ਸੜਕ ਦੁਰਘਟਨਾ ਵਿੱਚ ਵਿਦਿਆਰਥਣ ਦੀ ਮੌਤ ਤੇ ਸਪੀਕਰ ਸੰਧਵਾਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ

Politics Punjab

ਫ਼ਰੀਦਕੋਟ 19 ਦਸੰਬਰ,2024

ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਵਲੋਂ ਅੱਜ ਸਵੇਰੇ ਪਿੰਡ ਕਲੇਰ ਨਜਦੀਕ ਸਕੂਲ ਵੈਨ ਅਤੇ ਬੱਸ ਵਿਚਕਾਰ ਹੋਈ ਟੱਕਰ ਵਿੱਚ ਜਖਮੀ ਵਿਦਿਆਰਥੀਆਂ ਦਾ ਹਾਲ ਚਾਲ ਜਾਨਣ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਦਾ ਦੌਰਾ ਕੀਤਾ ਗਿਆ । ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ । ਉਨ੍ਹਾਂ ਕਿਹਾ ਕਿ ਜਖ਼ਮੀ ਹੋਏ ਵਿਅਕਤੀਆਂ ਅਤੇ ਬੱਚਿਆਂ ਦੇ ਬਿਹਤਰ ਇਲਾਜ਼ ਲਈ ਉਹ ਸਿਵਲ ਪ੍ਰਸਾਸ਼ਨ ਦੇ ਲਗਾਤਾਰ ਸੰਪਰਕ ਵਿੱਚ ਹਨ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਬਲੈਕ ਸਪਾਟਾਂ ਦੀ ਪਛਾਣ ਕੀਤੀ ਜਾਵੇ ਅਤੇ ਓਵਰ ਸਪੀਡ ਬੱਸਾਂ ਆਦਿ ਦਾ ਚਲਾਨ ਕੱਟਿਆ ਜਾਵੇ। ਉਨ੍ਹਾਂ ਕਿਹਾ ਕਿ ਬੱਚਿਆਂ ਦੀਆਂ ਜਾਨਾਂ ਦੇ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ । ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਸਕੂਲੀ ਅਧਿਕਾਰੀਆਂ ਨਾਲ ਮੀਟਿੰਗ ਕਰਨ ਦੀ ਹਦਾਇਤ ਕੀਤੀ । ਇਸ ਮੌਕੇ ਡੀ.ਆਈ.ਜੀ. ਸ੍ਰੀ ਅਸ਼ਵਨੀ ਕੁਮਾਰ, ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ, ਐਸ.ਐਸ.ਪੀ ਡਾ. ਪ੍ਰੱਗਿਆ ਜੈਨ ਅਤੇ ਚੇਅਰਮੈਨ ਪਲਾਨਿੰਗ ਬੋਰਡ ਸ. ਸੁਖਜੀਤ ਸਿੰਘ ਢਿੱਲਵਾਂ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਸਪੀਕਰ  ਸੰਧਵਾਂ ਨੇ ਕਿਹਾ ਕਿ ਟੱਕਰ ਦਰਮਿਆਨ ਬੱਚੀ ਏਕਨੂਰ ਥਾਪਰ ਵਾਸੀ ਕੋਟਸੁਖੀਆ ਦੇ ਦੁਖਦਾਈ ਚਲਾਣੇ ਦੀ ਖ਼ਬਰ ਸੁਣਕੇ ਮਨ ਨੂੰ ਬੇਹੱਦ ਠੇਸ ਪੁੱਜੀ ਹੈ, ਗੁਰੂ ਸਾਹਿਬ ਬੱਚੀ ਨੂੰ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।  

ਉਨ੍ਹਾਂ ਧੁੰਦ ਦੇ ਮੱਦੇਨਜ਼ਰ ਸਫ਼ਰ ਕਰਨ ਵਾਲੇ ਸਾਰੇ ਹੀ ਰਾਹਗੀਰਾਂ, ਸਕੂਲੀ ਵਿਦਿਆਰਥੀਆਂ ਅਤੇ ਰੋਜ਼ਾਨਾ ਆਉਣ ਜਾਣ ਵਾਲੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਦੇ ਨਾਲ ਨਾਲ ਕਦੇ ਨਾ ਪੁੱਜਣ ਨਾਲੋਂ ਦੇਰੀ ਭਲੀ ਦੀ ਕਹਾਵਤ ਅਨੁਸਾਰ ਸਫ਼ਰ ਦੌਰਾਨ ਕਦੇ ਵੀ ਜਲਦਬਾਜ਼ੀ ਨਾ ਕੀਤੀ ਜਾਵੇ।

ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ । ਉਨ੍ਹਾਂ ਕਿਹਾ ਕਿ ਰੋਡ ਸੇਫਟੀ ਪਾਲਿਸੀ ਤਹਿਤ ਕਾਫੀ ਕੰਮ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਸਬੰਧੀ ਹੋਰ ਸਖਤੀ ਵਰਤੀ ਜਾਵੇਗੀ । ਉਨ੍ਹਾਂ ਨੇ ਵਾਹਨ ਚਾਲਕਾਂ ਨੂੰ ਵੀ ਅਪੀਲ ਕੀਤੀ ਕਿ ਧੁੰਦ ਦੇ ਮੌਸਮ ਦੌਰਾਨ ਵਾਹਨਾਂ ਦੀ ਰਫ਼ਤਾਰ ਮੱਠੀ ਰੱਖਣ ਦੇ ਨਾਲ-ਨਾਲ ਗੱਡੀਆਂ ਦੀਆਂ ਲਾਈਟਾਂ ਅਤੇ ਇਸ਼ਾਰੇ ਪੂਰੀ ਤਰ੍ਹਾਂ ਕੰਮ ਕਰਦੇ ਰੱਖਣੇ ਚਾਹੀਦੇ ਹਨ ਤਾਂ ਜੋ ਕਿਸੇ ਵੀ ਅਣਹੋਣੀ ਘਟਨਾ ਤੋਂ ਬਚਿਆ ਜਾ ਸਕੇ। 

ਐਸ.ਐਸ.ਪੀ ਡਾ. ਪ੍ਰਗਿਆ ਜੈਨ ਨੇ ਬੱਚਿਆਂ ਦੇ ਮਾਪਿਆਂ ਅਤੇ ਸਕੂਲ ਮੈਨੇਜਮੈਂਟ ਨੂੰ ਅਪੀਲ ਕੀਤੀ ਕਿ ਉਹ ਆਪਣੇ ਲੈਵਲ ਤੇ ਵੀ ਸਕੂਲ ਬੱਸਾਂ ਆਦਿ ਦੀ ਚੈਕਿੰਗ ਕਰਦੇ ਰਹਿਣ ਤਾਂ ਜੋ ਅਜਿਹੀਆਂ ਅਣਸੁਖਾਵੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ ।

Leave a Reply

Your email address will not be published. Required fields are marked *