੀ ਪ੍ਰਾਇਮਰੀ ਸਕੂਲ ਸਵਾਹ ਵਾਲਾ ਜੋ ਕਿ ਜਲਾਲਾਬਾਦ ਇਲਾਕੇ ਦਾ ਇੱਕ ਅਜਿਹਾ ਸਕੂਲ ਹੈ ਜੋ ਪਿਛਲੇ ਕਈ ਸਾਲਾਂ ਤੋਂ ਸਿੱਖਿਆ ਦੇ ਖੇਤਰ ਵਿੱਚ ਵਿਲੱਖਣ ਪੈੜਾਂ ਛੱਡ ਰਿਹਾ ਹੈ। ਸਕੂਲ ਵਿੱਚ ਪਿਛਲੇ ਚਾਰ ਸਾਲਾਂ ਵਿੱਚ ਦਾਖ਼ਲਾ ਦੁੱਗਣਾ ਹੋ ਗਿਆ ਹੈ ਅਤੇ ਪੰਜਾਬੀ ਮੀਡੀਅਮ ਦੇ ਨਾਲ-ਨਾਲ ਅੰਗਰੇਜ਼ੀ ਮੀਡੀਅਮ ਵਾਲੇ ਬੱਚੇ ਵੀ ਪੜ੍ਹ ਰਹੇ ਹਨ।ਲਗਭਗ ਹਰ ਸਾਲ ਹੀ ਨਵੋਦਿਆ ਵਿਦਿਆਲਿਆ ਲਈ ਵੀ ਬੱਚਿਆਂ ਦੀ ਚੋਣ ਹੋ ਰਹੀ ਹੈ। ਸਕੂਲ ਦੀ ਇਮਾਰਤ ਦਾ ਪਹਿਲਾਂ ਦੇ ਮੁਕਾਬਲੇ ਬਹੁਤ ਕਾਇਆ ਕਲਪ ਹੋ ਚੁੱਕਾ ਹੈ।ਹੁਣ ਇਸ ਸਕੂਲ ਨੇ ਸਿੱਖਿਆ ਗੁਣਵੱਤਾ ਦੇ ਮਾਮਲੇ ਵਿੱਚ ਇੱਕ ਨਵਾਂ ਮਾਅਰਕਾ ਮਾਰਿਆ ਹੈ ਜੋ ਕਿ ਫ਼ਾਜ਼ਿਲਕਾ ਜ਼ਿਲ੍ਹੇ ਦੇ ਇਤਿਹਾਸ ਵਿੱਚ ਕਿਸੇ ਸਰਕਾਰੀ ਸਕੂਲ ਦੀ ਬਹੁਤ ਵੱਡੀ ਪ੍ਰਾਪਤੀ ਹੈ। ਇਸ ਸਕੂਲ ਦੇ ਸਕਾਉਟਸ ਐਂਡ ਗਾਈਡਜ਼ ਯੂਨਿਟ ਦੇ 15 ਬੱਚੇ ਰਾਸ਼ਟਰੀ ਪੁਰਸਕਾਰ ਲਈ ਚੁਣੇ ਗਏ ਹਨ।
ਇਹਨਾਂ ਬੱਚਿਆਂ ਵਿੱਚ 12 ਬੱਚੇ ਸਰਕਾਰੀ ਪ੍ਰਾਇਮਰੀ ਸਕੂਲ ਸਵਾਹ ਵਾਲਾ ਦੇ, 2 ਬੱਚੇ ਸਰਕਾਰੀ ਪ੍ਰਾਇਮਰੀ ਸਕੂਲ ਘਾਂਗਾ ਕਲਾਂ ਦੇ ਅਤੇ ਇੱਕ ਬੱਚਾ ਮਾਤਾ ਗੁਜਰੀ ਪਬਲਿਕ ਸਕੂਲ ਚੱਕ ਸੁਹੇਲੇ ਵਾਲਾ ਦਾ ਹੈ।