ਕੁਰਾਲੀ (ਐਸ.ਏ.ਐਸ. ਨਗਰ), 11 ਅਕਤੂਬਰ, 2024:
ਵਿਧਾਨ ਸਭਾ ਹਲਕਾ ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਨੇ ਖਰੜ ਹਲਕੇ ਦੀਆਂ ਨਿਰਵਿਰੋਧ ਬਣੀਆਂ ਪੰਚਾਇਤਾਂ ਦਾ ਇੱਕੋ ਇੱਕ ਏਜੰਡਾ ਪਿੰਡਾਂ ਦਾ ਸਰਵਪੱਖੀ ਵਿਕਾਸ ਹੋਣਾ ਚਾਹੀਦਾ ਹੈ।
ਕੁਰਾਲੀ ਵਿਖੇ ਕਰਵਾਏ ਇੱਕ ਸਮਾਗਮ ਦੌਰਾਨ ਉਨ੍ਹਾਂ ਨੂੰ ਸਨਮਾਨਿਤ ਕਰਦਿਆਂ ਵਿਧਾਇਕ ਮਾਨ ਨੇ ਕਿਹਾ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਹਲਕੇ ਦੀਆਂ ਸਮੂਹ 136 ਵਿੱਚੋਂ 41 ਪੰਚਾਇਤਾਂ ਬਿਨਾਂ ਮੁਕਾਬਲਾ ਚੁਣੀਆਂ ਗਈਆਂ ਹਨ ਅਤੇ ਗੁੱਟਬੰਦੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਵਿਕਾਸ ਦੇ ਏਜੰਡੇ ਵਿੱਚ ਉਨ੍ਹਾਂ ਦੇ ਵਿਸ਼ਵਾਸ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਕਿਹਾ ਕਿ ਨਿਰਵਿਰੋਧ ਬਣੀਆਂ ਪੰਚਾਇਤਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਪਿੰਡਾਂ ਦੇ ਸਰਵਪੱਖੀ ਵਿਕਾਸ ਨੂੰ ਧਿਆਨ ਵਿੱਚ ਰੱਖ ਕੇ ਸ਼ਾਨਦਾਰ ਤਬਦੀਲੀਆਂ ਲਿਆਉਣ ਲਈ ਯਤਨਸ਼ੀਲ ਹੋਣ। ਉਨ੍ਹਾਂ ਕਿਹਾ ਕਿ ਪੰਚਾਇਤਾਂ ਦਾ ਇੱਕੋ-ਇੱਕ ਟੀਚਾ ਸੌੜੀ ਸਿਆਸਤ ਤੋਂ ਉੱਪਰ ਉੱਠ ਕੇ ਆਪਣੇ ਪਿੰਡਾਂ ਦਾ ਵਿਕਾਸ ਹੋਣਾ ਚਾਹੀਦਾ ਹੈ।
ਉਨ੍ਹਾਂ ਪੰਚਾਇਤਾਂ ਨੂੰ ਸਰਬਸੰਮਤੀ ਨਾਲ ਚੋਣਾਂ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਐਲਾਨੀ ਗਰਾਂਟ ਦਾ ਭਰੋਸਾ ਦਿੰਦਿਆਂ ਕਿਹਾ ਕਿ ਪੰਚਾਇਤਾਂ ਦੀ ਸਰਬਸੰਮਤੀ ਨਾਲ ਚੋਣ ਕਰਨ ਨਾਲ ਪਿੰਡਾਂ ਵਿੱਚ ਸਦਭਾਵਨਾ ਅਤੇ ਏਕਤਾ ਵਧਦੀ ਹੈ ਅਤੇ ਅਸੀਂ ਪੰਚਾਇਤਾਂ ਦੀ ਭਲਾਈ ਅਤੇ ਵਿਕਾਸ ਲਈ ਨਿਰਪੱਖ ਦ੍ਰਿਸ਼ਟੀਕੋਣ ਨਾਲ ਪਿੰਡ ਵਾਸੀਆਂ ਦੀ ਸਮਰਪਣ ਭਾਵਨਾ ਨਾਲ ਸੇਵਾ ਕਰਦੇ ਹਾਂ।।
