ਪਰਾਲੀ ਪ੍ਰਬੰਧਨ ਲਈ ਸਬਸਿਡੀ ਤੇ ਲਈਆਂ ਮਸ਼ੀਨਾਂ ਹੋਰਨਾਂ ਕਿਸਾਨਾਂ ਨੂੰ ਵੀ ਕਿਰਾਏ ਤੇ ਦਿੱਤੀਆਂ ਜਾਣ

Fazilka Politics Punjab

ਫਾਜਿਲ਼ਕਾ, 3 ਨਵੰਬਰ
ਮੁੱਖ ਖੇਤੀਬਾੜੀ ਅਫ਼ਸਰ ਡਾ: ਸੰਦੀਪ ਰਿਣਵਾਂ ਨੇ ਅਪੀਲ ਕੀਤੀ ਹੈ ਕਿ ਜਿਹੜੇ ਕਿਸਾਨਾਂ ਨੇ ਵਿਭਾਗ ਦੀ ਸਬਸਿਡੀ ਰਾਹੀਂ ਪਰਾਲੀ ਪ੍ਰਬੰਧਨ ਵਾਲੀਆਂ ਮਸ਼ੀਨਾਂ ਦੀ ਖਰੀਦ ਕੀਤੀ ਹੈ ਉਹ ਇਹ ਮਸ਼ੀਨਾਂ ਆਪਣੀ ਵਰਤੋਂ ਤੋਂ ਬਾਅਦ ਹੋਰ ਕਿਸਾਨਾਂ ਨੂੰ ਕਿਰਾਏ ਤੇ ਵੀ ਦੇਣ ਤਾਂ ਜੋ ਜਿਆਦਾ ਤੋਂ ਜਿਆਦਾ ਪਰਾਲੀ ਸੰਭਾਲੀ ਜਾ ਸਕੇ ਅਤੇ ਮਸ਼ੀਨਾਂ ਦੀ ਵੀ ਵੱਧ ਤੋਂ ਵੱਧ ਵਰਤੋਂ ਕੀਤੀ ਜਾ ਸਕੇ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਸਾਰੀਆਂ ਮਸ਼ੀਨਾਂ ਸਬੰਧੀ ਰਿਕਾਰਡ ਰੱਖਿਆ ਜਾ ਰਿਹਾ ਹੈ ਅਤੇ ਅਜਿਹਾ ਨਾ ਕਰਨ ਵਾਲਿਆਂ ਖਿਲਾਫ ਵਿਭਾਗ ਕਾਰਵਾਈ ਕਰ ਸਕਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਸਬਸਿਡੀ ਤੇ ਮਸ਼ੀਨਾਂ ਲੈਣ ਵਾਲੇ ਕਿਸੇ ਵਿਅਕਤੀ ਨੇ ਪਰਾਲੀ ਸਾੜੀ ਤਾਂ ਉਸਦੇ ਖਿਲਾਫ ਹੋਰ ਕਾਨੂੰਨੀ ਕਾਰਵਾਈ ਕਰਨ ਦੇ ਨਾਲ ਨਾਲ ਮਸ਼ੀਨ ਵੀ ਵਿਭਾਗ ਜਬਤ ਕਰ ਸਕਦਾ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਪਰਾਲੀ ਨੂੰ ਸੰਭਾਲਣ ਲਈ ਮਸ਼ੀਨਾ ਦੀ ਜਿਆਦਾ ਤੋਂ ਜਿਆਦਾ ਵਰਤੋਂ ਕੀਤੀ ਜਾਵੇ।
ਮੁੱਖ ਖੇਤੀਬਾੜੀ ਅਫ਼ਸਰ ਨੇ ਇਹ ਵੀ ਦੱਸਿਆ ਕਿ ਉਨੱਤ ਕਿਸਾਨ ਐਪ ਰਾਹੀਂ ਵੀ ਕਿਸਾਨ ਆਪਣੇ ਨੇੜੇ ਉਪਲਬੱਧ ਮਸ਼ੀਨਾ ਦੀ ਜਾਣਕਾਰੀ ਹਾਸਲ ਕਰ ਸਕਦੇ ਹਨ ਅਤੇ ਨਾਲ ਦੀ ਨਾਲ ਇਸ ਐਪ ਰਾਹੀਂ ਹੀ ਮਸ਼ੀਨਾਂ ਦੀ ਬੁਕਿੰਗ ਕਰਵਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਵਿਭਾਗ ਨੇ ਮਸ਼ੀਨਾਂ ਦੀਆਂ ਸੂਚੀਆਂ ਪਿੰਡਾਂ ਦੀਆਂ ਸਾਂਝੀਆਂ ਥਾਂਵਾਂ, ਸਹਿਕਾਰੀ ਸਭਾਵਾਂ ਵਿਚ ਵੀ ਲਗਾਈਆਂ ਹਨ ਅਤੇ ਇਹ ਸੂਚੀਆਂ ਹਰੇਕ ਪਿੰਡ ਵਿਚ ਤਾਇਨਾਤ ਕੀਤੇ ਨੋਡਲ ਅਫ਼ਸਰ ਕੋਲ ਵੀ ਹਨ। ਇੱਥੋਂ ਕਿਸਾਨ ਪਿੰਡ ਵਿਚ ਉਪਲਬੱਧ ਮਸ਼ੀਨਾਂ ਵਾਲਿਆਂ ਦੀ ਜਾਣਕਾਰੀ ਲੈ ਕੇ ਮਸ਼ੀਨ ਕਿਰਾਏ ਤੇ ਲੈਕੇ ਪਰਾਲੀ ਸੰਭਾਲ ਕਰ ਸਕਦਾ ਹੈ। ਇਸਤੋਂ ਬਿਨ੍ਹਾਂ ਕਈ ਸਹਿਕਾਰੀ ਸਭਾਵਾਂ ਵਿਚ ਵੀ ਇਹ ਮਸ਼ੀਨਾ ਉਪਲਬੱਧ ਹਨ।
ਡਾ: ਰਿਣਵਾਂ ਨੇ ਕਿਹਾ ਕਿ ਪਰਾਲੀ ਨੂੰ ਸਾੜਨਾ, ਆਪਣਾ ਜਮੀਨ ਦੀ ਉਪਜਾਊ ਸ਼ਕਤੀ ਨੂੰ ਸਾੜਨਾ ਹੈ। ਕਿਸਾਨ ਭਰਾ ਅਜਿਹਾ ਨਾ ਕਰਨ। ਉਨ੍ਹਾਂ ਨੇ ਕਿਹਾ ਕਿ ਪਰਾਲੀ ਨੂੰ ਜੇਕਰ ਖੇਤ ਵਿਚ ਹੀ ਜਜਬ ਕਰਕੇ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ ਤਾਂ ਜਮੀਨ ਵਿਚ ਕਾਰਬਨਿਕ ਮਾਦਾ ਵੱਧਦਾ ਹੈ ਅਤੇ ਜਮੀਨ ਦੀ ਤਾਕਤ ਵੱਧਦੀ ਹੈ। ਉਨ੍ਹਾਂ ਨੇ ਕਿਹਾ ਕਿ ਹਜਾਰਾਂ ਕਿਸਾਨ ਪਿੱਛਲੇ ਕਈ ਸਾਲਾਂ ਤੋਂ ਇਹ ਵਿਧੀਆਂ ਇਸਤੇਮਾਲ ਕਰ ਰਹੇ ਹਨ। ਇਸ ਲਈ ਕਿਸਾਨ ਭਰਾ ਹੋਰ ਜਾਣਕਾਰੀ ਲਈ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਜਾਂ ਆਪਣੇ ਪਿੰਡ ਵਿਚ ਤਾਇਨਾਤ ਨੋਡਲ ਅਫ਼ਸਰ ਨਾਲ ਤਾਲਮੇਲ ਕਰਨ।