ਕਣਕ ਦੀ ਗੁਲਾਬੀ ਸੁੰਡੀ ਅਤੇ ਸੈਨਿਕ ਸੁੰਡੀ ਬਾਰੇ ਜਾਗਰੂਕ ਕਰਨ ਲਈ ਖੇਤੀ ਅਧਿਕਾਰੀਆਂ ਵਲੋਂ ਪਿੰਡਾਂ ਦੇ ਦੌਰੇ ਲਗਾਤਾਰ ਜਾਰੀ

Faridkot Politics Punjab

ਫਰੀਦਕੋਟ: 26 ਨਵੰਬਰ 2024 ( )

ਮੌਸਮੀ ਤਬਦੀਲੀਆਂ ਦੇ ਚਲਦਿਆਂ  ਸੈਨਿਕ ਸੁੰਡੀ ਅਤੇ ਗੁਲਾਬੀ ਸੁੰਡੀ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ  ਚਲਾਈ ਜਾ ਰਹੀ ਮੁਹਿੰਮ ਤਹਿਤ ਖੇਤੀਬਾੜੀ ਅਧਿਕਾਰੀ /ਕਰਮਚਾਰੀਆਂ ਵੱਲੋਂ ਪਿੰਡਾਂ ਦੇ ਦੌਰੇ ਨਿਰੰਤਰ ਕੀਤੇ ਜਾ ਰਹੇ ਹਨ। ਇਸ ਮੁਹਿੰਮ ਤਹਿਤ ਬਲਾਕ ਖ਼ੇਤੀਬਾੜੀ ਅਫ਼ਸਰ ਡਾ. ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਟੀਮ ਵੱਲੋਂ ਰੱਤੀ ਰੋੜੀ ,ਡੱਗੋ ਰੋਮਾਣਾ,ਕੰਮੇਅਨਾ, ਚੇਤ ਸਿੰਘ ਵਾਲਾ ਆਦਿ ਪਿੰਡਾਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਨੁੰ ਖੇਤਾਂ ਵਿਚ ਜਾ ਕੇ ਗੁਲਾਬੀ ਅਤੇ ਸੈਨਿਕ ਸੁੰਡੀ ਬਾਰੇ ਜਾਗਰੂਕ ਕੀਤਾ। ਟੀਮ ਵਿੱਚ ਡਾਕਟਰ ਰਮਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ (ਪੌਦੇ ਸੁਰੱਖਿਆ),ਜਗਮੀਤ ਸਿੰਘ ਖੇਤੀ ਉਪ ਨਿਰੀਖਕ ਵੀ ਸ਼ਾਮਿਲ ਸਨ ।    

        ਇਸ ਮੌਕੇ ਡਾ. ਗੁਰਪ੍ਰੀਤ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ  ਕਿਸਾਨਾਂ ਵਲੋਂ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਜਾਂ ਖੇਤਾਂ ਤੋਂ ਬਾਹਰ ਸੰਭਾਲ ਕੇ ਜ਼ੀਰੋ ਟਿੱਲ ਡਰਿੱਲ,ਹੈਪੀ ਸੀਡਰ,ਸੁਪਰ ਸੀਡਰ,ਸਮਾਰਟ ਸੀਡਰ ਨਾਲ ਕੀਤੀ ਜਾ ਰਹੀ ਹੈ ,ਜੋਂ ਅਗਲੇ ਕੁਝ ਦਿਨਾਂ ਦੌਰਾਨ ਮੁਕੰਮਲ ਹੋ ਜਾਵੇਗੀ। ਉਨਾਂ ਦੱਸਿਆ ਕਿ ਮੌਸਮੀ ਤਬਦੀਲੀਆਂ ਕਾਰਨ ਕੁਝ ਘੱਟ ਮਹੱਤਪੂਰਨ ਕੀੜੇ ਮੁੱਖ ਕੀੜੇ ਬਣਦੇ ਜਾ ਰਹੇ ਹਨ। ਉਨਾਂ ਕਿਹਾ ਕਿ ਕਿਸਾਨਾਂ ਨੂੰ ਕਣਕ ਦੀ  ਖਾਸ ਕਰਕੇ ਹੈਪੀ ਸੀਡਰ ਜਾਂ ਮਲਚਿੰਗ ਤਕਨੀਕ ਨਾਲ ਬਿਜਾਈ ਕੀਤੀ ਫ਼ਸਲ ਦਾ ਸ਼ਾਮ ਵੇਲੇ ਸੂਰਜ ਡੁੱਬਣ ਤੋਂ ਬਾਅਦ ਨਿਰੰਤਰ ਨਿਰੀਖਣ ਕਰਨ ਦੀ ਜ਼ਰੂਰਤ ਹੈ।

