ਡਿਪਟੀ ਕਮਿਸ਼ਨਰ ਨੇ ਟੀ ਬੀ ਦੇ ਖਾਤਮੇ ਲਈ ਟਾਸਕ ਫੋਰਸ ਕੀਤੀ ਗਠਿਤ

Amritsar Politics Punjab

ਅੰਮ੍ਰਿਤਸਰ 18 ਦਸੰਬਰ 2024–

ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਜਿਲ੍ਹੇ ਵਿੱਚ ਟੀ ਬੀ ਦੇ ਖਾਤਮੇ ਲਈ ਟਾਸਕ ਫੋਰਸ ਦਾ ਗਠਨ ਕਰਦੇ ਹੋਏ ਹਦਾਇਤ ਕੀਤੀ ਕਿ ਹਰੇਕ ਮਰੀਜ਼ ਦਾ ਰਿਕਾਰਡ ਰੱਖਿਆ ਜਾਵੇ ਅਤੇ ਹਰੇਕ ਲੋੜਵੰਦ ਮਰੀਜ਼ ਨੂੰ ਮਾਹਿਰਾਂ ਦੀ ਸਲਾਹ ਅਨੁਸਾਰ ਸਹੀ ਖੁਰਾਕ ਦਿੱਤੀ ਜਾਵੇ। ਅੱਜ ਵਿਸ਼ੇਸ਼ ਤੌਰ ਉੱਤੇ ਕੀਤੀ ਗਈ ਮੀਟਿੰਗ ਵਿੱਚ ਇਹ ਵੀ ਫੈਸਲਾ ਲਿਆ ਗਿਆ ਕਿ ਜੋ ਮਰੀਜ਼ ਆਰਥਿਕ ਤੌਰ ਉਤੇ ਅਸਮਰੱਥ ਹੋਣ ਕਾਰਨ ਸਹੀ ਖੁਰਾਕ ਨਹੀਂ ਲੈ ਰਹੇ, ਉਹਨਾਂ ਨੂੰ ਜਿਲਾ ਪ੍ਰਸ਼ਾਸਨ ਵੱਲੋਂ ਵੱਖ ਵੱਖ ਵਪਾਰਕ ਅਦਾਰਿਆਂ, ਰੈਡ ਕਰਾਸ, ਧਾਰਮਿਕ ਸੰਸਥਾਵਾਂ ਅਤੇ ਦਾਨੀ ਪੁਰਸ਼ਾਂ ਦੇ ਸਹਿਯੋਗ ਨਾਲ ਹਰ ਮਹੀਨੇ ਖੁਰਾਕ ਮੁਹਈਆ ਕਰਵਾਈ ਜਾਵੇ। ਡਿਪਟੀ ਕਮਿਸ਼ਨਰ ਨੇ ਇਸ ਲਈ ਸਾਰੇ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਸਹਿਯੋਗ ਵੀ ਲੈਣ ਦੀ ਹਦਾਇਤ ਕੀਤੀ ਅਤੇ ਉਨਾਂ ਖੁਦ ਵੀ ਆਪਣੇ ਵੱਲੋਂ 10 ਮਰੀਜ਼ ਖੁਰਾਕ ਲਈ ਅਡਾਪਟ ਕਰਨ ਦੀ ਪੇਸ਼ਕਸ਼ ਕੀਤੀ।

