ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਨੇ ਜ਼ਿਲ੍ਹਾ ਮੋਹਾਲੀ ਦੀਆਂ ਸਰਗਰਮ ਯੂਥ ਕਲੱਬਾਂ ਨੂੰ ਗ੍ਰਾਂਟ ਰਿਲੀਜ਼ ਕੀਤੀ

Punjab

ਸਾਹਿਬਜ਼ਾਦਾ ਅਜੀਤ ਸਿੰਘ ਨਗਰ,  5 ਜਨਵਰੀ:

ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤੇ ਡਾਇਰੈਕਟੋਰੇਟ ਆਫ ਯੁਵਕ ਸੇਵਾਵਾਂ ਪੰਜਾਬ ਵੱਲੋਂ ਜ਼ਿਲ੍ਹੇ ਭਰ ਵਿਚੋਂ ਸਰਗਰਮ (ਐਕਟਿਵ) ਕਲੱਬਾਂ
ਦੀ ਕੀਤੀ ਗਈ ਚੋਣ ਉਪਰੰਤ, ਇਨ੍ਹਾਂ ਕਲੱਬਾਂ ਨੂੰ ਆਪਣੇ ਕਲੱਬ ਪੱਧਰ ਤੇ ਸਮਾਜਿਕ ਗਤੀਵਿਧੀਆਂ ਨੂੰ ਜਾਰੀ ਰੱਖਣ ਲਈ ਅੱਜ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਵੱਲੋਂ ਪ੍ਰਤੀ ਕਲੱਬ 50,000/- ਰੁਪਏ ਦੀ ਗ੍ਰਾਂਟ ਰਾਸ਼ੀ ਰਿਲੀਜ਼ ਕੀਤੀ ਗਈ। ਇਹ ਗ੍ਰਾਂਟ ਰਾਸ਼ੀ 13 ਕਲੱਬਾਂ ਨੂੰ ਰਿਲੀਜ਼ ਕੀਤੀ ਗਈ। 
     ਇਸ ਮੌਕੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਸਮਾਜਿਕ ਕਦਰਾਂ-ਕੀਮਤਾਂ ਦੀ ਰਖਵਾਲੀ ਕਰਨਾ ਕਲੱਬਾਂ ਦਾ ਮੁੱਢਲਾ ਫਰਜ ਹੈ। ਉਨ੍ਹਾਂ ਪਿੰਡ ਪੱਧਰ ਤੇ ਸਮਾਜਿਕ ਕਾਰਜਾਂ ਵਿੱਚ ਨੌਜਵਾਨਾਂ ਨੂੰ ਦਿਲਚਸਪੀ ਲੈਣ ਅਤੇ ਮੋਹਰੀ ਰੋਲ ਅਦਾ ਕਰਨ ਲਈ ਆਖਿਆ। ਉਨ੍ਹਾਂ ਨੇ ਕਲੱਬਾਂ ਨੂੰ ਨੌਜੁਆਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਅਤੇ ਸਮਾਜ ਸੇਵੀ ਗਤੀਵਿਧੀਆਂ ਰਾਹੀਂ ਉਸਾਰੂ ਗਤੀਵਿਧੀਆਂ ਚ ਹਿੱਸਾ ਲੈਣ ਲਈ ਪ੍ਰੇਰਨ ਲਈ ਆਖਿਆ। ਉਨ੍ਹਾਂ ਦੱਸਿਆ ਕਿ ਚੰਗੀ ਕਾਰਗੁਜ਼ਾਰੀ ਵਾਲੇ ਕਲੱਬਾਂ ਨੂੰ ਅੱਜ ਕੁੱਲ 6,25,000/- ਰੁਪਏ ਦੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਭਵਿੱਖ ਵਿੱਚ ਵੀ ਸਹਾਇਤਾ ਗ੍ਰਾਂਟ ਰਾਸ਼ੀ ਦਿੱਤੀ ਜਾਵੇਗੀ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਭਾਗੀਦਾਰ ਬਣਨ ਦੀ ਅਪੀਲ ਵੀ ਕੀਤੀ।