ਉਨ੍ਹਾਂ ਕਿਹਾ ਕਿ ਨਵੀਆਂ ਤਕਨੀਕਾਂ ਆਉਣ ਦੇ ਨਾਲ ਕੁਝ ਕੀੜੇ ਵੀ ਫ਼ਸਲਾਂ ਵਿਚ ਆ ਜਾਂਦੇ ਹਨ ਜਿਨ੍ਹਾਂ ਵਿਚ ਕਣਕ ਦੀ ਫ਼ਸਲ ਉੱਪਰ ਤਣੇ ਦੀ ਗੁਲਾਬੀ ਸੁੰਡੀ ਅਤੇ ਸੈਨਿਕ ਸੁੰਡੀ ਅਜਿਹੇ ਕੀਟ ਹਨ ਜੋਂ ਦੀ ਕਣਕ ਦੀ ਫ਼ਸਲ ਦਾ ਬਿਜਾਈ ਤੋਂ 20-30 ਦਿਨਾਂ ਬਾਅਦ ਨੁਕਸਾਨ ਕਰਦੇ ਹਨ। ਉਨਾਂ ਦੱਸਿਆ ਕਿ ਸੈਨਿਕ ਸੁੰਡੀ ਕਣਕ ਦੀ ਫ਼ਸਲ ਦਾ ਮੁੱਖ ਕੀੜਾ ਤਾਂ ਨਹੀਂ ਪਰ ਜੇਕਰ ਇਸ ਦਾ ਖਿਆਲ ਨਾਂ ਰੱਖਿਆ ਜਾਵੇ ਤਾਂ ਇਹ ਪ੍ਰਭਾਵਤ ਫ਼ਸਲ ਖਾਸ ਕਰਕੇ ਹੈਪੀ ਸੀਡਰ ਜਾਂ ਮਲਚਿੰਗ ਤਕਨੀਕ ਨਾਲ ਬਿਜਾਈ ਕੀਤੀ ਫ਼ਸਲ ਦਾ ਪੱਤਿਆਂ ਨੁੰ ਖਾ ਕੇ ਬਹੁਤ ਨੁਕਸਾਨ ਕਰ ਦਿੰਦਾ ਹੈ। ਉਨਾਂ ਦੱਸਿਆ ਕਿ ਇਹ ਕੀੜਾ ਬਹੁਤ ਤੇਜੀ ਨਾਲ ਫੈਲਦਾ ਹੈ,ਜਿਸ ਕਾਰਨ ਇਸ ਕੀੜੇ ਦੀ ਰੋਕਥਾਮ ਸਮੇਂ ਸਿਰ ਕਰਨੀ ਬਹੁਤ ਜ਼ਰੂਰੀ ਹੈ।

