ਬਰਨਾਲਾ, 29 ਜੂਨ-    ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਜਿੱਥੇ ਕਰੋੜਾਂ ਰੁਪਏ ਦੀ ਲਾਗਤ ਨਾਲ ਪਿੰਡਾਂ ਵਿਚ ਖੇਡ ਮੈਦਾਨ ਬਣਾਏ ਗਏ, ਓਥੇ ਪਿੰਡਾਂ ਵਿਚ ਜਿਮ ਦਿੱਤੇ ਗਏ ਹਨ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਨਸ਼ਾ ਮੁਕਤ ਅਤੇ ਸਿਹਤਮੰਦ ਹੋਵੇ।

ਇਹ ਪ੍ਰਗਟਾਵਾ ਲੋਕ ਸਭਾ ਮੈਂਬਰ ਸੰਗਰੂਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਪਿੰਡ ਭੂਰੇ ਵਿਚ ਜਿਮ ਦੇ ਉਦਘਾਟਨ ਮੌਕੇ ਕੀਤਾ। ਓਹਨਾਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵਲੋਂ ਕੱਲ ਸੂਬੇ ਵਿਚ 500 ਪੇਂਡੂ ਜਿਮ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ ਜਿਨ੍ਹਾਂ ਵਿਚ ਪਹਿਲੇ ਪੜਾਅ ਵਿੱਚ ਜ਼ਿਲ੍ਹਾ ਬਰਨਾਲਾ ਵਿੱਚ 25 ਪਿੰਡਾਂ ਵਿਚ ਆਧੁਨਿਕ ਜਿਮ ਲੋਕ ਅਰਪਿਤ ਕੀਤੇ ਗਏ ਹਨ ਜਿਨ੍ਹਾਂ ਵਿਚ ਹਲਕਾ ਬਰਨਾਲਾ ਦੇ 11 ਪਿੰਡ ਸ਼ਾਮਲ ਹਨ।

ਓਹਨਾਂ ਦੱਸਿਆ ਕਿ ਇਨ੍ਹਾਂ ਵਿਚ ਪਿੰਡ ਭੈਣੀ ਮਹਿਰਾਜ, ਝਲੂਰ, ਹਰੀਗੜ੍ਹ, ਦਾਨਗੜ੍ਹ, ਪੱਤੀ ਸੇਖਵਾਂ, ਉਪਲੀ, ਸੇਖਾ, ਨੰਗਲ, ਭੂਰੇ, ਬਡਬਰ, ਭੱਠਲਾਂ, ਨਾਈਵਾਲ, ਗਿੱਲ ਪੱਤੀ ਮੌੜ, ਉੱਗੋਕੇ, ਸੁਖਪੁਰਾ, ਮਹਿਤਾ, ਜੰਗੀਆਣਾ, ਬਦਰਾ, ਅਲਕੜਾ, ਪੰਧੇਰ, ਅਸਪਾਲ ਕਲਾਂ, ਭੈਣੀ ਜੱਸਾ, ਰੂੜੇਕੇ ਕਲਾਂ, ਪਿਰਥਾ ਪੱਤੀ ਧੂਰਕੋਟ, ਧੌਲਾ ਹਨ ਜਿੱਥੇ ਪਹਿਲੇ ਪੜਾਅ ਵਿੱਚ ਜਿਮ ਦਿੱਤੇ ਗਏ ਹਨ। ਇਨ੍ਹਾਂ ਜਿਮਾਂ ਵਿੱਚ ਬਹੁਤ ਹੀ ਉੱਚ ਗੁਣਵੱਤਾ ਵਾਲਾ ਸਮਾਂ ਦਿੱਤਾ ਗਿਆ ਹੈ ਜਿਨ੍ਹਾਂ ਵਿਚ ਬਾਰਬੈੱਲ ਅਤੇ ਵੇਟ ਸੈੱਟ, ਡਮਬੈੱਲ ਸੈੱਟ, ਬੈਂਚ ਸੈੱਟ, ਰੈਕ ਸੈੱਟ, ਫਲੋਰ ਮੈਟ, ਕੈਟਲ ਬੈੱਲ ਸੈੱਟ ਦਿੱਤੇ ਗਏ ਹਨ।

