ਚੰਡੀਗੜ, 29 ਮਈ 2024 – ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਬੁੱਧਵਾਰ ਨੂੰ ਈਐਸਆਈਸੀ ਹਸਪਤਾਲ, ਲੁਧਿਆਣਾ ਵਿੱਚ ਤਾਇਨਾਤ ਸੁਖਬੀਰ ਸਿੰਘ ਅਤੇ ਉਸਦੇ ਸਾਥੀ ਨਵਨੀਤ ਕੁਮਾਰ, ਵਾਸੀ ਗੁਰੂ ਅਰਜਨ ਦੇਵ ਨਗਰ, ਲੁਧਿਆਣਾ ਨੂੰ 25000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਓਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜਮਾਂ ਨੂੰ ਦਿਨੇਸ਼ ਕੁਮਾਰ ਵਾਸੀ ਪਿੰਡ ਫੁੱਲਾਂਵਾਲ, ਜ਼ਿਲ੍ਹਾ ਲੁਧਿਆਣਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਸੰਪਰਕ ਕਰਕੇ ਦੱਸਿਆ ਹੈ ਕਿ ਉਸਨੂੰ ਪਤਾ ਲੱਗਾ ਸੀ ਕਿ ਈਐਸਆਈਸੀ ਹਸਪਤਾਲ, ਭਾਰਤ ਨਗਰ ਚੌਕ ਲੁਧਿਆਣਾ ਵਿੱਚ ਠੇਕੇ ਦੇ ਆਧਾਰ ‘ਤੇ ਲੈਬਾਰਟਰੀ ਟੈਕਨੀਸ਼ੀਅਨ ਦੀਆਂ ਅਸਾਮੀਆਂ ਭਰੀਆਂ ਜਾਣੀਆਂ ਹਨ। ਇਸ ਸਬੰਧੀ ਉਹ ਈਐਸਆਈਸੀ ਹਸਪਤਾਲ ਦੀ ਐਚਆਰ ਸ਼ਾਖਾ ਦੇ ਸੁਖਬੀਰ ਸਿੰਘ ਨੂੰ ਮਿਲਿਆ, ਜਿਸ ਨੇ ਉਸ ਨੂੰ ਆਪਣੇ ਵਟਸਐਪ ਨੰਬਰ ’ਤੇ ਵਿੱਦਿਅਕ ਯੋਗਤਾ ਦੇ ਦਸਤਾਵੇਜ਼ ਭੇਜਣ ਲਈ ਕਿਹਾ। ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਕੁਝ ਦਿਨਾਂ ਬਾਅਦ ਕਿਸੇ ਅਣਪਛਾਤੇ ਵਿਅਕਤੀ ਨੇ ਉਸਨੂੰ ਸਮਰਾਲਾ ਚੌਂਕ ਲੁਧਿਆਣਾ ਵਿਖੇ ਮਿਲਣ ਲਈ ਬੁਲਾਇਆ, ਜਿਸ ਨੇ ਉਸਨੂੰ ਦੱਸਿਆ ਕਿ ਉਕਤ ਸੁਖਬੀਰ ਸਿੰਘ ਨੇ ਹਸਪਤਾਲ ਵਿੱਚ ਨੌਕਰੀ ਦਿਵਾਉਣ ਲਈ 1,10,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਹੈ। ਇਸ ਤੋਂ ਬਾਅਦ ਸੁਖਬੀਰ ਸਿੰਘ ਨੇ ਵੀ ਉਸ ਨੂੰ ਕੰਮ ਕਰਵਾਉਣ ਲਈ 100000 ਰੁਪਏ ਦਾ ਪ੍ਰਬੰਧ ਕਰਨ ਦੀ ਗੱਲ ਵੀ ਆਖੀ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਪੜਤਾਲ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਉਕਤ ਮੁਲਜ਼ਮ ਸੁਖਬੀਰ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 25000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਤੋਂ ਬਾਅਦ ਮੁੱਖ ਮੁਲਜ਼ਮ ਸੁਖਬੀਰ ਸਿੰਘ ਦੇ ਇੱਕ ਸਾਥੀ ਨਵਨੀਤ ਕੁਮਾਰ ਨੂੰ ਵੀ ਸਮਰਾਲਾ ਚੌਕ ਲੁਧਿਆਣਾ ਤੋਂ ਗ੍ਰਿਫ਼ਤਾਰ ਕਰ ਲਿਆ।
ਇਸ ਸਬੰਧ ਵਿੱਚ ਦੋਵਾਂ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ ਅਤੇ ਆਈਪੀਸੀ ਦੀ 120-ਬੀ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਲੁਧਿਆਣਾ ਵਿੱਚ ਮੁਕੱਦਮਾ ਨੰਬਰ 23 ਮਿਤੀ 29.05.2024 ਨੂੰ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਹੋਰ ਪੁੱਛਗਿੱਛ ਦੌਰਾਨ ਹੋਰ ਕਰਮਚਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ।
ਵਿਜੀਲੈਂਸ ਬਿਊਰੋ ਨੇ ਈਐਸਆਈਸੀ ਹਸਪਤਾਲ ਦਾ ਮੁਲਾਜ਼ਮ ਤੇ ਪ੍ਰਾਈਵੇਟ ਵਿਅਕਤੀ 25000 ਰੁਪਏ ਰਿਸ਼ਵਤ ਲੈਂਦਿਆਂ ਕੀਤੇ ਕਾਬੂ


