ਧਰਮਕੋਟ, 28 ਫ਼ਰਵਰੀ (000) – ਸੂਬਾ ਵਾਸੀਆਂ ਨੂੰ ਵਾਜਬ ਦਰਾਂ ‘ਤੇ ਰੇਤ ਮੁਹੱਈਆ ਕਰਾਉਣਾ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮੋਗਾ ਸਮੇਤ ਵੱਖ-ਵੱਖ ਜ਼ਿਲ੍ਹਿਆਂ ਵਿੱਚ 12 ਹੋਰ ਜਨਤਕ ਰੇਤ ਖੱਡਾਂ ਖੋਲ੍ਹ ਦਿੱਤੀਆਂ ਗਈਆਂ ਹਨ। ਪਿੰਡ ਕੈਲਾ (ਨੇੜੇ ਧਰਮਕੋਟ) ਵਿਖੇ ਅੱਜ ਜਨਤਕ ਖੱਡ ਦਾ ਉਦਘਾਟਨ ਹਲਕਾ ਵਿਧਾਇਕ ਸ੍ਰ ਦਵਿੰਦਰਜੀਤ ਸਿੰਘ ਲਾਡੀ ਢੋਂਸ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਵੀ ਹਾਜ਼ਰ ਸਨ।
ਦੱਸਣਯੋਗ ਹੈ ਕਿ ਜ਼ਿਲ੍ਹਾ ਮੋਗਾ ਵਿਚ ਇਸ ਤੋਂ ਪਹਿਲਾਂ ਚਾਰ ਖੱਡਾਂ ਪਿੰਡ ਸੰਘੇੜਾ, ਆਦਰਾਮਾਨ, ਬਾਜੇਕੇ, ਮੇਹਰੁਵਾਲਾ ਵਿਖੇ ਚੱਲ ਰਹੀਆਂ ਹਨ। ਅੱਜ ਪਿੰਡ ਕੈਲਾ ਵਿਖੇ ਖੱਡ ਸ਼ੁਰੂ ਹੋਣ ਨਾਲ ਜ਼ਿਲ੍ਹਾ ਮੋਗਾ ਵਿੱਚ ਜਨਤਕ ਖੱਡਾਂ ਦੀ ਗਿਣਤੀ 5 ਹੋ ਗਈ ਹੈ। ਪਿੰਡ ਕੈਲਾ ਖੱਡ 2.81 ਹੈਕਟੇਅਰ ਖੇਤਰ ਵਿਚ ਫੈਲੀ ਹੈ ਜਦਕਿ ਇਸ ਵਿਚੋਂ ਸਾਲਾਨਾ 38891 ਟਨ ਰੇਤਾ ਨਿਕਲੇਗਾ। ਹੁਣ ਪੰਜਾਂ ਖੱਡਾਂ ਵਿਚੋਂ 7 ਲੱਖ 24 ਹਜ਼ਾਰ ਮੀਟ੍ਰਿਕ ਟਨ ਰੇਤਾ ਨਿਕਲਣ ਲੱਗੇਗਾ।
ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਵਿਧਾਇਕ ਸ੍ਰ ਦਵਿੰਦਰਜੀਤ ਸਿੰਘ ਲਾਡੀ ਢੋਂਸ ਨੇ ਕਿਹਾ ਕਿ ਆਮ ਲੋਕਾਂ ਵੱਲੋਂ ਜਨਤਕ ਰੇਤ ਖੱਡਾਂ ਖੋਲ੍ਹਣ ਦੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ ਅਤੇ ਇਸ ਸਮੇਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੁੱਲ 60 ਜਨਤਕ ਖੱਡਾਂ ਚਲ ਰਹੀਆਂ ਹਨ। ਆਮ ਲੋਕਾਂ ਨੂੰ ਹੁਣ ਤੱਕ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਦੇ ਹਿਸਾਬ ਨਾਲ 15.90 ਲੱਖ ਮੀਟ੍ਰਿਕ ਟਨ ਰੇਤ ਪ੍ਰਦਾਨ ਕੀਤੀ ਜਾ ਚੁੱਕੀ ਹੈ, ਜੋ ਇਸ ਪਹਿਲਕਦਮੀ ਦੀ ਸ਼ਾਨਦਾਰ ਸਫ਼ਲਤਾ ਨੂੰ ਦਰਸਾਉਂਦੀ ਹੈ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਇਸ ਵੱਕਾਰੀ ਉਪਰਾਲੇ ਦਾ ਉਦੇਸ਼ ਲੋਕਾਂ ਨੂੰ ਕਿਫ਼ਾਇਤੀ ਦਰਾਂ ‘ਤੇ ਰੇਤ ਮੁਹੱਈਆ ਕਰਵਾਉਣਾ ਹੈ। ਖਣਨ ਅਤੇ ਭੂ-ਵਿਗਿਆਨ ਵਿਭਾਗ ਵੱਲੋਂ ਸ਼ਨਾਖ਼ਤ ਕੀਤੀਆਂ ਗਈਆਂ ਨਵੀਆਂ ਜਨਤਕ ਰੇਤ ਖੱਡਾਂ ਦੇ ਉਦਘਾਟਨ ਨਾਲ ਪੰਜਾਬ ਵਿੱਚ ਇਨ੍ਹਾਂ ਖੱਡਾਂ ਦੀ ਕੁੱਲ ਗਿਣਤੀ 72 ਹੋ ਗਈ ਹੈ, ਜਿਸ ਨਾਲ ਆਮ ਲੋਕਾਂ ਨੂੰ ਵਧੇਰੇ ਲਾਭ ਮਿਲੇਗਾ।
ਇਨ੍ਹਾਂ ਜਨਤਕ ਰੇਤ ਖੱਡਾਂ ਦੀ ਮਦਦ ਨਾਲ ਵੱਡੀ ਪੱਧਰ ‘ਤੇ ਆਮ ਲੋਕ ਖ਼ੁਦ ਰੇਤ ਦੀ ਖੁਦਾਈ ਕਰਕੇ ਵੇਚ ਸਕਦੇ ਹਨ, ਜਿਸ ਨਾਲ ਬਾਜ਼ਾਰ ਵਿੱਚ ਰੇਤ ਦੀ ਸਪਲਾਈ ਵਧੇਗੀ ਅਤੇ ਰੇਤ ਦੇ ਮਾਰਕੀਟ ਰੇਟ ਵੀ ਘਟਣਗੇ।
ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਕਿਹਾ ਕਿ ਇਹ ਖੱਡ ਸ਼ੁਰੂ ਹੋਣ ਨਾਲ ਲੋਕਾਂ ਨੂੰ ਵਾਜਬ ਕੀਮਤ ਉੱਤੇ ਰੇਤਾ ਮਿਲੇਗਾ।
ਇਹ ਜਨਤਕ ਖੱਡਾਂ ਮਜ਼ਦੂਰਾਂ ਰਾਹੀਂ ਮੈਨੁਅਲ ਚਲਾਈਆਂ ਜਾਣਗੀਆਂ ਅਤੇ ਭਰਾਈ ਦਾ ਮੁੱਲ ਟਰੈਕਟਰ ਟਰਾਲੀ ਚਾਲਕਾਂ ਨੂੰ ਮਜ਼ਦੂਰਾਂ ਨੂੰ ਦੇਣਾ ਪਵੇਗਾ। ਇਸ ਮੌਕੇਂ ਵੱਡੀ ਗਿਣਤੀ ਵਿੱਚ ਆਮ ਲੋਕ ਵੀ ਹਾਜ਼ਰ ਸਨ।