ਸ਼੍ਰੀਮਤੀ ਸਾਹਨੀ ਨੇ ਕਿਹਾ ਕਿ ਜ਼ਿਲ੍ਹੇ ਵਿੱਚੋਂ ਟੀ ਬੀ ਨੂੰ ਖਤਮ ਕਰਨ ਵਾਲਾ ਅੰਮ੍ਰਿਤਸਰ ਪਹਿਲਾ ਜ਼ਿਲ੍ਹਾ ਦੇਸ਼ ਭਰ ਵਿੱਚ ਹੋਣਾ ਚਾਹੀਦਾ ਹੈ ਅਤੇ ਇਸ ਲਈ ਜੋ ਵੀ ਸਮਾਂ, ਸਾਧਨ, ਪੈਸਾ ਅਤੇ ਐਨਰਜੀ ਲਗਾਉਣ ਦੀ ਲੋੜ ਹੋਈ ਅਸੀਂ ਲਗਾਵਾਂਗੇ।  ਉਹਨਾਂ ਜ਼ਿਲੇ ਵਿੱਚ ਮੌਜੂਦ 5 ਹਜਾਰ ਤੋਂ ਵੱਧ ਮਰੀਜ਼ਾਂ ਦੀ ਰਹਾਇਸ਼ ਅਨੁਸਾਰ ਮੈਪਿੰਗ ਕਰਨ ਦੀ ਹਦਾਇਤ ਵੀ ਕੀਤੀ ਤਾਂ ਜੋ ਉਹਨਾਂ ਦੇ ਇਲਾਕਿਆਂ ਨੂੰ ਧਿਆਨ ਵਿੱਚ ਰੱਖ ਕੇ ਆਸ਼ਾ ਵਰਕਰ ਜਾਂ ਹੋਰ ਕਰਮਚਾਰੀਆਂ ਦੀ ਡਿਊਟੀ ਅਜਿਹੇ ਮਰੀਜ਼ਾਂ ਦੀ ਦਵਾਈ ਅਤੇ ਖੁਰਾਕ ਮੁਹਈਆ ਕਰਵਾਉਣ ਲਈ ਲਗਾਈ ਜਾ ਸਕੇ। ਉਹਨਾਂ ਕਿਹਾ ਕਿ ਅਜਿਹੀ ਪ੍ਰਣਾਲੀ ਅਤੇ ਸਾਧਨ ਕਾਇਮ ਕੀਤੇ ਜਾਣ ਕਿ ਹਰੇਕ ਮਰੀਜ਼ ਨੂੰ ਰੋਜਾਨਾ ਦਵਾਈ ਲੈਣ ਲਈ ਮੋਬਾਇਲ ਉੱਤੇ ਦੋ ਵਾਰ ਮੈਸੇਜ ਜਾਵੇ ਅਤੇ ਇਸ ਤੋਂ ਇਲਾਵਾ ਜਦੋਂ ਉਸ ਦੀ ਖੁਰਾਕ ਜਾਂ ਦਵਾਈ ਮੁੱਕਦੀ ਹੈ ਤਾਂ ਉਸ ਨੂੰ ਹੈਲਪਲਾਈਨ ਨੰਬਰ ਦਿੱਤਾ ਜਾਵੇ ਜੋ ਕਿ ਫੋਨ ਕਰਕੇ ਸਹਾਇਤਾ ਲੈ ਸਕੇ। ਉਨਾਂ ਨੇ ਇਸ ਲਈ ਜੇਲ ਵਿੱਚ ਬੰਦ ਕੈਦੀਆਂ ਵਿੱਚੋਂ ਵੀ ਟੀ ਬੀ ਦੇ ਮਰੀਜ਼ਾਂ ਦੀ ਸ਼ਨਾਖਤ ਕਰਨ ਅਤੇ ਉਹਨਾਂ ਦਾ ਇਲਾਜ ਯਕੀਨੀ ਬਣਾਉਣ ਦੀ ਹਦਾਇਤ ਕੀਤੀ। ਅੱਜ ਦੀ ਮੀਟਿੰਗ ਵਿੱਚ ਸਹਾਇਕ ਕਮਿਸ਼ਨਰ ਸ੍ਰੀਮਤੀ ਸੋਨਮ,  ਸਿਵਲ ਸਰਜਨ ਸ੍ਰੀਮਤੀ ਕਿਰਨਦੀਪ ਕੌਰ, ਕੇਂਦਰੀ ਜੇਲ ਦੇ ਸੁਪਰਡੈਂਟ ਸ੍ਰੀ ਹੇਮੰਤ ਸ਼ਰਮਾ, ਜੀ ਐਮ ਇੰਡਸਟਰੀ ਮਾਨਵਪ੍ਰੀਤ ਸਿੰਘ, ਡਿਪਟੀ ਮੈਡੀਕਲ ਸਟੂਡੈਂਟ ਡਾ ਪੀਐਸ ਗਰੋਵਰ,  ਟੀ ਬੀ ਅਫਸਰ ਡਾ ਵਿਜੇ, ਡਾ ਗੁਨੀਤ,  ਵਿਸ਼ਵ ਬੈਂਕ ਦੇ ਸਲਾਹਕਾਰ ਡਾ ਪ੍ਰੀਤੋਸ਼ ਧਵਨ ਅਤੇ ਹੋਰ ਅਧਿਕਾਰੀ ਹਾਜ਼ਰ ਸਨ।