ਚੰਡੀਗੜ੍ਹ, 30 ਨਵੰਬਰ
ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਇਥੇ ਦੱਸਿਆ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ (ਪੀ.ਐੱਸ.ਪੀ.ਸੀ.ਐੱਲ.) ਨੇ ਪਛਵਾੜਾ ਕੋਲਾ ਖਾਨ ਤੋਂ ਸਸਤਾ ਕੋਲਾ ਪ੍ਰਾਪਤ ਕਰਕੇ ਲਗਭਗ 1,000 ਕਰੋੜ ਰੁਪਏ ਦੀ ਵੱਡੀ ਬੱਚਤ ਕੀਤੀ ਹੈ।
ਇਥੇ ਜਾਰੀ ਪ੍ਰੈਸ ਬਿਆਨ ਵਿੱਚ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਸਾਲ 2015 ਤੋਂ ਬੰਦ ਪਈ ਪਛਵਾੜਾ ਕੋਲ ਖਾਣ ਨੂੰ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਦਸੰਬਰ 2022 ਵਿੱਚ ਸ਼ੁਰੂ ਕਰਨ ਦਾ ਕੀਤਾ ਗਿਆ ਉਪਰਾਲਾ ਕੋਲ ਇੰਡੀਆ ਲਿਮਟਿਡ ਦੇ ਮੁਕਾਬਲੇ ਸਸਤਾ ਕੋਲਾ ਪ੍ਰਾਪਤ ਕਰਨ ਦਾ ਬਦਲ ਸਾਬਿਤ ਹੋਇਆ ਹੈ।
ਪਚਵਾੜਾ ਕੋਲਾ ਖਾਣ ਤੋਂ ਕੋਲਾ ਪ੍ਰਾਪਤ ਕਰਨ ਦੇ ਵਿੱਤੀ ਲਾਭਾਂ ਦਾ ਵੇਰਵਾ ਦਿੰਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਕੋਲ ਇੰਡੀਆ ਲਿਮਟਿਡ ਤੋਂ ਕੋਲਾ ਪ੍ਰਾਪਤ ਕਰਨ ਦੇ ਮੁਕਾਬਲੇ ਪਛਵਾੜਾ ਕੋਲ ਖਾਣ ਤੋਂ ਕੋਲਾ 11 ਕਰੋੜ ਰੁਪਏ ਪ੍ਰਤੀ 1 ਲੱਖ ਮੀਟ੍ਰਿਕ ਟਨ ਸਸਤਾ ਪਿਆ ਹੈ। ਉਨ੍ਹਾਂ ਕਿਹਾ ਕਿ ਪੀ.ਐਸ.ਪੀ.ਸੀ.ਐਲ ਵੱਲੋਂ ਪਛਵਾੜਾ ਤੋਂ ਹੁਣ ਤੱਕ 2400 ਰੈਕਾਂ ਰਾਹੀਂ 92 ਲੱਖ ਮੀਟ੍ਰਿਕ ਟਨ ਕੋਲਾ ਪ੍ਰਾਪਤ ਕੀਤਾ ਹੈ।
ਬਿਜਲੀ ਮੰਤਰੀ ਨੇ ਕਿਹਾ ਕਿ ਇਸ ਉਪਰਾਲੇ ਸਦਕਾ ਹੁਣ ਪੰਜਾਬ ਦੇ ਥਰਮਲ ਪਲਾਂਟਾਂ ਵਿੱਚ ਕੋਲੇ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਾਵਰ ਪਲਾਂਟ ਕੋਲ 35 ਦਿਨਾਂ ਲਈ ਕੋਲੇ ਦਾ ਸਟਾਕ, ਲਹਿਰਾ ਮੁਹੱਬਤ ਸਥਿਤ ਸ੍ਰੀ ਗੁਰੂ ਹਰਗੋਬਿੰਦ ਥਰਮਲ ਪਲਾਂਟ ਕੋਲ 26 ਦਿਨਾਂ ਦਾ ਸਟਾਕ, ਅਤੇ ਸ੍ਰੀ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ ਗੋਇੰਦਵਾਲ ਸਾਹਿਬ ਕੋਲ 28 ਦਿਨ ਦਾ ਸਟਾਕ ਹੈ।
ਬਿਜਲੀ ਖੇਤਰ ਵਿੱਚ ਸੂਬੇ ਦੀ ਤਰੱਕੀ ‘ਤੇ ਹੋਰ ਜ਼ੋਰ ਦਿੰਦੇ ਹੋਏ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਸ੍ਰੀ ਗੋਇਂਦਵਾਲ ਸਾਹਿਬ ਵਿਖੇ ਸਥਿਤ 540 ਮੈਗਾਵਾਟ ਦੇ ਜੀਵੀਕੇ ਥਰਮਲ ਪਲਾਂਟ, ਜਿਸਨੂੰ ਹੁਣ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਵਜੋਂ ਜਾਣਿਆ ਜਾਂਦਾ ਹੈ, ਦੀ ਪ੍ਰਾਪਤੀ ਬਾਰੇ ਬਾਰੇ ਵੀ ਜਿਕਰ ਕੀਤਾ। ਉਨ੍ਹਾਂ ਕਿਹਾ ਕਿ ਇਹ ਪਲਾਂਟ 2 ਕਰੋੜ ਰੁਪਏ ਪ੍ਰਤੀ ਮੈਗਾਵਾਟ ਦੀ ਦਰ ਨਾਲ ਖਰੀਦਿਆ ਗਿਆ, ਅਤੇ ਇਸ ਇਕੱਲੇ ਪਲਾਂਟ ਤੋਂ ਹੀ ਸਾਲਾਨਾ 350 ਕਰੋੜ ਰੁਪਏ ਦੀ ਸਾਲਾਨਾ ਬੱਚਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਪਲਾਂਟ ਦੀ ਬਿਜਲੀ ਉਤਪਾਦਨ ਸਮਰੱਥਾ, ਜੋ ਪਲਾਂਟ ਲੋਡ ਫੈਕਟਰ ਦੁਆਰਾ ਮਾਪੀ ਜਾਂਦੀ ਹੈ, 35 ਪ੍ਰਤੀਸ਼ਤ ਤੋਂ ਦੁੱਗਣੀ ਹੋ ਕੇ 77 ਪ੍ਰਤੀਸ਼ਤ ਤੱਕ ਹੋ ਗਈ ਹੈ।
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਇਨ੍ਹਾਂ ਮਹੱਤਵਪੂਰਨ ਪ੍ਰਾਪਤੀਆਂ ਦਾ ਸਿਹਰਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਸਰਗਰਮ ਪਹਿਲਕਦਮੀਆਂ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲਿਆਂ ਨਾਲ ਸੂਬਾ ਸਰਕਾਰ ਰਾਜ ਭਰ ਦੇ ਘਰੇਲੂ ਖਪਤਕਾਰਾਂ ਨੂੰ ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ ਮੁਹੱਈਆ ਕਰਾਉਣ ਦੇ ਯੋਗ ਹੋਈ ਹੈ।