ਡਿਪਟੀ ਕਮਿਸ਼ਨਰ ਪਰਾਲੀ ਪ੍ਰਬੰਧਨ ਲਈ  ਮੁੜ ਖੇਤਾਂ ਵਿੱਚ ਪੁੱਜੇ

Amritsar Politics Punjab

ਅੰਮ੍ਰਿਤਸਰ,  1 ਅਕਤੂਬਰ 2024:

                ਜ਼ਿਲ੍ਹੇ ਦੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਸਮੇਂ ਸਿਰ ਮਸ਼ੀਨਰੀ ਉਪਲਬਧ ਕਰਵਾਉਣ, ਪਰਾਲੀ ਦੀ ਅੱਗ ਉੱਤੇ ਕਾਬੂ ਪਾਉਣ ਵਾਲੀਆਂ ਟੀਮਾਂ ਦੀ ਜਾਂਚ ਕਰਨ ਅਤੇ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਖੇਤਾਂ ਵਿੱਚ ਉਤਰਿਆ ਹੋਇਆ ਹੈ।

                ਡਿਪਟੀ ਕਮਿਸ਼ਨਰ ਨੇ ਅੱਜ ਪਿਛਲੇ ਸਾਲ ਹਾਟ ਸਪਾਟ ਰਹੇ ਭਾਵ ਜਿੱਥੇ ਵੱਧ ਪਰਾਲੀ ਨੂੰ ਅੱਗ ਲੱਗੀ ਸੀ, ਪਿੰਡ ਅਕਾਲਗੜ੍ਹ, ਭੀਲੋਵਾਲ, ਉਦੋਕੇ ਕਲਾਂ,ਭੋਏ ਵਾਲ ਅਤੇ ਛਾਪਾ ਰਾਮ ਸਿੰਘ ਦਾ ਦੌਰਾ ਕੀਤਾ। ਉਹਨਾਂ ਕਿਸਾਨਾਂ ਨਾਲ ਗੱਲਬਾਤ ਕਰਦਿਆਂ  ਕਿਹਾ ਕਿ ਪਰਾਲੀ ਪ੍ਰਬੰਧਨ ਕਰਨ ਲਈ ਕਿਸਾਨਾਂ ਨੂੰ ਇੰਨ ਸੀਟੂ ਤੇ ਐਕਸ ਸੀਟੂ ਲਈ ਬੇਲਰ, ਚੋਪਰ, ਸੁਪਰ ਸੀਡਰ ਤੇ ਸਰਫੇਸ ਸੀਡਰ ਵਰਗੀ ਜਿਹੜੀ ਵੀ ਮਸ਼ੀਨਰੀ ਦੀ ਜ਼ਰੂਰਤ ਹੋਵੇਗੀ ਉਹ ਮੁਹੱਈਆ ਕਰਵਾਈ ਜਾਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਪਰਾਲੀ ਤੇ ਹੋਰ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਤ ਕਰਨ ਵਾਸਤੇ ਖੇਤਾਂ ਵਿੱਚ ਪੁੱਜਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਾਰੇ ਐਸ.ਡੀ.ਐਮਜ਼ ਤੇ ਖੇਤੀਬਾੜੀ, ਮਾਲ, ਪੰਚਾਇਤ ਵਿਭਾਗ, ਪੰਜਾਬ ਫਾਇਰ ਸਰਵਿਸ ਤੇ ਸਹਿਕਾਰੀ ਸਭਾਵਾਂ ਦੇ ਅਧਿਕਾਰੀ ਖੇਤਾਂ ਵਿੱਚ ਜਾ ਕੇ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਡੀ.ਐਸ.ਪੀ. ਸ: ਰਵਿੰਦਰ ਸਿੰਘ,  ਖੇਤੀਬਾੜੀ ਅਧਿਕਾਰੀ ਤਜਿੰਦਰ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।

                ਪਿੰਡਾਂ ਦਾ ਦੌਰਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਬੇਲਰ ਨਾਲ ਗੰਢਾਂ ਬਣਾ ਰਹੇ ਕਿਸਾਨ ਨਾਲ ਖੇਤ ‘ਚ ਜਾ ਕੇ ਗੱਲਬਾਤ ਕੀਤੀ ਅਤੇ ਕਿਸਾਨ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਮੌਕੇ ਉਨ੍ਹਾਂ  ਨੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਇਸ ਨਾਲ ਹੁੰਦੇ ਵਾਤਾਵਰਣ ਪ੍ਰਦੂਸ਼ਣ ਨਾਲ ਬੱਚਿਆਂ ਤੇ ਬਜ਼ੁਰਗਾਂ ਸਮੇਤ ਖੇਤਾਂ ਵਿੱਚ ਕੰਮ ਕਰਦੇ ਕਿਸਾਨਾਂ ਦੀ ਸਿਹਤ ‘ਤੇ ਵੀ ਮਾੜਾ ਅਸਰ ਪੈਦਾ ਹੈ, ਜਮੀਨ ਦੀ ਉਪਜਾਊ ਸ਼ਕਤੀ ਕਮਜ਼ੋਰ ਹੁੰਦੀ ਹੈ ਤੇ ਰਸਾਇਣਿਕ ਖਾਦਾਂ ਉੱਤੇ ਅੰਦਰ ਭਰਤਾ ਵੱਧਦੀ ਹੈ। ਜਿਸ ਨਾਲ ਖੇਤੀ ਖਰਚੇ ਲੋੜ ਤੋਂ ਵੱਧ ਹੁੰਦੇ ਹਨ ਜੋ ਕਿ ਕਿਸਾਨਾਂ ਲਈ ਘਾਟੇ ਦਾ ਸੌਦਾ ਬਣਦੇ ਹਨ।