ਫਾਜ਼ਿਲਕਾ 14 ਸਤੰਬਰ
ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਪ੍ਰੋਗਰਾਮ ਅਫਸਰ ਫਾਜ਼ਿਲਕਾ ਸ਼੍ਰੀਮਤੀ ਨਵਦੀਪ ਕੌਰ ਦੀ ਯੋਗ ਅਗਵਾਈ ਹੇਠ ਸੀ.ਡੀ.ਪੀ.ਓ ਅਬੋਹਰ 1 ਦੇ ਆਂਗਨਵਾੜੀ ਸੈਂਟਰਾਂ ਵਿਖੇ 30 ਸਤੰਬਰ 2024 ਤੱਕ ਪੋਸ਼ਣ ਮਹੀਨਾ ਮਨਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪੋਸ਼ਣ ਅਭਿਆਨ ਸਕੀਮ ਦੇ ਤਹਿਤ ਅਨੀਮੀਆ ਅਤੇ ਕੂਪੋਸ਼ਣ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਆਂਗਨਵਾੜੀ ਵਰਕਰਾਂ ਵੱਲੋਂ ਨਿੱਜੀ ਅਤੇ ਆਲੇ ਦੁਆਲੇ ਦੀ ਸਾਫ ਸਫਾਈ ਸਬੰਧੀ, ਅਨੀਮੀਆ ਦੀ ਰੋਕਥਾਮ, ਪੋਸ਼ਟਿਕ ਆਹਾਰ ਸਬੰਧੀ ,ਟੀਕਿਆਂ ਸਬੰਧੀ ਘਰ-ਘਰ ਜਾ ਕੇ ਅਤੇ ਸੈਮੀਨਾਰ ਲਗਾ ਕੇ ਜਾਣਕਾਰੀ ਦਿੱਤੀ ਜਾ ਰਹੀ ਹੈ। ਪੋਸ਼ਣ ਰੈਲੀਆਂ, ਰੈਸਪੀ ਮੁਕਾਬਲਾ, ਪੇਂਟਿੰਗ, ਏਕ ਪੇੜ ਮਾਂ ਕੇ ਨਾਮ ਸਕੀਮ ਅਧੀਨ ਬੂਟੇ ਵੀ ਲਗਾਏ ਜਾ ਰਹੇ ਹਨ।
ਇਸ ਦੇ ਨਾਲ ਨਾਲ ਆਂਗਣਵਾੜੀ ਸੈਂਟਰਾਂ ਵਿਖੇ ਪੋਸ਼ਣ ਵਾਟਿਕਾ ਬਣਾਈ ਜਾ ਰਹੀਆਂ ਹਨ ਜਿਸ ਦਾ ਨਾਂ ਕਿਚਨ ਗਰੀਨ ਰੱਖਿਆ ਗਿਆ ਹੈ ਅਤੇ ਆਮ ਲੋਕਾਂ ਨੂੰ ਵੀ ਇਹ ਪੋਸ਼ਣ ਵਾਟਿਕਾ ਬਣਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਕਿਚਨ ਗਰੀਨਸ ਵਿੱਚ ਪੈਦਾ ਹੋਣ ਵਾਲੀਆਂ ਮੌਸਮੀ ਸਬਜ਼ੀਆਂ ਅਤੇ ਫਲਾਂ ਦਾ ਲਾਭ ਆਂਗਣਵਾੜੀ ਵਿੱਚ ਦਰਜ ਲਾਭਪਾਤਰੀਆਂ ਨੂੰ ਦਿੱਤਾ ਜਾਵੇਗਾ। ਕੜੀ ਪੱਤਾ, ਅਮਰੂਦ, ਨਿੰਬੂ ,ਆਂਵਲਾ ,ਸੁਹੰਜਨਾ ,ਐਲੋਵੀਰਾ, ਲੈਮਨ ਗਰਾਸ ,ਪੁਦੀਨਾ ਅਤੇ ਹਲਦੀ ਆਦਿ ਨੂੰ ਉਗਾਉਣ ਲਈ ਉਤਸਾਹਿਤ ਕੀਤਾ ਜਾ ਰਿਹਾ ਹੈ। ਬੱਚਿਆਂ ਦੇ ਵਿਕਾਸ ਸਬੰਧੀ ਉਹਨਾਂ ਦੀ ਲੰਬਾਈ ਅਤੇ ਭਾਰ ਤੋਲਿਆ ਗਿਆ। ਗਰਭਵਤੀ ਔਰਤਾਂ ਅਤੇ ਨਰਸਿੰਗ ਮਾਵਾਂ ਨੂੰ ਮਾਂ ਦੇ ਪਹਿਲੇ ਦੁੱਧ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ।
ਗਤੀਵਿਧੀਆਂ ਕਰਵਾਉਣ ਤੋਂ ਬਾਅਦ ਪੋਸ਼ਣ ਅਭਿਆਨ ਡੈਸ਼ ਬੋਰਡ ਤੇ ਆਨਲਾਈਨ ਕਰਕੇ ਫੋਟੋਆਂ ਅਪਲੋਡ ਵੀ ਕੀਤੀਆਂ ਜਾ ਰਹੀਆਂ ਹਨ।ਹਰ ਐਕਟੀਵਿਟੀ ਵਿੱਚ ਬਲਾਕ ਦੇ ਸੁਪਰਵਾਈਜ਼ਰਸ ਵੱਲੋਂ ਹਿੱਸਾ ਲਿਆ ਜਾਂਦਾ ਹੈ। ਇਸ ਮਹੀਨੇ ਦੌਰਾਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦਾ ਰੈਗੂਲਰ ਫੋਲੋ ਅਪ ਸ਼੍ਰੀਮਤੀ ਸੰਜੋਲੀ ਜਿਲ੍ਹਾ ਕਾਰਡੀਨੇਟਰ (ਪੋਸ਼ਨ ਅਭਿਆਨ) ਵੱਲੋਂ ਲਿਆ ਜਾ ਰਿਹਾ ਹੈ।