ਕੋਟਕਪੂਰਾ 10 ਮਾਰਚ,2024
ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਕੋਟਕਪੂਰਾ ਵਿਖੇ ਸ਼੍ਰੀ ਬਾਲਾਜੀ ਰਸੋਈ (ਰੋਟੀ ਬੈਂਕ) ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਭੁੱਖੇ ਨੂੰ ਭੋਜਨ ਅਤੇ ਪਿਆਸੇ ਨੂੰ ਪਾਣੀ ਦੀ ਸੇਵਾ ਸਭ ਤੋਂ ਓੱਤਮ ਸੇਵਾ ਹੈ, ਸ਼੍ਰੀ ਬਾਲਾ ਜੀ ਲੰਗਰ ਸੇਵਾ ਸੰਮਤੀ ਦੇ ਸਮੂਹ ਅਹੁਦੇਦਾਰ ਇਸ ਕਾਰਜ ਲਈ ਵਧਾਈ ਦੇ ਪਾਤਰ ਹਨ, ਉਹਨਾਂ ਇਸ ਸੇਵਾ ਕਾਰਜ ਲਈ 51000 ਰੁਪਏ ਦੇਣ ਦਾ ਐਲਾਨ ਕੀਤਾ।
ਸਪੀਕਰ ਸੰਧਵਾਂ ਨੇ ਪਿੰਡ ਢਿੱਲਵਾਂ ਵਿਖੇ ਮਨਦੀਪ ਸਿੰਘ ਪੁੱਤਰ ਸ. ਹਰਜੀਤ ਸਿੰਘ ਕੰਡਿਆਰਾ ਦੇ ਗ੍ਰਹਿ ਵਿਖੇ, ਗੁਰਦੁਆਰਾ ਮਾਤਾ ਦਇਆ ਕੌਰ ਪਿੰਡ ਸੰਧਵਾਂ ਵਿਖੇ,ਪਿੰਡ ਕੋਠੇ ਥੇਹ ਬਲਾਕ ਕੋਟਕਪੂਰਾ ਵਿਖੇ ਸ. ਕੁਲਜੀਤ ਸਿੰਘ ਵਿਰਕ ਦੇ ਗ੍ਰਹਿ ਵਿਖੇ ਅਖੰਡ ਪਾਠ ਵਿੱਚ ਵੀ ਸ਼ਿਰਕਤ ਕੀਤੀ।
ਇਸ ਉਪਰੰਤ ਉਨ੍ਹਾਂ ਗੁਰਦੁਆਰਾ ਸਾਹਿਬ ਪਿੰਡ ਡੱਗੂ ਰੋਮਾਣਾ ਵਿਖੇ ਅਖੰਡ ਪਾਠ ਵਿੱਚ ਵੀ ਸ਼ਿਰਕਤ ਕੀਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ।
ਸਪੀਕਰ ਸੰਧਵਾਂ ਨੇ ਦੱਸਿਆ ਕਿ ਪਿੰਡ ਡੱਗੋ ਰੋਮਾਣਾ,ਰੱਤੀ ਰੋੜੀ ਆਦਿ ਪਿੰਡਾਂ ਦੇ ਵਿੱਚ ਖੇਤੀ ਦੀ ਸਿੰਜਾਈ ਦੇ ਲਈ ਪਾਈਪ ਲਾਈਨਾਂ ਪਾਈਆਂ ਗਈਆਂ ਹਨ ਤਾਂ ਕਿ ਟੇਲਾਂ ਤੱਕ ਪਾਣੀ ਪੁੱਜਦਾ ਹੋ ਸਕੇ। ਇਹ ਕੰਮ ਮੁਕੰਮਲ ਹੋਣ ਤੇ ਪਿੰਡ ਵਾਸੀਆਂ ਵੱਲੋਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਹਨ।
ਉਨ੍ਹਾਂ ਕਿਹਾ ਕਿ ਹਲਕੇ ਵਿੱਚ ਹੁਣ ਤੱਕ ਲਗਭਗ 7 ਕਰੋੜ ਰੁਪਏ ਦੀਆਂ ਪਾਈਪਾਂ ਦਾ ਕੰਮ ਕਰਵਾਇਆ ਜਾ ਚੁੱਕਾ ਹੈ ਅਤੇ ਭਵਿੱਖ ਵਿੱਚ ਵੀ ਵਿਕਾਸ ਦੇ ਕੰਮ ਜਾਰੀ ਰਹਿਣਗੇ।
ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਆਮ ਲੋਕਾਂ ਦੁਆਰਾ ਹੀ ਚੁਣੀ ਗਈ ਹੈ ਇਸ ਲਈ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਹੀ ਇਸ ਪਾਰਟੀ ਦਾ ਮੁੱਖ ਮੰਤਵ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕ ਭਲਾਈ ਦੇ ਕੰਮਾਂ ਦੇ ਨਾਲ ਨਾਲ ਸਿੱਖਿਆ, ਸਿਹਤ ਅਤੇ ਵਿਕਾਸ ਪ੍ਰੋਜੈਕਟਾਂ ਨੂੰ ਵੀ ਤਰਜੀਹ ਦਿੱਤੀ ਗਈ ਹੈ ।