     ਇਸ ਮੌਕੇ ਸਰਬਜੀਤ ਸਿੰਘ ਮੌਜੂਦਾ ਮਿਊਂਸਪਲ ਕੌਂਸਲਰ ਅਤੇ ਯੂਥ ਆਗੂ ਨੇ ਵੀ ਨੋਜਵਾਨਾਂ ਨੂੰ ਸੰਬੋਧਿਤ ਕੀਤਾ ਅਤੇ ਭਵਿੱਖ ਵਿੱਚ ਯੁਵਕ ਸੇਵਾਵਾਂ ਵਿਭਾਗ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਹਰਪਾਲ ਸਿੰਘ ਚੰਨਾ ਬਲਾਕ ਪ੍ਰਧਾਨ ਅਤੇ ਲੱਕੀ ਨਗਾਰੀ ਯੂਥ ਆਗੂ ਵੀ ਹਾਜ਼ਰ ਸਨ। ਡਾ. ਮਲਕੀਤ ਸਿੰਘ ਮਾਨ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਨੇ ਦੱਸਿਆ ਕਿ ਨੌਜਵਾਨ ਯੂਥ ਨੂੰ ਨਸ਼ਿਆਂ ਆਦਿ ਤੋਂ ਦੂਰ ਰੱਖਣ ਲਈ ਪਿੰਡ ਪੱਧਰ ਤੇ ਟੂਰਨਾਮੈਂਟ, ਪ੍ਰੋਗਰਾਮਾਂ ਆਦਿ ਲਈ ਗ੍ਰਾਂਟ ਜਾਰੀ ਕਰਨਾ ਪੰਜਾਬ ਸਰਕਾਰ ਦਾ ਇਹ ਬਹੁਤ ਕਾਰਗਰ ਉਪਰਾਲਾ ਹੈ। 
ਇਸ ਮੌਕੇ ਯੁਵਕ ਸੇਵਾਵਾਂ ਕਲੱਬ ਫੇਜ-11 ਮੁਹਾਲੀ  ਹਰਪ੍ਰੀਤ ਸਿੰਘ, ਡਾ. ਬੀ.ਆਰ. ਅੰਬੇਦਕਰ ਯੁਵਕ ਸੇਵਾਵਾਂ ਕਲੱਬ ਖਰੜ ਡਾ. ਰਘਬੀਰ ਸਿੰਘ, ਯੁਵਕ ਸੇਵਾਵਾਂ ਕਲੱਬ ਕੰਬਾਲਾ ਰਘਬੀਰ ਸਿੰਘ, ਯੁਵਕ ਸੇਵਾਵਾਂ ਕਲੱਬ ਬਠਲਾਣਾ ਰਣਜੀਤ ਸਿੰਘ, ਯੁਵਕ ਸੇਵਾਵਾਂ ਕਲੱਬ ਫਤਿਹਗੜ੍ਹ, ਇੰਦਰਪ੍ਰੀਤ ਸਿੰਘ ਯੁਵਕ ਸੇਵਾਵਾਂ ਕਲੱਬ ਮੱਛਲੀ ਕਲਾਂ ਸੰਦੀਪ ਕੁਮਾਰ, ਯੁਵਕ ਸੇਵਾਵਾਂ ਕਲੱਬ ਨਵੀਪੁਰ ਜਗਜੀਵਨ ਰਾਮ, ਯੁਵਕ ਸੇਵਾਵਾਂ ਕਲੱਬ ਗੁਡਾਣਾ ਜਗਤਾਰ ਸਿੰਘ, ਯੁਵਕ ਸੇਵਾਵਾਂ ਕਲੱਬ ਸੋਤਲ ਤੋਂ ਮੋਹਨ ਸਿੰਘ, ਯੁਵਕ ਸੇਵਾਵਾਂ ਕਲੱਬ ਰੋੜਾ ਤੋਂ ਪ੍ਰਧਾਨ ਮਨਪ੍ਰੀਤ ਸਿੰਘ ਅਦਿ ਨੇ ਗ੍ਰਾਂਟ ਰਾਸ਼ੀ ਦੇ ਚੈੱਕ ਪ੍ਰਾਪਤ ਕੀਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚਰਨਜੀਤ ਕੌਰ ਸਟੈਨੋ ਅਤੇ ਗੁਰਵਿੰਦਰ ਸਿੰਘ ਕਲੱਬ ਪ੍ਰਧਾਨ ਆਦਿ ਹਾਜ਼ਰ ਸਨ।