ਮਾਨਸਾ, 03 ਅਪ੍ਰੈਲ:
ਬਾਲ ਵਿਆਹ ਕਾਨੂੰਨੀ ਜ਼ੁਰਮ ਹੈ। ਵਿਆਹ ਦੀ ਉਮਰ ਲੜਕੀ ਲਈ ਘੱਟੋ ਘੱਟ 18 ਸਾਲ ਨਿਰਧਾਰਤ ਕੀਤੀ ਗਈ ਹੈ। ਇਸ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਬਾਲ ਵਿਆਹ ਦੀ ਪ੍ਰਥਾ ਨੂੰ ਰੋਕਿਆ ਜਾ ਸਕੇ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ, ਮਾਨਸਾ ਦੀ ਟਾਸਕ ਫੋਰਸ ਟੀਮ ਨਾਲ ਮੀਟਿੰਗ ਕਰਦਿਆਂ ਕੀਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਾਲ ਵਿਆਹ ਨਾਲ ਜਿੱਥੇ ਸਿਹਤ ਪੱਖੋਂ ਬੱਚਾ ਪ੍ਰਭਾਵਿਤ ਹੁੰਦਾ ਹੈ ਉੱਥੇ ਸਮਾਜਿਕ ਤੋਰ ‘ਤੇ ਵੀ ਬਾਲ ਵਿਆਹ ਬੱਚਿਆਂ ਦੀ ਤਰੱਕੀ ਅਤੇ ਮਾਨਸਿਕ ਵਿਕਾਸ ਵਿਚ ਰੁਕਾਵਟ ਪੈਦਾ ਕਰਦਾ ਹੈ। ਇਸ ਦੇ ਨਾਲ ਦੋ ਪਰਿਵਾਰਾਂ ਵਿਚ ਵੀ ਦਰਾਰ ਵਧਦੀ ਹੈ। ਵਿਆਹ ਦੇ ਲਈ ਬੱਚੇ ਦਾ ਮਾਨਸਿਕ ਤੌਰ ‘ਤੇ ਮਜ਼ਬੂਤ ਹੋਣਾ ਬਹੁਤ ਲਾਜ਼ਮੀ ਹੈ ਜੋ ਕਿ ਇਕ ਖਾਸ ਉਮਰ ਵਿਚ ਹੀ ਹੋਇਆ ਜਾ ਸਕਦਾ ਹੈ। ਉਨ੍ਹਾਂ ਟਾਸਕ ਫੋਰਸ ਦੇ ਮੈਂਬਰਾਂ ਨੂੰ ਬਾਲ ਵਿਆਹ ਰੋਕਣ ਅਤੇ ਬਾਲ ਅਧਿਕਾਰਾਂ ਬਾਰੇ ਮਾਪਿਆਂ ਨੂੰ ਜਾਗਰੂਕ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ।
ਇਸ ਮੌਕੇ ਬੋਲਦਿਆਂ ਬਾਲ ਸੁਰੱਖਿਆ ਅਫ਼ਸਰ ਨਤੀਸ਼ਾ ਅੱਤਰੀ ਨੇ ਮਾਨਸਾ ਜ਼ਿਲ੍ਹੇ ਵਿਚ ਜੋ ਬਾਲ ਵਿਆਹ ਰੋਕੇ ਗਏ ਹਨ ਉਨ੍ਹਾਂ ਦੀ ਰਿਪੋਰਟ ਸਾਂਝੀ ਕੀਤੀ ਅਤੇ ਟਾਸਕ ਫੋਰਸ ਦੇ ਕੰਮ ਦੱਸੇ। ਬਲਾਕ ਪੱਧਰ ‘ਤੇ ਐਸ.ਡੀ.ਐਮ. ਸਾਹਿਬਾਨ ਟਾਸਕ ਫੋਰਸ ਦੇ ਚੇਅਰਮੈਨ ਅਤੇ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਸਕੱਤਰ ਹੋਣਗੇ ਅਤੇ ਪੁਲਿਸ ਵਿਭਾਗ ਅਤੇ ਸਿੱਖਿਆ ਵਿਭਾਗ ਤੋਂ ਪ੍ਰਿੰਸੀਪਲ ਇਸ ਦੇ ਮੈਂਬਰ ਹੋਣਗੇ। ਇਹ ਟਾਸਕ ਫੋਰਸ ਜ਼ਿਲ੍ਹੇ ਅੰਦਰ ਬਾਲ ਵਿਆਹ ਨੂੰ ਰੋਕਣ ਲਈ ਕਾਰਜਸ਼ੀਲ ਰਹੇਗੀ।
ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਦੇ ਕਾਊਂਸਲਰ ਰਾਜਿੰਦਰ ਵਰਮਾ ਵੱਲੋਂ ਵੱਖ ਵੱਖ ਵਿਭਾਗਾਂ ਨੂੰ ਫੋਸਟਰ ਕੇਅਰ ਤੇ ਸਪੌਂਸਰਸ਼ਿਪ ਸਕੀਮ ਬਾਰੇ ਵਿਸਥਾਰਪੂਰਵਕ ਦੱਸਿਆ ਗਿਆ ਅਤੇ ਬੱਚਿਆਂ ਦੇ ਅਧਿਕਾਰਾਂ ਦੀ ਰਾਖੀ ਅਤੇ ਬਾਲ ਸੋਸ਼ਣ ਐਕਟ-2012 ਬਾਰੇ ਜਾਣੂ ਕਰਵਾਇਆ ਗਿਆ।
ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:) ਡਾ. ਪਰਮਜੀਤ ਸਿੰਘ ਭੋਗਲ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸ੍ਰੀ ਮਦਨ ਲਾਲ ਕਟਾਰੀਆ, ਸੀ.ਡੀ.ਪੀ.ਓ. ਬੁਢਲਾਡਾ ਨਿਰਮਲਾ ਕੌਰ, ਸੀ.ਡੀ.ਪੀ.ਓ. ਮਾਨਸਾ ਹਰਜਿੰਦਰ ਕੌਰ ਅਤੇ ਬਾਲ ਭਲਾਈ ਕਮੇਟੀ ਦੇ ਚੇਅਰਪਰਸਨ ਬੀਰਦਵਿੰਦਰ ਕੌਰ ਅਤੇ ਮੈਂਬਰ ਹਾਜ਼ਰ ਸਨ।
ਬਾਲ ਵਿਆਹ ਰੋਕਣ ਅਤੇ ਬਾਲ ਅਧਿਕਾਰਾਂ ਬਾਰੇ ਮਾਪਿਆਂ ਨੂੰ ਜਾਗਰੂਕ ਕਰੇ ਟਾਸਕ ਫੋਰਸ ਟੀਮ-ਡਿਪਟੀ ਕਮਿਸ਼ਨਰ


