ਵਿਦੇਸ਼ਾਂ ਤੋਂ ਡਿਪੋਰਟ ਹੋ ਕੇ ਆ ਰਹੇ ਨੋਜਵਾਨ ਰੋਜਗਾਰ ਸਥਾਪਿਤ ਕਰਨ ਲਈ ਬੈਕਫਿੰਕੋ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ: ਸੰਦੀਪ ਸੈਣੀ

Politics Punjab

ਚੰਡੀਗੜ੍ਹ, 17 ਫਰਵਰੀ

ਪੰਜਾਬ ਪਛੜ੍ਹੀਆਂ ਸ਼੍ਰੇਣੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ (ਬੈਕਫਿੰਕੋ) ਦੇ ਚੇਅਰਮੈਨ ਸ਼੍ਰੀ ਸੰਦੀਪ ਸੈਣੀ ਨੇ ਵਿਦੇਸ਼ਾਂ ਤੋਂ ਡਿਪੋਰਟ ਹੋ ਕੇ ਆ ਰਹੇ ਨੋਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਬੈਕਫਿੰਕੋ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਅਧੀਨ ਘੱਟ ਵਿਆਜ ਦੀ ਦਰ ਤੇ ਕਰਜਾ ਪ੍ਰਾਪਤ ਕਰਕੇ ਆਪਣਾ ਰੋਜਗਾਰ ਸਥਾਪਿਤ ਕਰਨ। ਸ਼੍ਰੀ ਸੈਣੀ ਨੇ ਅਮਰੀਕਾ ਤੋਂ ਡਿਪੋਰਟ ਕੀਤੇ ਨੋਜਵਾਨਾਂ ਨੂੰ ਹੱਥਕੜੀਆ ਲਗਾ ਕੇ ਵਾਪਿਸ ਭੇਜਣ ਅਤੇ ਜਹਾਜ਼ ਨੂੰ ਪੰਜਾਬ ਵਿੱਚ ਉਤਾਰਣ ਦੀ ਵੀ ਨਿਖੇਧੀ ਕੀਤੀ।

ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਸ਼੍ਰੀ ਸੰਦੀਪ ਸੈਣੀ ਨੇ ਕਿਹਾ ਕਿ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਦੀ ਅਗਵਾਈ ਹੇਠ ਪੰਜਾਬ ਪਛੜ੍ਹੀਆਂ ਸ਼੍ਰੇਣੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ (ਬੈਕਫਿੰਕੋ) ਵੱਲੋਂ ਪੰਜਾਬ ਰਾਜ ਦੀਆਂ ਪੱਛੜੀਆਂ ਸ੍ਰੇਣੀਆਂ, ਆਰਥਿਕ ਤੌਰ ਤੇ ਕੰਮਜੌਰ ਵਰਗ, ਅਤੇ ਘੱਟ ਗਿਣਤੀ ਵਰਗ (ਸਿੱਖ, ਮੁਸਲਮਾਨ, ਬੋਧੀ, ਜੈਣੀ ਆਦਿ) ਦੇ ਵਿਅਕਤੀਆਂ ਦਾ ਆਰਥਿਕ ਮਿਆਰ ਉੱਚਾ ਚੁੱਕਣ ਦੇ ਮਨੌਰਥ ਨਾਲ ਸਵੈ-ਰੁਜਗਾਰ ਸਕੀਮਾਂ ਲਈ ਘੱਟ ਵਿਆਜ ਦੀ ਦਰ ਤੇ ਕਰਜੇ ਮੁਹੱਇਆ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ ਜਾਣ ਨੂੰ ਤਰਜੀਹ ਦੇਣ ਦੀ ਜਗ੍ਹਾਂ ਨੌਜਵਾਨ ਆਪਣਾ ਰੋਜ਼ਗਾਰ ਸਥਾਪਤ ਕਰਨ ਲਈ ਬੈਕਫਿੰਕੋ ਦੇ ਸਮੂਹ ਜਿਲ੍ਹਿਆਂ ਵਿੱਚ ਸਥਿਤ ਫੀਲਡ ਦਫਤਰਾਂ ਨਾਲ ਸੰਪਰਕ ਕਰ ਸਕਦੇ ਹਨ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਜਿਕਰ ਕਰਦਿਆਂ,  ਸ਼੍ਰੀ ਸੰਦੀਪ ਸੈਣੀ ਨੇ ਕਿਹਾ ਕਿ ਬੀਤੇ 3 ਸਾਲਾਂ ਦੌਰਾਨ ਨੌਜਵਾਨਾਂ ਨੂੰ 50 ਹਜਾਰ ਤੋਂ ਵਧੇਰੇ ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਵੱਲੋਂ ਹਜਾਰਾਂ ਹੋਰ ਨੌਕਰੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਦੂਸਰੇ ਪਾਸੇ ਕੇਂਦਰ ਸਰਕਾਰ ਡਿਪੋਰਟ ਹੋ ਕੇ ਆ ਰਹੇ ਨੋਜਵਾਨਾਂ, ਜਿੰਨ੍ਹਾਂ ਵਿੱਚ ਦੂਸਰੇ ਰਾਜਾਂ ਗੁਜਰਾਤ, ਹਰਿਆਣਾ ਆਦਿ ਦੇ ਵੀ ਨੋਜਵਾਨ ਹਨ, ਨੂੰ ਪੰਜਾਬ ਵਿੱਚ ਉਤਾਰ ਕੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

Leave a Reply

Your email address will not be published. Required fields are marked *