ਸਖ਼ਤ ਮਿਹਨਤ ਨਾਲ ਅਧਿਆਪਕ ਬੱਚਿਆਂ ਦੇ ਭਵਿੱਖ ਨੂੰ ਬਣਾ ਸਕਦੇ ਹਨ ਸੁਨਹਿਰੀ : ਡਿਪਟੀ ਕਮਿਸ਼ਨਰ

Bathinda Politics Punjab

ਬਠਿੰਡਾ, 23 ਦਸੰਬਰ : ਸਖ਼ਤ ਮਿਹਨਤ ਨਾਲ ਅਧਿਆਪਕ ਬੱਚਿਆਂ ਦੇ ਭਵਿੱਖ ਨੂੰ ਸੁਨਹਿਰੀ ਬਣਾ ਸਕਦੇ ਹਨ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਮੁਹਿੰਮ ਪ੍ਰਸ਼ਾਸਨ ਗਾਓਂ ਕੀ ਔਰ ਤਹਿਤ ਸੁਚੱਜਾ ਪ੍ਰਸ਼ਾਸਨ ਸਪਤਾਹ ਜੋ ਕਿ 19 ਦਸੰਬਰ 2024 ਤੋਂ 24 ਦਸੰਬਰ 2024 ਤੱਕ ਮਨਾਇਆ ਜਾ ਰਿਹਾ ਹੈ ਦੇ ਮੱਦੇਨਜ਼ਰ ਕਰਵਾਏ ਗਏ ਸੈਮੀਨਾਰ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਮੌਕੇ ਕੀਤਾ।

          ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅਧਿਆਪਕਾਂ ਨੂੰ ਹਮੇਸ਼ਾ ਹੀ ਖੁਦ ਮੋਟੀਵੇਟ ਰਹਿਣ ਦੇ ਨਾਲ-ਨਾਲ ਹੋਰਨਾਂ ਅਧਿਆਪਕਾਂ ਤੋਂ ਵੀ ਕੁੱਝ ਨਾ ਕੁੱਝ ਸਿਖਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਅਧਿਆਪਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਸਿੱਖਿਆ ਦੇ ਖੇਤਰ ਵਿੱਚ ਬੱਚਿਆਂ ਦੇ ਭਵਿੱਖ ਵਿਚ ਸੁਨਹਿਰੀ ਤਬਦੀਲੀਆਂ ਲਿਆ ਸਕਦੇ ਹਨ। ਅਧਿਆਪਕਾਂ ਨੂੰ ਉਤਸ਼ਾਹਿਤ ਕਰਦਿਆਂ ਉਨ੍ਹਾਂ ਉਮੀਦ ਜਤਾਈ ਕਿ ਅਧਿਆਪਕ ਹੋਰ ਸਖ਼ਤ ਮੇਹਨਤ ਕਰਕੇ ਬੱਚਿਆਂ ਦਾ ਭਵਿੱਖ ਸੁਧਾਰਨ ਚ ਆਪਣਾ ਵਡਮੁੱਲਾ ਯੋਗਦਾਨ ਪਾਉਣਗੇ।

          ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਇਸ ਮੌਕੇ ਕਿਹਾ ਕਿ ਸਰਕਾਰੀ ਸਕੂਲਾਂ ਅਤੇ ਬੱਚਿਆਂ ਦੀ ਨੁਹਾਰ ਬਦਲਣ ਲਈ ਅਧਿਆਪਕ ਵਧੀਆ ਪਰਪੋਸ਼ਲ ਬਣਾਕੇ ਭੇਜਣ। ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹੇ ਭਰ ਚ ਜਿਹੜੇ 14 ਸਕੂਲਾਂ ਦੀ ਵਧੀਆ ਪਰਪੋਜ਼ਲ ਲਈ ਚੋਣ ਹੋਵੇਗੀ ਉਨ੍ਹਾਂ ਸਕੂਲਾਂ ਨੂੰ ਸਪੈਸ਼ਲ ਗ੍ਰਾਂਟ ਦੇਣ ਦੇ ਨਾਲ-ਨਾਲ ਅਧਿਆਪਕਾਂ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।

ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਡਿਵੈਲਪਮੈਂਟ ਫੈਲੋ  (ਡੀਡੀਐਫ), ਸਾਂਝੀ ਸਿੱਖਿਆ ਅਤੇ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਨੂੰ ਬੇਹਤਰ ਬਨਾਉਣ ਲਈ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੁੰ ਮੁਬਾਰਕਬਾਦ ਵੀ ਦਿੱਤੀ ਅਤੇ ਵਧੀਆ ਕਾਰਗੁਜਾਰੀ ਵਾਲੇ ਸਕੂਲਾਂ ਅਤੇ ਅਧਿਆਪਕਾਂ ਨੂੰ ਸਨਮਾਨਿਤ ਵੀ ਕੀਤਾ।

ਇਸ ਸੈਮੀਨਾਰ ਦੌਰਾਨ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਵੱਲੋਂ ਸਕੂਲੀ ਬੱਚਿਆਂ ਦੇ ਰੋਸ਼ਨ ਭਵਿੱਖ ਲਈ ਕੀਤੇ ਜਾ ਰਹੇ ਆਪਣੇ ਸਪੈਸ਼ਲ ਯਤਨਾਂ ਨੂੰ ਸਾਂਝੇ ਕਰਨ ਦੇ ਨਾਲ-ਨਾਲ ਆਪੋ-ਆਪਣੇ ਤਜ਼ਰਬੇ ਵੀ ਸਾਂਝੇ ਕੀਤੇ ਗਏ।

           ਇਸ ਮੌਕੇ ਸਿਖਲਾਈ ਅਧੀਨ ਆਈਏਐਸ ਸ਼੍ਰੀ ਰਾਕੇਸ਼ ਕੁਮਾਰ ਮੀਨਾ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਪੂਨਮ ਸਿੰਘ, ਡੀਡੀਐਫ ਸ਼੍ਰੀ ਸੁਜੀਤ ਕਿਸ਼ਨ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਮਨਿੰਦਰ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸ਼੍ਰੀ ਮਹਿੰਦਰ ਪਾਲ ਤੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਸਕੂਲਾਂ ਦੇ ਅਧਿਆਪਕ ਆਦਿ ਹਾਜ਼ਰ ਸਨ। 

Leave a Reply

Your email address will not be published. Required fields are marked *