ਓਹਨਾਂ ਕਿਹਾ ਕਿ ਇਸ ਤੋਂ ਇਲਾਵਾ ਜ਼ਿਲ੍ਹੇ ਵਿਚ 25 ਕਰੋੜ ਦੀ ਲਾਗਤ ਨਾਲ 94 ਖੇਡ ਮੈਦਾਨ ਬਣਾਉਣ ਦਾ ਟੀਚਾ ਹੈ ਜਿਨ੍ਹਾਂ ਵਿਚ 15 ਖੇਡ ਮੈਦਾਨ ਮੁਕੰਮਲ ਹਨ ਅਤੇ ਬਾਕੀਆਂ ਦਾ ਕੰਮ ਚੱਲ ਰਿਹਾ ਹੈ।

ਓਹਨਾਂ ਕਿਹਾ ਕਿ ਮਾਨ ਸਰਕਾਰ ਵਲੋਂ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਸਭ ਤੋਂ ਵੱਧ ਖੇਡ ਬਜਟ ਰੱਖਿਆ ਗਿਆ। 1,791 ਕਰੋੜ ਰੁਪਏ ਦੇ ਰਿਕਾਰਡ ਖੇਡ ਬਜਟ ਦੇ ਸਹਿਯੋਗ ਨਾਲ ਸੂਬਾ ਸਰਕਾਰ ਪੰਜਾਬ ਭਰ ਵਿੱਚ 3,000 ਆਧੁਨਿਕ ਪੇਂਡੂ ਜਿੰਮ ਬਣਾਏ ਜਾ ਰਹੇ ਹਨ ਅਤੇ 3,100 ਖੇਡ ਮੈਦਾਨ ਵਿਕਸਤ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਇਹ ਪੇਂਡੂ ਜਿਮ ਨੌਜਵਾਨਾਂ ਦੇ ਸਿਹਤਮੰਦ ਤੇ ਰੌਸ਼ਨ ਭਵਿੱਖ ਦੀ ਨੀਂਹ ਹਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਅਤੇ ਸਿਹਤਮੰਦ ਰੱਖਣ ਦਾ ਉਪਰਾਲਾ ਹੈ।

ਇਸ ਦੌਰਾਨ ਵਿਧਾਇਕ ਭਦੌੜ ਸ. ਲਾਭ ਸਿੰਘ ਉੱਗੋਕੇ ਤਰਫੋਂ ਮਾਰਕੀਟ ਕਮੇਟੀ ਚੇਅਰਮੈਨ ਅੰਮ੍ਰਿਤ ਢਿੱਲਵਾਂ ਨੇ ਪਿੰਡ ਬਦਰਾ ਵਿਚ ਪੇਂਡੂ ਜਿਮ ਦਾ ਉਦਘਾਟਨ ਕੀਤਾ। ਓਹਨਾਂ ਕਿਹਾ ਕਿ ਵਿਧਾਇਕ ਲਾਭ ਸਿੰਘ ਉੱਗੋਕੇ ਦੀ ਅਗਵਾਈ ਹੇਠ ਪਹਿਲੇ ਪੜਾਅ ਵਿੱਚ ਹਲਕਾ ਭਦੌੜ ਵਿਚ 13 ਪਿੰਡਾਂ ਨੂੰ ਜਿਮ ਦਿੱਤੇ ਗਏ ਹਨ, ਜਿਸ ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਸਿਹਤਮੰਦ ਬਣਾਉਣ ਦੇ ਯਤਨਾਂ ਨੂੰ ਬੂਰ ਪਵੇਗਾ।