ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਉੱਤੇ ਸ਼ਹਿਰ ਵਿੱਚ ਚਲਦੇ ਦੋ ਗੈਰ ਕਾਨੂੰਨੀ ਸਿਨੇਮਾ ਕੀਤੇ ਸੀਲ

Amritsar Politics Punjab

ਅੰਮ੍ਰਿਤਸਰ 10 ਦਸੰਬਰ 2024-

          ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਵੱਲੋਂ ਜ਼ਿਲ੍ਹੇ ਵਿੱਚ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੀਆਂ ਗਤੀਵਿਧੀਆਂ ਉੱਤੇ ਨੱਥ ਪਾਉਣ ਲਈ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਤਹਿਤ ਅੱਜ ਤਹਿਸੀਲਦਾਰ ਜਗਸੀਰ ਸਿੰਘ ਦੀ ਟੀਮ ਨੇ ਅੰਮ੍ਰਿਤਸਰ ਦੇ ਚਾਟੀਵਿੰਡ ਇਲਾਕੇ ਵਿੱਚ ਚਲਦੇ ਦੋ ਗੈਰ ਕਾਨੂੰਨੀ ਸਿਨੇਮਾ ਸੀਲ ਕਰਕੇ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਆਰੰਭੀ ਹੈ। ਐਸਡੀਐਮ ਗੁਰਸਿਮਰਨ ਸਿੰਘ ਢਿੱਲੋ ਜਿਨਾਂ ਕੋਲ ਵਧੀਕ ਡਿਪਟੀ ਕਮਿਸ਼ਨਰ ਜਨਰਲ ਦਾ ਚਾਰਜ ਵੀ ਹੈ ਨੇ ਦੱਸਿਆ ਕਿ ਉਕਤ ਸਿਨੇਮਿਆਂ ਬਾਬਤ ਸ਼ਿਕਾਇਤ ਪ੍ਰਾਪਤ ਹੋਈ ਸੀ, ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਦਫਤਰ ਦੀ ਟੀਮ ਨੇ ਤਹਿਸੀਲਦਾਰ ਜਗਸੀਰ ਸਿੰਘ ਦੀ ਅਗਵਾਈ ਹੇਠ ਮੌਕਾ ਚੈੱਕ ਕੀਤਾ ਤਾਂ ਦੋ ਥਾਵਾਂ ਉੱਤੇ ਗੈਰ ਕਾਨੂੰਨੀ ਢੰਗ ਛੋਟੇ ਹਾਲ ਵਿੱਚ ਫਿਲਮਾਂ ਵਿਖਾਈਆਂ ਜਾ ਰਹੀਆਂ ਸਨ। ਉਹਨਾਂ ਦੱਸਿਆ ਕਿ ਬਿਨਾਂ ਲਾਇਸੰਸ ਤੋਂ ਜਨਤਕ ਤੌਰ ਉੱਤੇ ਇਸ ਤਰ੍ਹਾਂ ਫਿਲਮ ਵਿਖਾਉਣੀ ਸਿਨੇਮਾ ਐਕਟ ਦੀ ਉਲੰਘਣਾ ਹੈ। ਉਹਨਾਂ ਕਿਹਾ ਕਿ ਸਾਡੀ ਟੀਮ ਨੇ ਦੋਵਾਂ ਸਿਨੇਮਿਆਂ ਨੂੰ ਸੀਲ ਕਰਕੇ ਕਾਰਵਾਈ ਆਰੰਭ ਦਿੱਤੀ ਹੈ। ਸ ਢਿੱਲੋਂ ਨੇ ਜ਼ਿਲ੍ਹੇ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ ਦੀ ਜਾਣਕਾਰੀ ਵਿੱਚ ਕੋਈ ਅਜਿਹਾ ਸਿਨੇਮਾ ਜਿਸ ਕੋਲ ਲਾਇਸੰਸ ਨਾ ਹੋਵੇ, ਕੰਮ ਕਰ ਰਿਹਾ ਹੈ ਤਾਂ ਉਹ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਫਤਰ ਜਾਂ ਵਧੀਕ ਡਿਪਟੀ ਕਮਿਸ਼ਨਰ ਜਨਰਲ ਦੇ ਦਫਤਰ ਸੂਚਨਾ ਦੇਣ ਤਾਂ ਜੋ ਅਸੀਂ ਅਜਿਹੀਆਂ ਗੈਰ ਕਾਨੂੰਨੀ ਸਿਨੇਮਿਆਂ ਨੂੰ ਸੀਲ ਕਰ ਸਕੀਏ।