ਇਹਨਾਂ ਸਾਰੇ ਹੀ ਬੱਚਿਆਂ ਦੀ ਸਕਾਉਟਸ ਐਂਡ ਗਾਈਡਜ਼ ਦੀ ਟਰੇਨਿੰਗ ਸਰਕਾਰੀ ਪ੍ਰਾਇਮਰੀ ਸਕੂਲ ਸਵਾਹ ਵਾਲਾ ਵਿੱਚ ਹੀ ਹੋਈ ਸੀ। ਸੈਂਟਰ ਸਵਾਹ ਵਾਲਾ ਮੁਖੀ ਸ਼੍ਰੀ ਜੀ. ਐੱਸ. ਗੁਰਦਿੱਤ ਨੇ ਦੱਸਿਆ ਕਿ ਉਹਨਾਂ ਦੇ ਸਕੂਲ ਦੇ ਬਹੁਤ ਹੀ ਮਿਹਨਤੀ ਅਧਿਆਪਕਾ ਸ਼੍ਰੀਮਤੀ ਪਰਮਿੰਦਰ ਕੌਰ ਨੇ ਇਹਨਾਂ ਬੱਚਿਆਂ ਨੂੰ ਟਰੇਨਿੰਗ ਅਤੇ ਸੇਧ ਦੇ ਕੇ ਇਸ ਯੋਗ ਬਣਾਇਆ ਕਿ ਇਹਨਾਂ ਬੱਚਿਆਂ ਨੂੰ ਹੁਣ 22 ਫਰਵਰੀ ਨੂੰ ਨਵੀਂ ਦਿੱਲੀ ਵਿਖੇ ਭਾਰਤ ਦਾ ਰਾਸ਼ਟਰੀ ਪੁਰਸਕਾਰ ਮਿਲ ਰਿਹਾ ਹੈ।
ਲੇਡੀ ਕੱਬ ਮਾਸਟਰ ਸ਼੍ਰੀਮਤੀ ਪਰਮਿੰਦਰ ਕੌਰ ਨੇ ਦੱਸਿਆ ਕਿ ਭਾਰਤ ਸਕਾਉਟਸ ਐਂਡ ਗਾਈਡਜ਼ ਦੇ ਸਟੇਟ ਆਰਗੇਨਾਈਜ਼ਰ ਕਮਿਸ਼ਨਰ ਸ਼੍ਰੀ ਓਂਕਾਰ ਸਿੰਘ ਅਤੇ ਸਟੇਟ ਟਰੇਨਿੰਗ ਕਮਿਸ਼ਨਰ ਸ਼੍ਰੀ ਹੇਮੰਤ ਕੁਮਾਰ ਦੀ ਪ੍ਰੇਰਨਾ ਸਦਕਾ, ਡ.ਸੁਖਵੀਰ ਸਿੰਘ ਬੱਲ ਸਟੇਟ ਚੀਫ ਕਮਿਸ਼ਨਰ ( ਭਾਰਤ ਸਕਾਉਟਸ ਅਤੇ ਗਾਈਡਜ਼,ਪੰਜਾਬ ) ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਅਤੇ ਐਲੀਮੈਂਟਰੀ ਜਸਪਾਲ ਮੋਂਗਾ,ਸ਼੍ਰੀਮਤੀ ਅੰਜੂ ਸੇਠੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਫ਼ਾਜ਼ਿਲਕਾ, ਸ਼੍ਰੀ ਗੁਰਪ੍ਰੀਤ ਸਿੰਘ ਸੇਂਖੋ ਜਿਲ੍ਹਾ ਕਮਿਸ਼ਨਰ, ਸ਼੍ਰੀ ਸੁਮੇਸ਼ ਕੁਮਾਰ ਜ਼ਿਲ੍ਹਾ ਆਰਗਨਾਈਜੇਸ਼ਨ ਕਮਿਸ਼ਨਰ, ਫਾਜ਼ਿਲਕਾ, ਸ਼੍ਰੀ ਸੁਰੇਸ਼ ਕੁਮਾਰ ਜੱਗਾ ਜ਼ਿਲ੍ਹਾ ਟ੍ਰੇਨਿੰਗ ਕਮਿਸ਼ਨਰ (ਸਕਾਊਟ), ਸ਼੍ਰੀਮਤੀ ਪਰਵੀਨ ਲਤਾ ਜ਼ਿਲ੍ਹਾ ਟ੍ਰੇਨਿੰਗ ਕਮਿਸ਼ਨਰ (ਗਾਈਡਜ਼), ਸ਼੍ਰੀਮਤੀ ਗੁਰਦੀਪ ਕੌਰ ਜ਼ਿਲ੍ਹਾ ਆਰਗਨਾਈਜੇਸ਼ਨ ਕਮਿਸ਼ਨਰ ਗਾਈਡ ਦੀ ਰਹਿਨੁਮਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਸਵਾਹ ਵਾਲਾ ਵਿਖੇ ਮਦਰ ਟੈਰੇਸਾ ਕੱਬ ਬੁਲਬੁਲ ਯੂਨਿਟ ਚਲਾਇਆ ਜਾ ਰਿਹਾ ਹੈ। ਇਸ ਟਰੇਨਿੰਗ ਵਿੱਚ ਬਹੁਤ ਜ਼ਿਆਦਾ ਸਹਿਯੋਗ ਕੱਬ ਮਾਸਟਰ ਸ਼੍ਰੀ ਸਰਬੂਟਾ ਸਿੰਘ ਅਤੇ ਸ਼੍ਰੀ ਗੁਰਵਿੰਦਰ ਸਿੰਘ ਦਾ ਵੀ ਰਿਹਾ। ਇਸ ਤੋਂ ਇਲਾਵਾ ਸਕੂਲ ਦੇ ਸਮੂਹ ਸਟਾਫ਼, ਸਕੂਲ ਪ੍ਰਬੰਧ ਕਮੇਟੀ, ਗਰਾਮ ਪੰਚਾਇਤ ਸਵਾਹ ਵਾਲਾ ਅਤੇ ਸਮੂਹ ਪਿੰਡ ਵਾਸੀਆਂ ਦਾ ਵੀ ਟਰੇਨਿੰਗ ਕਾਰਜਾਂ ਨੂੰ ਸੰਪੂਰਨ ਕਰਵਾਉਣ ਵਿੱਚ ਲਾਜਵਾਬ ਸਹਿਯੋਗ ਰਿਹਾ। ਬੀਪੀਈਓ ਸ਼੍ਰੀਮਤੀ ਸੁਸ਼ੀਲ ਕੁਮਾਰੀ, ਸ਼੍ਰੀ ਜਸਪਾਲ ਸਿੰਘ ਅਤੇ ਸ਼੍ਰੀ ਨਰਿੰਦਰ ਸਿੰਘ ਨੇ ਸਕੂਲ ਪਹੁੰਚ ਕੇ ਸਾਰੇ ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ। ਸ਼੍ਰੀ ਜਸਪਾਲ ਨੇ ਕਿਹਾ ਕਿ ਹੁਣ ਇਲਾਕੇ ਦੇ ਬਾਕੀ ਸਰਕਾਰੀ ਸਕੂਲਾਂ ਵਿੱਚ ਵੀ ਕੱਬ ਐਂਡ ਬੁਲਬੁਲ ਯੂਨਿਟ ਜ਼ੋਰ-ਸ਼ੋਰ ਨਾਲ ਚਲਾਇਆ ਜਾਏਗਾ ਤਾਂ ਕਿ ਹੋਰ ਬੱਚੇ ਵੀ ਇਲਾਕੇ ਦਾ ਨਾਮ ਚਮਕਾਉਣ।