ਵੋਟਰਾਂ ਨੂੰ ਵੰਡੇ ਗਏ ‘ਹੱਥ ਲਿਖਤ  ਸੱਦਾ ਪੱਤਰ’

Amritsar

ਅੰਮ੍ਰਿਤਸਰ 27 ਮਈ 2024–

ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫ਼ਸਰ ਸ੍ਰੀ ਘਨਸ਼ਾਮ ਥੋਰੀ ਦੀ ਦੇ ਦਿਸ਼ਾ ਨਿਦਰੇਸ਼ਾਂ ਤੇ ਅਗਾਮੀ ਲੋਕਸਭਾ ਚੋਣਾਂ-2024 ਵਿੱਚ ਆਮ ਲੋਕਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ ਜ਼ਿਲ੍ਹੇ ਦੇ ਕਈ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਗਏ ਹੱਥ ਲਿਖਤ ਵੋਟਰ ਸੱਦਾ ਪੱਤਰ ਵੋਟਰਾਂ ਨੂੰ ਵੰਡੇ ਗਏ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਟਾਰੀ ਵਿਧਾਨਸਭਾ ਹਲਕੇ ਦੇ ਨੋਡਲ ਅਫ਼ਸਰ ਪੀ ਡਬਲਿਊ ਡੀ ਸ਼੍ਰੀਮਤੀ ਸੰਤੋਸ਼ ਕੁਮਾਰੀ  ਨੇ ਦੱਸਿਆ ਕਿ ਇਸ ਗਤੀਵਿਧੀ ਦਾ ਮੁੱਖ ਟੀਚਾ ਬੱਚਿਆਂ ਰਾਹੀਂ ਸਮਾਜ ਵਿੱਚ ਚੋਣ ਜਾਗਰੂਕਤਾ ਫ਼ੈਲਾਉਣਾ ਹੈ।ਉਹਨਾਂ ਕਿਹਾ ਕਿ ਵਿਦਿਆਰਥੀਆਂ ਵਲੋਂ ਆਪਣੀ ਉਸਾਰੂ ਸੋਚ ਦਾ ਉਪਯੋਗ ਕਰਦੇ ਹੋਏ ਬਹੁਤ ਹੀ ਵਧੀਆ ਕਾਰਡ ਤਿਆਰ ਕੀਤੇ ਗਏ ਸਨ ਅਤੇ ਹੁਣ ਇਹ ਕਾਰਡ ਅੱਜ ਵੋਟਰਾਂ ਵਿੱਚ ਵੰਡੇ ਗਏ ਹਨ। ਉਹਨਾਂ ਕਿਹਾ ਕਿ ਭਾਰਤ ਦੁਨੀਆਂ ਦਾ ਸੱਭ ਤੋਂ ਵੱਡਾ ਲੋਕਤੰਤਰ ਹੈ ਅਤੇ ਸਾਨੂੰ ਸੱਭ ਨੂੰ ਇਸ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਚੋਣ ਕਮਿਸ਼ਨ ਵਲੋਂ ਇਸ ਬਾਰ ਦੇਸ਼ ਵਿੱਚ ਚੋਣਾਂ ਨੂੰ ਇੱਕ ਤਿਉਹਾਰ ਦੀ ਤਰ੍ਹਾਂ ਮਨਾਉਣ ਦਾ ਐਲਾਨ ਕੀਤਾ ਗਿਆ ਹੈ,ਇਸ ਲਈ ਹੁਣ ਸਾਡਾ ਫ਼ਰਜ ਬਣਦਾ ਹੈ ਕਿ ਅਸੀਂ ਚੋਣਾਂ ਦੇ ਇਸ ਤਿਉਹਾਰ ਵਿੱਚ ਵੱਧ ਚੜ੍ਹ ਕੇ ਭਾਗ ਲਈਏ।ਉਹਨਾਂ ਕਿਹਾ ਕਿ ਮੌਜੂਦਾ ਯੁਗ ਸੋਸ਼ਲ ਮੀਡੀਆ ਦਾ ਯੁਗ ਹੈ,ਇਸ ਲਈ ਲੋਕਾਂ ਨੂੰ ਜਿਲ੍ਹਾ ਪ੍ਰਸ਼ਾਸਨ ਵਲੋਂ ਬਣਾਏ ਗਏ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰਨਾ ਚਾਹੀਦਾ ਹੈ।ਉਹਨਾਂ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਇਸ ਵਾਰ ‘ਅਬ ਕੀ ਬਾਰ ਸੱਤਰ ਪ੍ਰਤੀਸ਼ਤ ਪਾਰ’ ਦਾ ਨਾਅਰਾ ਦਿੱਤਾ ਗਿਆ ਹੈ,ਇਸ ਲਈ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਵਿੱਚ ਭਾਗ ਲੈਣਾ ਚਾਹੀਦਾ ਹੈ।