ਕੋਟਕਪੂਰਾ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਵਿੱਚ ਵਾਧਾ ਕਰਨ ਲਈ 12 ਕਰੋੜ ਰੁਪਏ ਖਰਚੇ ਜਾਣਗੇ- ਸੰਧਵਾਂ

Politics Punjab

ਕੋਟਕਪੂਰਾ 17 ਫਰਵਰੀ

ਕੋਟਕਪੂਰਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਵਿੱਚ ਵਾਧਾ ਕਰਨ ਲਈ 12 ਕਰੋੜ ਰੁਪਏ ਦੀ ਹੋਰ ਰਾਸ਼ੀ ਖਰਚ ਕੀਤੀ ਜਾਵੇਗੀ। ਇਹ ਜਾਣਕਾਰੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਸਥਾਨਕ ਨਗਰ ਕੌਂਸਲ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸ਼ਹਿਰ ਦੇ ਵਿਕਾਸ ਕਾਰਜਾਂ ਸਬੰਧੀ ਮੀਟਿੰਗ ਉਪਰੰਤ ਦਿੱਤੀ। ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਕੋਟਕਪੂਰਾ ਵਿਧਾਨ ਸਭਾ ਹਲਕੇ ਦੇ ਹੋਣ ਵਾਲੇ ਅਤੇ ਹੋ ਰਹੇ ਵਿਕਾਸ ਕਾਰਜਾਂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ। 

ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕੋਟਕਪੂਰਾ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਤੇ ਇਸ ਲਈ ਮੁਕਤਸਰ ਰੋਡ, ਮੋਗਾ ਰੋਡ, ਸਿੱਖਾਂਵਾਲਾ ਰੋਡ ਸਮੇਤ ਹੋਰ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਦੀ 31 ਕਿਲੋਮੀਟਰ ਦੇ ਕਰੀਬ ਪਾਈਪ ਲਾਈਨ ਵਿਛਾਈ ਜਾਵੇਗੀ ਜਿਸ ਤੇ 12 ਕਰੋੜ ਰੁਪਏ ਖਰਚ ਆਏਗਾ ਤੇ ਇਸ ਕੰਮ ਦੇ ਟੈਂਡਰ ਲਗਾ ਦਿੱਤੇ ਗਏ ਹਨ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਦੀ ਕਿੱਲਤ ਦੂਰ ਕਰਨ ਲਈ ਵੱਖ-ਵੱਖ ਵਾਟਰ ਸਪਲਾਈ ਸਕੀਮਾਂ ਦੀ ਸਮਰੱਥਾ ਹੋਰ ਵਧਾਈ ਜਾਵੇ।

ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੋਟਕਪੂਰਾ ਨਗਰ ਕੌਂਸਲ ਅਧੀਨ ਇਲਾਕੇ ਨੂੰ ਹੋਰ ਵਧਾਉਣ ਲਈ ਮਤਾ ਪਾ ਕੇ ਪੰਜਾਬ ਸਰਕਾਰ ਨੂੰ ਭੇਜਿਆ ਜਾਵੇ ਤਾਂ ਜੋ ਨਾਲ ਲੱਗਦੇ ਇਲਾਕਿਆਂ ਨੂੰ ਨਗਰ ਕੌਂਸਲ ਅਧੀਨ ਲਿਆ ਕੇ ਉਨ੍ਹਾਂ ਦਾ ਹੋਰ ਵਿਕਾਸ ਕੀਤਾ ਜਾ ਸਕੇ ਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹਈਆ ਕਰਵਾਈਆਂ ਜਾ ਸਕਣ। ਉਨ੍ਹਾਂ ਸ਼ਹਿਰ ਵਿਚਲੇ ਛੱਪੜਾਂ ਦੀ ਨਿਸ਼ਾਨਦੇਹੀ ਕਰਵਾਉਣ ਉਪਰੰਤ ਉਨ੍ਹਾਂ ਦੀ ਸਾਫ ਸਫਾਈ ਤੇ ਸੁੰਦਰਤਾ ਵਧਾਉਣ ਦੀ ਵੀ ਹਦਾਇਤ ਕੀਤੀ ਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਅਧੀਨ ਗਰੀਬ ਤਬਕੇ ਦੇ ਲੋਕਾਂ ਨੂੰ ਰਿਹਾਇਸ਼ੀ ਮਕਾਨ ਬਣਾਉਣ ਦੀ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ ਦੀ ਹਦਾਇਤ ਕੀਤੀ।

ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਪਾਰਕਿੰਗ ਦੀ ਸਮੱਸਿਆ ਦੇ ਹੱਲ ਲਈ ਮਕੈਨੀਕਲ ਪਾਰਕਿੰਗ ਬਣਾਈ ਜਾਵੇਗੀ। ਜਿਸ ਤਹਿਤ ਘੱਟ ਥਾਂ ਤੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਬਹੁ-ਮੰਜਲੀ ਪਾਰਕਿੰਗ ਬਣਾ ਕੇ ਇਸ ਸਮੱਸਿਆ ਨੂੰ ਹੱਲ ਕੀਤਾ ਜਾਵੇਗਾ। ਉਨ੍ਹਾਂ ਸਿੱਖਾਂ ਵਾਲਾ ਰੋਡ ਤੇ ਇੰਟਰਲਾਕਿੰਗ ਸ਼ੁਰੂ ਕਰਵਾਉਣ, ਰਜਿਸਟਰੀਆਂ ਦੇ ਕੰਮ ਵਿੱਚ ਤੇਜ਼ੀ ਲਿਆਉਣ ਤੇ ਨਜਾਇਜ਼ ਕਬਜ਼ੇ ਹਟਾਉਣ ਲਈ ਵੀ ਅਧਿਕਾਰੀਆਂ ਨੂੰ ਹਦਾਇਤ ਦਿੱਤੀ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਸਬ-ਡਵੀਜ਼ਨ ਕੰਪਲੈਕਸ ਲਈ ਥਾਂ ਦੀ ਚੋਣ ਕਰਕੇ ਇਸ ਤੇ ਜਲਦੀ ਕੰਮ ਸ਼ੁਰੂ ਕੀਤਾ ਜਾਵੇ।

 ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਨੇ ਕਿਹਾ ਕਿ ਸਾਰੇ ਅਧਿਕਾਰੀ ਮਾਨਯੋਗ ਸਪੀਕਰ ਵੱਲੋਂ ਦਿੱਤੇ ਗਏ ਆਦੇਸ਼ਾਂ ਅਨੁਸਾਰ ਆਪਣੇ-ਆਪਣੇ ਵਿਭਾਗ ਦੇ ਕੰਮ ਸਮਾਂਬੱਧ ਮੁਕੰਮਲ ਕਰਵਾਉਣਗੇ ਅਤੇ ਵਿਕਾਸ ਦੇ ਕੰਮਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਤਹਿਸੀਲ ਵਿੱਚ ਰਜਿਸਟਰੀਆਂ ਸਮੇਂ ਸਿਰ ਕਰਨ ਦੇ ਵੀ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਦੋ ਸਾਲ ਪਹਿਲਾਂ ਇੰਪਰੂਵਮੈਂਟ ਟਰੱਸਟ ਭੰਗ ਕਰ ਦਿੱਤਾ ਗਿਆ ਸੀ, ਉਨ੍ਹਾਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਇੰਪਰੂਵਮੈਂਟ ਟਰੱਸਟ ਦੀ ਪ੍ਰਾਪਰਟੀ ਆਪਣੇ ਅਧਿਕਾਰ ਵਿੱਚ ਲੈਣ ਲਈ ਕਿਹਾ ਤਾਂ ਜੋ ਕੋਈ ਇਸ ਤੇ ਨਜਾਇਜ਼ ਕਬਜ਼ਾ ਨਾ ਕਰ ਸਕੇ। 

ਇਸ ਮੌਕੇ ਐਸ.ਡੀ.ਐਮ ਕੋਟਕਪੂਰਾ ਸ਼੍ਰੀ ਵਰਿੰਦਰ ਸਿੰਘ, ਚੇਅਰਮੈਨ ਸ.ਗੁਰਮੀਤ ਸਿੰਘ ਆਰੇਵਾਲਾ, ਸ. ਅਮਰਿੰਦਰ ਸਿੰਘ ਈ.ਓ ਨਗਰ ਕੌਂਸਲ ਕੋਟਕਪੂਰਾ,ਸ੍ਰੀ ਲਵਕੇਸ਼ ਕੁਮਾਰ ਐਸ.ਡੀ.ਓ ਸੀਵਰੇਜ ਬੋਰਡ, ਸ. ਸੁਖਜੀਤ  ਸਿੰਘ ਜੇ.ਈ, ਪ੍ਰਵੇਸ਼ ਕੁਮਾਰ ਜੇ.ਈ, ਸੁਖਦੀਪ ਸਿੰਘ, ਜੇ.ਈ, ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।