ਬੱਚਿਆਂ ਅੰਦਰ ਨਿਮੋਨੀਆ ਦੀ ਸਮੇਂ ਸਿਰ ਪਛਾਣ ਜ਼ਰੂਰੀ : ਸਿਵਲ ਸਰਜਨ

Politics Punjab S.A.S Nagar

ਐੱਸ.ਏ.ਐੱਸ ਨਗਰ 17 ਦਸੰਬਰ, 2024:

ਕਾਰਜਕਾਰੀ ਸਿਵਲ ਸਰਜਨ ਡਾ. ਰੇਨੂੰ ਸਿੰਘ ਅਤੇ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਗਿਰੀਸ਼ ਡੋਗਰਾ ਨੇ ਦਸਿਆ ਕਿ ਜ਼ਿਲ੍ਹਾ ਭਰ ’ਚ ਸਾਂਸ ਪ੍ਰੋਗਰਾਮ ਤਹਿਤ ਸਿਹਤ ਟੀਮਾਂ ਵਲੋਂ ਘਰ-ਘਰ ਜਾ ਕੇ ਛੋਟੇ ਬੱਚਿਆਂ ਦੇ ਮਾਪਿਆਂ ਅਤੇ ਹੋਰ ਲੋਕਾਂ ਨੂੰ ਨਿਮੋਨੀਆ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਨਿਮੋਨੀਆ ਦੇ ਲੱਛਣਾਂ ਦੀ ਪਛਾਣ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਸਿਹਤ ਵਿਭਾਗ ਵਲੋਂ “ਸੋਸ਼ਲ ਅਵੇਅਰਨੈੱਸ ਐਂਡ ਐਕਸ਼ਨ ਟੂ ਨਿਊਟਰੇਲਾਈਜ਼ ਨਿਮੋਨੀਆ ਸਕਸੈਸਫੁੱਲੀ (ਸਾਂਸ)” ਪ੍ਰੋਗਰਾਮ ਤਹਿਤ 12 ਨਵੰਬਰ ਤੋਂ 28 ਫ਼ਰਵਰੀ ਤਕ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ।  

ਅਧਿਕਾਰੀਆਂ ਨੇ ਦੱਸਿਆ ਕਿ ਪੰਜ ਸਾਲ ਤੱਕ ਦੇ ਬੱਚਿਆਂ ਦੀ ਮੌਤ ਦੇ ਮੁੱਖ ਕਾਰਨਾਂ ਵਿਚ ਨਿਮੋਨੀਆ ਵੱਡਾ ਕਾਰਨ ਹੈ। ਬੱਚਿਆਂ ਦੀਆਂ ਨਿਮੋਨੀਆ ਨਾਲ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਵਿਚ ‘(ਸਾਂਸ)’ ਪ੍ਰੋਗਰਾਮ ਕਾਰਗਰ ਸਾਬਿਤ ਹੋ ਸਕਦਾ ਹੈ। ਇਸ ਪ੍ਰੋਗਰਾਮ ਤਹਿਤ ਪੰਜ ਸਾਲ ਤੋਂ ਘੱਟ ਉਮਰ ਵਰਗ ਦੇ ਬੱਚਿਆਂ ਵਿਚ ਪ੍ਰਤੀ 1000 ਜ਼ਿੰਦਾ ਬੱਚਿਆਂ ਪਿੱਛੇ ਨਿਮੋਨੀਆ ਨਾਲ ਹੋਣ ਵਾਲੀਆਂ ਮੌਤਾਂ ਨੂੰ 3 ਤੱਕ ਘੱਟ ਕਰਨ ਦਾ ਟੀਚਾ ਸਾਲ 2025 ਤੱਕ ਨਿਰਧਾਰਿਤ ਕੀਤਾ ਗਿਆ ਹੈ।

