ਮੋਗਾ 30 ਮਾਰਚ:
ਡਿਪਟੀ ਕਮਿਸ਼ਨਰ ਮੋਗਾ ਸ੍ਰ ਕੁਲਵੰਤ ਸਿੰਘ ਅਤੇ ਸਹਾਇਕ ਕਮਿਸ਼ਨਰ (ਜ) ਸ੍ਰੀਮਤੀ ਸ਼ੁਭੀ ਆਂਗਰਾ ਦੀ ਯੋਗ ਅਗਵਾਈ ਹੇਠ ਚਲਾਏ ਜਾ ਰਹੇ ਸਵੀਪ ਪ੍ਰੋਗਰਾਮ ਤਹਿਤ ਮੋਗਾ ਜ਼ਿਲ੍ਹੇ ਦੀ ਗੋਪਾਲ ਗਊਸ਼ਾਲਾ ਵਿਖੇ ਸਵੀਪ ਟੀਮ ਵੱਲੋਂ ਆਮ ਲੋਕਾਂ ਦੀ ਵੋਟਿੰਗ ਵਿੱਚ ਸ਼ਮੂਲੀਅਤ ਵਧਾਉਣ ਲਈ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ ਵਿੱਚ ਜ਼ਿਲ੍ਹਾ ਸਵੀਪ ਟੀਮ ਅਤੇ ਐਨ.ਜੀ.ਓ ਦੀ ਤਰਫੋਂ ਪ੍ਰੋ: ਗੁਰਪ੍ਰੀਤ ਸਿੰਘ ਘਾਲੀ ਅਤੇ ਐਸ.ਕੇ.ਬਾਂਸਲ ਨੇ ਸ਼ਿਰਕਤ ਕੀਤੀ।
ਉਨ੍ਹਾਂ ਨੇ ਹਾਜ਼ਰ ਸਾਰੇ ਲੋਕਾਂ ਨੂੰ 01 ਜੂਨ 2024 ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ 2024 ਲਈ ਆਪਣੀ ਵੋਟ ਪਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅਸੀਂ ਆਪਣੇ ਦਿਨ ਦੀ ਸ਼ੁਰੂਆਤ ਚੰਗੇ ਕੰਮਾਂ ਨਾਲ ਕਰਦੇ ਹਾਂ, ਉਸੇ ਤਰ੍ਹਾਂ ਸਾਨੂੰ ਦੇਸ਼ ਦੇ ਹਿੱਤ ਵਿੱਚ ਵੀ ਕੰਮ ਕਰਨਾ ਚਾਹੀਦਾ ਹੈ ਅਤੇ ਪਹਿਲਾ ਕੰਮ ਦੇਸ਼ ਲਈ ਚੰਗੀ ਸਰਕਾਰ ਬਣਾਉਣਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਆਪਣੀ ਵੋਟ ਦੀ ਵਰਤੋਂ ਬਿਨਾਂ ਕਿਸੇ ਡਰ ਅਤੇ ਲਾਲਚ ਦੇ ਇਮਾਨਦਾਰੀ ਨਾਲ ਕਰਨੀ ਚਾਹੀਦੀ ਹੈ। ਉਹਨਾਂ ਸਮੂਹ ਨੂੰ ਪਰਿਵਾਰ ਸਮੇਤ ਵੋਟ ਪਾਉਣ ਲਈ ਪ੍ਰੇਰਿਤ ਕੀਤਾ। ਉਹਨਾਂ ਦੱਸਿਆ ਕਿ 85 ਸਾਲ ਤੋਂ ਵਧੇਰੇ ਉਮਰ ਦਾ ਵਿਅਕਤੀ ਘਰ ਬੈਠੇ ਹੀ ਵੋਟ ਪਾ ਸਕਦਾ ਹੈ, ਇਸ ਦੇ ਲਈ ਉਸ ਨੂੰ ਰਜਿਸਟਰੇਸ਼ਨ ਕਰਵਾਉਣੀ ਪਵੇਗੀ, ਜਿਸ ਵਿੱਚ ਬੀ.ਐੱਲ.ਓ. ਉਸਦੀ ਮਦਦ ਕਰ ਸਕਦਾ ਹੈ।
ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਜੇਕਰ ਹੁਣ ਤੱਕ ਜੇਕਰ ਕਿਸੇ ਦੀ ਵੋਟ ਨਹੀਂ ਬਣੀ ਤਾਂ ਵੀ ਉਹ ਆਪਣੀ ਵੋਟ ਬਣਵਾ ਸਕਦੇ ਹਨ। ਵੋਟਿੰਗ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਆਪਣੇ ਬੀ ਐਲ ਓ ਜਾਂ ਆਪਣੇ ਫ਼ੋਨ ਵਿੱਚ ਵੋਟਰ ਹੈਲਪਲਾਈਨ ਐਪ ਨੂੰ ਇੰਸਟਾਲ ਕੀਤਾ ਜਾ ਸਕਦਾ ਹੈ। ਇਸ ਐਪ ਰਾਹੀਂ, ਆਪਣੀ ਵੋਟ ਪਾਉਣ ਦੇ ਨਾਲ, ਆਪਣੇ ਵੋਟਰ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਤੋਂ ਇਲਾਵਾ ਵੋਟ ਕਟਵਾਈ ਵੀ ਜਾ ਸਕਦੀ ਹੈ। ਅਪਾਹਜ ਵੋਟਰ ਆਪਣੇ ਫੋਨ ‘ਤੇ ਸਕਸ਼ਮ ਐਪ ਨੂੰ ਸਥਾਪਿਤ ਕਰ ਸਕਦੇ ਹਨ ਅਤੇ ਬੂਥ ‘ਤੇ ਉਪਲਬਧ ਵੋਟਾਂ ਅਤੇ ਸਹਾਇਤਾ ਬਾਰੇ ਜਾਣ ਸਕਦੇ ਹਨ।
ਜੇਕਰ ਚੋਣਾਂ ਦੌਰਾਨ ਕੁਝ ਗਲਤ ਹੁੰਦਾ ਹੈ ਅਤੇ ਚੋਣ ਜ਼ਾਬਤੇ ਦੀ ਉਲੰਘਣਾ ਹੁੰਦੀ ਹੈ, ਤਾਂ ਸੀ-ਵਿਜੀਲ ਐਪ ‘ਤੇ ਇਸ ਦੀ ਸ਼ਿਕਾਇਤ ਕੀਤੀ ਜਾ ਸਕਦੀ ਹੈ। ਇਹ ਸਾਰੀਆਂ ਐਪਸ ਗੂਗਲ ਪਲੇ ਸਟੋਰ ਜਾਂ ਐਪਲ ਸਟੋਰ ਤੋਂ ਮਿਲਣਗੀਆਂ। ਚੋਣਾਂ ਜਾਂ ਵੋਟਿੰਗ ਨਾਲ ਸਬੰਧਤ ਕਿਸੇ ਵੀ ਸ਼ੰਕੇ ਨੂੰ ਦੂਰ ਕਰਨ ਲਈ ਹੈਲਪਲਾਈਨ ਨੰਬਰ 1950 ‘ਤੇ ਕਾਲ ਕਰਨੀ ਚਾਹੀਦੀ ਹੈ। ਬੂਥ ‘ਤੇ ਉਪਲਬਧ ਸਹੂਲਤਾਂ ਜਿਵੇਂ ਵੀਲ੍ਹ ਚੇਅਰ ਦੀ ਸਹੂਲਤ, ਬੈਠਣ ਲਈ ਕੁਰਸੀਆਂ ਦੀ ਸਹੂਲਤ, ਪੀਣ ਵਾਲੇ ਸਾਫ਼ ਪਾਣੀ ਦੀ ਸਹੂਲਤ, ਟਾਇਲਟ ਦੀ ਸਹੂਲਤ, ਵਲੰਟੀਅਰਾਂ ਆਦਿ ਬਾਰੇ ਵੀ ਸਾਰਿਆਂ ਨੂੰ ਜਾਣਕਾਰੀ ਦਿੱਤੀ ਅਤੇ ਚੋਣ ਕਮਿਸ਼ਨ ਅਤੇ ਈ.ਵੀ.ਐਮਜ਼ ਅਤੇ ਵੀ.ਵੀ.ਪੀ.ਏ.ਟੀ. ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਇਸ ਸਮੇਂ ਦੀਪਕ ਕੁਮਾਰ, ਪਰਸ਼ੋਤਮ ਲਾਲ, ਗੌਰਵ ਕੁਮਾਰ, ਅਮਰੀਸ਼ ਕੁਮਾਰ, ਸ੍ਰੀ ਨਾਥ, ਰਾਮ ਦੱਤਾ, ਗੁਰਜੰਟ ਸਿੰਘ ਆਦਿ ਸਮੇਤ ਗੋਪਾਲ ਗਊਸ਼ਾਲਾ ਦਾ ਸਟਾਫ਼ ਹਾਜ਼ਰ ਸੀ |
ਗੋਪਾਲ ਗਊਸ਼ਾਲਾ ਮੋਗਾ ਵਿੱਚ ਵੋਟ ਨੂੰ ਸਹੀ ਤੇ ਬਿਨਾਂ ਕਿਸੇ ਲਾਲਚ ਡਰ ਤੋਂ ਵਰਤਣ ਸੰਬੰਧੀ ਫੈਲਾਈ ਜਾਗਰੂਕਤਾ