ਉਨ੍ਹਾਂ ਨਿਰ-ਵਿਰੋਧ ਚੁਣੀਆਂ ਗਈਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਪਿੰਡ ਵਾਸੀਆਂ ਦੇ ਵਿਸ਼ਵਾਸ ਨੂੰ ਕਾਇਮ ਰੱਖਦਿਆਂ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਨ। ਉਨ੍ਹਾਂ ਪਿੰਡਾਂ ਦੇ ਵਿਕਾਸ ਵਿੱਚ ਆਪਣਾ ਸਹਿਯੋਗ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਪੇਂਡੂ ਅਤੇ ਸ਼ਹਿਰੀ ਆਬਾਦੀ ਦੇ ਸਰਬਪੱਖੀ ਵਿਕਾਸ ਲਈ ਹਮੇਸ਼ਾਂ ਹੀ ਨਿਰਪੱਖ ਭੂਮਿਕਾ ਨਿਭਾਈ ਹੈ ਅਤੇ ਉਨ੍ਹਾਂ ਦਾ ਏਜੰਡਾ ਪਹਿਲਾਂ ਵਾਂਗ ਹੀ ਰਹੇਗਾ।
ਬਿਨਾਂ ਮੁਕਾਬਲਾ ਚੁਣੀਆਂ ਗਈਆਂ ਪੰਚਾਇਤਾਂ ਵਿੱਚ ਮਾਜਰੀ ਬਲਾਕ ਵਿੱਚ ਪਿੰਡ ਸਲੇਮਪੁਰ ਕਲਾਂ, ਬਰਸਾਲਪੁਰ, ਸਲੇਮਪੁਰ ਖੁਰਦ, ਭੂਪ ਨਗਰ, ਢਕਟਾਣਾ, ਮਾਜਰੀ ਕਲੋਨੀ, ਹੁਸ਼ਿਆਰਪੁਰ, ਦੁਲਵਾਂ, ਸੰਗਤਪੁਰਾ, ਫਤਿਹਪੁਰ, ਮੁੰਢੋ ਭਾਗ ਸਿੰਘ, ਨੱਗਲ ਗੜ੍ਹੀਆਂ, ਢਕੋਰਾਂ ਕਲਾਂ, ਮਾਜਰਾ ਕਲਾਂ, ਡਾ. , ਨਿਹੋਲਕਾ, ਰਾਮਪੁਰ, ਰਤਨਗੜ੍ਹ ਸਿੰਬਲ, ਰਕੌਲੀ, ਨੱਗਲ ਸਿੰਘਾ, ਢੋਡੇ ਮਾਜਰਾ, ਪਲਹੇੜੀ, ਸਲਾਮਤਪੁਰ, ਰਸੂਲਪੁਰ, ਜੈਂਤੀ ਮਾਜਰੀ, ਭਾਗਖੰਡੀ, ਗੁੜ੍ਹਾ, ਕਸੌਲੀ, ਬਾਂਸੇਪੁਰ, ਧਨੌਰਾਂ, ਮਲਕਪੁਰ, ਰਾਣੀ ਮਾਜਰਾ, ਤੋਗਾਂ ਅਤੇ ਖਰੜ ਬਲਾਕ ਦੇ ਪਿੰਡ ਗੋਲਾਪੁਰ ਸਿੰਘਾਂ, , ਛੋਟੀ ਪਰਚ , ਗੱਬੇਮਾਜਰਾ , ਘਟੋਰ , ਟਾਂਡਾ , ਮੱਛਲੀ ਖੁਰਦ ਸ਼ਾਮਲ ਹਨ।
ਅਨਮੋਲ ਗਗਨ ਮਾਨ ਨੇ ਕੁਰਾਲੀ ਵਿਖੇ ਬਿਨਾਂ ਮੁਕਾਬਲਾ ਚੁਣੀਆਂ ਗਈਆਂ ਪੰਚਾਇਤਾਂ ਦਾ ਸਨਮਾਨ ਕੀਤਾ