 ਉਨਾਂ ਦੱਸਿਆ ਕਿ ਸੈਨਿਕ ਸੁੰਡੀ ਦਾ ਰੰਗ ਹਲਕਾ ਸਲੇਟੀ ਭੂਰਾ ਹੁੰਦਾ ਹੈ ਜੋਂ ਸੂਰਜ ਡੁੱਬਣ ਤੋਂ ਬਾਅਦ ਫ਼ਸਲ ਦੇ ਪੱਤਿਆਂ ਨੂੰ ਖਾ ਕੇ ਨੁਕਸਾਨ ਕਰਦਾ ਹੈ ਅਤੇ ਦਿਨ ਸਮੇਂ ਖੇਤ ਵਿਚ ਪਈ ਪਰਾਲੀ ਜਾਂ ਮਿੱਟੀ ਦੀਆਂ ਢੀਮਾਂ ਦੇ ਹੇਠਾਂ ਛਿਪ ਕੇ ਰਹਿੰਦੀ ਹੈ। ਡਾਕਟਰ ਰਮਨਦੀਪ ਸਿੰਘ ਨੇ ਕਿਹਾ ਕਿ ਜੇਕਰ ਇਸ ਕੀੜੇ ਦਾ ਹਮਲਾ ਕਣਕ ਦੀ ਫਸਲ ਉੱਪਰ ਦਿਖਾਈ ਦੇਵੇ ਤਾਂ ਇਸ ਦੇ ਅਗਾਂਹ ਫੈਲਾਅ ਨੂੰ ਰੋਕਣ ਲਈ ਤੁਰੰਤ 40 ਮਿਲੀ ਲਿਟਰ ਕਲੋਰੈਂਟਰਾਨਿਲੀਪਰੋਲ 18.5 ਈ.ਸੀ. ਜਾਂ 400 ਮਿਲੀ ਲਿਟਰ ਕੁਇਨਲਫਾਸ 25 ਈ ਸੀ ਨੂੰ 80 ਤੋਂ 100 ਲਿਟਰ ਪਾਣੀ ਵਿਚ ਘੋਲ ਕੇ ਗੋਲ ਨੋਜ਼ਲ ਨਾਲ ਸੂਰਜ ਡੁੱਬਣ ਤੋਂ ਬਾਅਦ ਛਿੜਕਾਅ ਕਰਨਾ ਚਾਹੀਦਾ ਹੈ ਜਾਂ 7 ਕਿਲੋ ਫਿਪਰੋਨੀਲ ਜਾਂ ਇੱਕ ਲਿਟਰ ਕਲੋਰੋਪਾਈਰੀਫਾਸ 20 ਈ ਸੀ ਨੂੰ 20 ਕਿਲੋ ਸਿੱਲੀ ਮਿੱਟੀ ਵਿੱਚ ਮਿਲਾ ਕੇ ਛਟਾ ਦੇਣ ਉਪਰੰਤ ਪਾਣੀ ਲਗਾ ਦੇਣਾ ਚਾਹੀਦਾ।

 ਉਨਾਂ ਕਿਹਾ ਕਿ ਪਾਣੀ ਲਗਾਉਣ ਨਾਲ ਕਣਕ ਦੀ ਫ਼ਸਲ ਫੁਟਾਰਾ ਦੁਬਾਰਾ ਹੋ ਜਾਂਦਾ ਹੈ  ਇਸ ਲਈ ਘਬਰਾਉਣ ਦੀ ਨਹੀਂ ਸਮੇਂ ਸਿਰ ਢੁਕਵਾਂ ਇਲਾਜ ਕਰਨ ਦੀ ਜ਼ਰੂਰਤ ਹੈ। ਉਨਾਂ ਕਿਹਾ ਕਿ ਉਪਰੋਕਤ ਤਕਨੀਕਾਂ ਅਪਣਾ ਕੇ ਆਰਮੀ ਵਰਮ ( ਫੌਜੀ ਕੀੜਾ) ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਉਨਾਂ ਨੇ ਕਿਹਾ ਕਿ ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਸਿਫਾਰਸ਼ਸ਼ੁਦਾ ਕੀਟਨਾਸ਼ਕਾਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ।