ਪੀ.ਏ.ਯੂ. ਕਿਸ਼ੀ ਵਿਗਿਆਨ ਕੇਂਦਰ, ਸ਼੍ਰੀ ਮੁਕਤਸਰ ਸਾਹਿਬ ਵੱਲੋਂ ਖੇਤੀਬਾੜੀ ਪਸਾਰ ਕਰਮੀਆਂ ਲਈ ਇੱਕ ਰੋਜਾ ਸਿਖਲਾਈ ਕੋਰਸ ਲਗਾਇਆ ਗਿਆ

Sri Muktsar Sahib

ਸ੍ਰੀ ਮੁਕਤਸਰ ਸਾਹਿਬ 24 ਜੁਲਾਈ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸ਼ੀ ਵਿਗਿਆਨ ਕੇਂਦਰ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਬੀਤੇ ਦਿਨੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਸ਼੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਵੱਖ—ਵੱਖ ਬਲਾਕਾਂ ਦੇ 15 ਪਸਾਰ ਕਰਮੀਆਂ ਲਈ ਇੱਕ ਰੋਜਾ ਸਿਖਲਾਈ ਕੋਰਸ ਦਾ ਆਯੋਜਨ ਕੀਤਾ ਗਿਆ। ਇਸ ਕੋਰਸ ਦੌਰਾਨ ਡਾ. ਮਨਜੀਤ ਕੌਰ ਸਹਾਇਕ ਪ੍ਰੋਫੈਸਰ (ਭੂਮੀ ਵਿਗਿਆ) ਵੱਲੋਂ ‘ਸਿੰਚਾਈ ਲਈ ਪਾਣੀ ਦੀ ਜਾਂਚ, ਮਾੜੇ ਪਾਣੀਆਂ ਦੀ ਯੋਗ ਵਰਤੋਂ ਅਤੇ ਖੇਤੀ ਵਰਤੋਂ ਲਈ ਪਾਣੀ ਦੀ ਪਰਖ ਕਰਵਾਉਣ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਸਿਖਲਾਈ ਦੌਰਾਨ ਧਰਤੀ ਹੇਠਲੇ ਪਾਣੀ ਦੀ ਜਾਂਚ ਲਈ ਨਮੂਨੇ ਲੈਣ ਦੀ ਸਹੀ ਢੰਗ ਅਤੇ ਪਾਣੀ ਦੀ ਗੁਣਵੱਤਾ ਦੀ ਜਾਂਚ ਲਈ ਵਰਤੇ ਜਾਣ ਵਾਲੇ ਪੈਮਾਨਿਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ।
ਡਾ. ਵਿਵੇਕ ਕੁਮਾਰ, ਸਹਾਇਕ ਪ੍ਰੋਫੈਸਰ (ਫਸਲ ਵਿਗਿਆਨ) ਨੇ ਪਸਾਰ ਕਰਮੀਆਂ ਨੂੰ ਝੋਨੇ ਅਤੇ ਨਰਮੇ ਦੀਆਂ ਫਸਲਾਂ ਵਿੱਚ ਨਦੀਨਾਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਸਾਉਣੀ ਦੀਆਂ ਫਸਲਾਂ ਵਿੱਚ ਖਾਦ ਪ੍ਰਬੰਧਨ ਬਾਰੇ ਦੱਸਿਆ।
ਡਾ. ਗੁਰਮੇਲ ਸਿੰਘ ਸੰਧੂ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਨੇ ਨਰਮੇ ਦੀ ਫਸਲ ਵਿੱਚ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਤੋਂ ਫਸਲ ਨੂੰ ਬਚਾਉਣ ਬਾਰੇ ਚਰਚਾ ਕਰਦਿਆਂ ਲਗਾਤਾਰ ਫਸਲ ਦਾ ਸਰਵੇਖਣ ਕਰਨ ਤੇ ਜ਼ੋਰ ਦਿੱਤਾ ਅਤੇ ਆਰਥਿਕ ਕਗਾਰ ਤੋਂ ਜ਼ਿਆਦਾ ਗਿਣਤੀ ਵਾਲੇ ਖੇਤਾਂ ਵਿੱਚ ਸਿਫਾਰਿਸ਼ ਕੀਟਨਾਸ਼ਕਾਂ ਦੇ ਛਿੜਕਾਅ ਕਰਨ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਝੋਨੇ ਦੀਆਂ ਬਿਮਾਰੀਆਂ ਦੀ ਰੋਕਥਾਮ ਦੇ ਵੱਖ—ਵੱਖ ਨੁਕਤਿਆਂ ਤੋਂ ਜਾਣੂ ਕਰਵਾਇਆ। ਸਿਖਲਾਈ ਦੌਰਾਨ ਸਟੇਜ ਦੀ ਕਾਰਵਾਈ ਚਲਾਉਂਦਿਆਂ ਡਾ. ਗੁਰਵਿੰਦਰ ਸਿੰਘ, ਸਹਾਇਕ ਪ੍ਰੋਫੈਸਰ (ਪਸਾਰ ਸਿੱਖਿਆ) ਨੇ ਖੇਤੀਬਾੜੀ ਵਿਭਾਗ ਅਤੇ ਪੀ.ਏ.ਯੂ. ਦੀ ਆਪਸੀ ਸਾਂਝ ਦਾ ਮਹੱਤਵ ਅਤੇ ਯੂਨੀਵਰਸਿਟੀ ਵੱਲੋਂ ਪਸਾਰ ਲਈ ਅਪਣਾਏ ਜਾ ਰਹੇ ਆਧੁਨਿਕ ਤਰੀਕਿਆਂ ਬਾਰੇ ਦੱਸਿਆ। ਇਸ ਦੇ ਨਾਲ ਹੀ ਉਨ੍ਹਾਂ ਸਿਖਲਾਈ ਵਿੱਚ ਹਿੱਸਾ ਲੈ ਰਹੇ ਸਮੂਹ ਅਧਿਕਾਰੀਆਂ ਦਾ ਧੰਨਵਾਦ ਕੀਤਾ।
ਸਿਖਲਾਈ ਦੌਰਾਨ ਸਿਖਿਆਰਥੀਆਂ ਨੇ ਮਿੱਟੀ ਅਤੇ ਪਾਣੀ ਪਰਖ ਪ੍ਰਯੋਗਸ਼ਾਲਾ ਦਾ ਦੌਰਾ ਕੀਤਾ ਅਤੇ ਪਾਣੀ ਦੀ ਪਰਖ ਸਬੰਧੀ ਅਪਣਾਈਆਂ ਜਾਂਦੀਆਂ ਵੱਖ—ਵੱਖ ਵਿਧੀਆਂ ਬਾਰੇ ਬਰੀਕੀ ਨਾਲ ਜਾਣਕਾਰੀ ਹਾਸਲ ਕੀਤੀ।
ਇਸ ਮੌਕੇ ਡਾ. ਵਿਵੇਕ ਸ਼ਰਮਾ, ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ) ਅਤੇ ਡਾ. ਸੁਖਜਿੰਦਰ ਸਿੰਘ ਮਾਨ, ਸਹਾਇਕ ਪ੍ਰੋਫੈਸਰ (ਫਲ ਵਿਗਿਆਨ) ਨੇ ਆਪਣੇ ਵਿਸ਼ੇ ਨਾਲ ਸਬੰਧਤ ਸਵਾਲਾਂ ਦੇ ਜਵਾਬ ਵੀ ਦਿੱਤੇ।