ਈ-ਸੇਵਾ ਪੋਰਟਲ ਸਬੰਧੀ ਨੰਬਰਦਾਰਾਂ, ਸਰਪੰਚਾਂ ਅਤੇ ਐਮ.ਸੀਜ਼ ਨੂੰ ਦਿੱਤੀ ਸਿਖਲਾਈ

Mansa

ਮਾਨਸਾ, 05 ਦਸੰਬਰ :
ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਰਕਾਰੀ ਸੇਵਾਵਾਂ ਅਤੇ ਯੋਜਨਾਵਾਂ ਦਾ ਲਾਭ ਸੌਖੇ ਅਤੇ ਪਾਰਦਰਸ਼ੀ ਢੰਗ ਨਾਲ ਦੇਣ ਦੇ ਮੰਤਵ ਨਾਲ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਨਿਵਾਸ ਪ੍ਰਮਾਣ ਪੱਤਰ, ਇਨਕਮ ਸਰਟੀਫਿਕੇਟ, ਈ.ਡਬਲਯੂ.ਐਸ ਅਤੇ ਜਾਤੀ ਪ੍ਰਮਾਣ ਪੱਤਰ ਵਰਗੇ ਦਸਤਾਵੇਜ਼ਾਂ ਲਈ ਲੋਕਾਂ ਨੂੰ ਨੰਬਰਦਾਰਾਂ, ਸਰਪੰਚਾਂ ਅਤੇ ਐਮ.ਸੀਜ਼ ਦੇ ਹਸਤਾਖ਼ਰ ਕਰਵਾਉਣ ਲਈ ਉਨ੍ਹਾਂ ਕੋਲ ਜਾਣ ਦੀ ਜ਼ਰੂਰਤ ਨਹੀਂ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਆਈ.ਟੀ. ਮੈਨੇਜ਼ਰ ਸ਼੍ਰੀ ਅਨਮੋਲ ਗਰਗ ਅਤੇ ਜ਼ਿਲ੍ਹਾ ਟੈਕਨੀਕਲ ਕੌਆਰਡੀਨੇਟਰ ਸ਼੍ਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਆਈ.ਏ.ਐਸ. ਦੀਆਂ ਹਦਾਇਤਾਂ ਅਨੁਸਾਰ ਈ-ਸੇਵਾ ਪੋਰਟਲ ਸਬੰਧੀ ਸੇਵਾਵਾਂ ਜਿਵੇਂ ਨਿਵਾਸ ਪ੍ਰਮਾਣ ਪੱਤਰ, ਇਨਕਮ ਸਰਟੀਫਿਕੇਟ, ਈ.ਡਬਲਯੂ.ਐਸ ਅਤੇ ਜਾਤੀ ਪ੍ਰਮਾਣ ਪੱਤਰ ਦੀ ਆਨਲਾਈਨ ਤਸਦੀਕ ਕਰਨ ਸਬੰਧੀ ਨੰਬਰਦਾਰਾਂ, ਸਰਪੰਚਾਂ ਅਤੇ ਐਮ.ਸੀਜ਼ ਨੂੰ ਜਾਣੂ ਕਰਵਾਉਣ ਲਈ ਟਰੇਨਿੰਗ ਲਗਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਪ੍ਰਾਰਥੀ ਆਪਣੀ ਅਰਜ਼ੀ ਸੇਵਾ ਕੇਂਦਰ/ਕਾਨੈਕਟ ਪੋਰਟਲ/ਡੋਰ ਸਟੈਪ ਡਿਲੀਵਰੀ ਰਾਹੀਂ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸਰਕਾਰੀ ਸੇਵਾਵਾਂ ਅਪਲਾਈ ਕਰ ਸਕਦੇ ਹਨ ਅਤੇ ਇਸ ਉਪਰੰਤ ਪਟਵਾਰੀਆਂ ਵੱਲੋਂ ਦਸਤਾਵੇਜ਼ਾਂ ਨੂੰ ਸਬੰਧਤ ਨੰਬਰਦਾਰਾਂ, ਸਰਪੰਚਾਂ, ਐਮ.ਸੀ ਨੂੰ ਈ-ਸੇਵਾ ਪੋਰਟਲ/ਐਮ ਸੇਵਾ ਐਪ/ਵਟਸਐਪ ਚੈਟ ਬੋਟ ਰਾਹੀਂ ਆਨਲਾਇਨ ਤਸਦੀਕ ਕਰਨ ਲਈ ਭੇਜੇ ਜਾਣਗੇ।
ਇਸ ਈ-ਪੋਰਟਲ ਪ੍ਰਣਾਲੀ ਸਬੰਧੀ ਸਰਪੰਚਾਂ, ਨੰਬਰਦਾਰਾਂ ਅਤੇ ਐਮ.ਸੀਜ਼ ਨੂੰ ਜਾਣੂ ਕਰਵਾਉਣ ਲਈ ਤਹਿਸੀਲ/ਸਬ-ਤਹਿਸੀਲ ਪੱਧਰ ’ਤੇ ਟਰੇਨਿੰਗ ਦਾ ਆਯੋਜਨ ਕਰਕੇ ਉਨ੍ਹਾਂ ਨੂੰ ਜਿੱਥੇ ਇਸ ਪ੍ਰਣਾਲੀ ਸਬੰਧੀ ਵਿਸਥਾਰਤ ਜਾਣਕਾਰੀ ਦਿੱਤੀ ਜਾ ਰਹੀ ਹੈ, ਉਥੇ ਹੀ ਈ-ਸੇਵਾ ਪੋਰਟਲ/ਐਮ ਸੇਵਾ ਐਪ/ਵਟਸਐਪ ਚੈਟ ਬੋਟ ਸਬੰਧੀ ਆਈ.ਡੀ. ਤੇ ਪਾਸਵਰਡ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਨਾਲ ਲੋਕਾਂ ਦੇ ਸਮੇਂ ਦੀ ਵੀ ਬਚਤ ਹੋਵੇਗੀ।

Leave a Reply

Your email address will not be published. Required fields are marked *