ਉਨ੍ਹਾਂ  ਦੱਸਿਆ ਕਿ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਿਮੋਨੀਆ ਤੋਂ ਬਚਾਉਣ ਲਈ ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਵਿੱਚ ਨਿਊਮੋਕੋਕਲ ਕੰਜੂਗੇਟ ਵੈਕਸੀਨ (ਪੀ.ਸੀ.ਵੀ) ਨੂੰ ਵੀ ਸ਼ਾਮਲ ਕੀਤਾ ਗਿਆ। ਨਿਊਮੋਕੋਕਲ ਬੈਕਟੀਰੀਆ ਕਾਰਨ ਹੋਣ ਵਾਲੀਆਂ ਬਿਮਾਰੀਆਂ ਦਾ ਇੱਕ ਸਮੂਹ ਹੈ, ਜੋ ਛੋਟੇ ਬੱਚਿਆਂ ਨੂੰ ਕਾਫੀ ਪ੍ਰਭਾਵਿਤ ਕਰਦਾ ਹੈ। ਇਸ ਬੀਮਾਰੀ ਦੀ ਲਪੇਟ ਵਿਚ ਆਉਣ ਵਾਲੇ ਬੱਚੇ ਆਮ ਤੌਰ ਤੇ ਨਿਊਮੋਕੋਕਲ ਨਿਮੋਨਿਆ ਤੋਂ ਪ੍ਰਭਾਵਿਤ ਹੋ ਜਾਂਦੇ ਹਨ। ਉਨ੍ਹਾਂ ਦੇ ਫੇਫੜਿਆਂ ‘ਚ ਜਲਣ ਹੋਣ ਲੱਗਦੀ ਹੈ ਅਤੇ ਉਨ੍ਹਾਂ ’ਚ ਪਾਣੀ ਭਰ ਜਾਂਦਾ ਹੈ। ਇਸ ਬੀਮਾਰੀ ਕਾਰਨ ਖੰਘ ਆਉਂਦੀ ਹੈ ਅਤੇ ਸਾਹ ਲੈਣ ‘ਚ ਵੀ ਦਿੱਕਤ ਹੁੰਦੀ ਹੈ। ਇਹ ਲੱਛਣ ਜਾਨਲੇਵਾ ਵੀ ਸਾਬਤ ਹੋ ਸਕਦੇ ਹਨ। ਉਨਾਂ ਦੱਸਿਆ ਕਿ ਗੰਭੀਰ ਨਿਊਮੋਕੋਕਲ ਬੀਮਾਰੀ ਦਾ ਸਭ ਤੋਂ ਵੱਧ ਖਤਰਾ ਉਮਰ ਦੇ ਪਹਿਲੇ ਸਾਲ ਵਿਚ ਹੁੰਦਾ ਹੈ, ਪਰ ਇਹ 24 ਮਹੀਨੇ ਤੱਕ ਬਣਿਆ ਰਹਿੰਦਾ ਹੈ।
ਇਸ ਦੇ ਲੱਛਣਾਂ ਵਿਚ ਬੁਖਾਰ, ਦਰਦ ਅਤੇ ਕੰਨ ਵਿਚੋਂ ਰਿਸਾਅ, ਨੱਕ ਬੰਦ ਹੋਣਾ ਅਤੇ ਨੱਕ ਵਿਚੋਂ ਰਿਸਾਅ, ਖੰਘ, ਸਾਹ ਤੇਜ਼ ਆਉਣਾ, ਸਾਹ ਲੈਣ ’ਚ ਦਿੱਕਤ ਅਤੇ ਛਾਤੀ ਜਾਮ ਹੋਣਾ, ਦੌਰੇ ਪੈਣਾ, ਗਰਦਨ ਆਕੜ ਜਾਣਾ, ਸਦਮਾ ਲੱਗਣਾ ਆਦਿ ਸ਼ਾਮਲ ਹਨ। ਅਜਿਹੇ ਲੱਛਣ ਦਿਸਣ ’ਤੇ ਸਰਕਾਰੀ ਸਿਹਤ ਸੰਸਥਾ ਵਿਚ ਜਾਂਚ ਲਈ ਜਾਣਾ ਚਾਹੀਦਾ ਹੈ। ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।