ਕੋਟਕਪੂਰਾ 19 ਫ਼ਰਵਰੀ,2024
ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਪਿੰਡ ਨੰਗਲ ਵਿਖੇ 14 ਲਾਭਪਾਤਰੀਆਂ ਨੂੰ ਪੰਜਾਬ ਵਿਲੇਜ਼ ਕਾਮਨ ਲੈਂਡਜ (ਰੈਗੂਲੇਸ਼ਨ ) ਐਕਟ ਤਹਿਤ ਪਲਾਟ ਅਲਾਟ ਕੀਤੇ ਗਏ। ਉਨ੍ਹਾਂ ਦੱਸਿਆ ਕਿ ਜਿਸ ਲਾਭਪਾਤਰੀ ਨੂੰ ਪਲਾਟ ਅਲਾਟ ਕੀਤਾ ਗਿਆ ਹੈ ਉਸ ਨੂੰ ਤਿੰਨ ਸਾਲ ਦੇ ਅੰਦਰ ਅੰਦਰ ਮਕਾਨ ਦੀ ਉਸਾਰੀ ਕਰਨੀ ਹੋਵੇਗੀ। ਜੇਕਰ ਅਲਾਟਮੈਂਟ ਦੀ ਮਿਤੀ ਤੋਂ ਤਿੰਨ ਸਾਲ ਦੇ ਅੰਦਰ ਅੰਦਰ ਉਹ ਮਕਾਨ ਦੀ ਉਸਾਰੀ ਨਹੀਂ ਕਰਦਾ ਤਾਂ ਉਸ ਨੂੰ ਦਿੱਤਾ ਗਿਆ ਪਲਾਟ ਮੁੜ ਵਾਪਸ ਲੈ ਲਿਆ ਜਾਵੇਗਾ।
ਸ. ਸੰਧਵਾਂ ਨੇ ਕਿਹਾ ਕਿ ਜਿਸ ਲਾਭਪਾਤਰੀ ਨੂੰ ਇਸ ਸਕੀਮ ਅਧੀਨ ਪਲਾਟ ਦਿੱਤਾ ਗਿਆ ਹੈ, ਉਹ ਉਸ ਪਲਾਟ ਨੂੰ ਅੱਗੇ ਵੇਚ ਜਾਂ ਬਦਲ ਨਹੀਂ ਸਕੇਗਾ ਅਤੇ ਨਾਂ ਹੀ ਅੱਗੇ ਕਿਸੇ ਨੂੰ ਗਹਿਣੇ ਆਦਿ ਤੇ ਦੇਵੇਗਾ। ਪਰੰਤੂ ਮਕਾਨ ਉਸਾਰੀ ਦੇ ਲਈ ਕਰਜਾ ਲੈਣ ਲਈ ਉਸ ਨੂੰ ਇਹ ਪਲਾਟ ਗਹਿਣੇ ਕਰਨ ਦੀ ਇਜਾਜ਼ਤ ਹੋਵੇਗੀ।
ਉਨ੍ਹਾਂ ਕਿਹਾ ਕਿ ਇਹ ਕੰਮ ਅੱਗੇ ਵੀ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਜੋ ਵੀ ਸੇਵਾਵਾਂ ਸਰਕਾਰ ਨੇ ਆਮ ਲੋਕਾਂ ਨੂੰ ਦੇਣੀਆਂ ਹਨ, ਉਸ ਲਈ ਸਰਕਾਰ ਵਚਨਬੱਧ ਹੈ ਅਤੇ ਲਗਾਤਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਵਿੱਚ ਲੱਗੀ ਹੋਈ ਹੈ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਨੇ ਹੀ ਬਣਾਈ ਹੈ।ਉਨ੍ਹਾਂ ਕਿਹਾ ਕਿ ਹੁਣ ਆਮ ਘਰਾਂ ਦੇ ਬੱਚੇ ਬਿਨਾਂ ਕਿਸੇ ਰਿਸ਼ਵਤ ਦੇ ਨੌਕਰੀਆਂ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਬਾਰੇ ਵੀ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ “ਆਪ ਦੀ ਸਰਕਾਰ ਆਪ ਦੇ ਦੁਆਰ” ਵਰਗੇ ਪ੍ਰੋਗਰਾਮ ਉਲੀਕੇ ਗਏ ਹਨ ਜਿਸ ਤਹਿਤ ਸਰਕਾਰੀ ਨੁਮਾਇੰਦੇ ਉਨ੍ਹਾਂ ਦੇ ਘਰਾਂ ਤੱਕ ਆ ਕੇ ਸੇਵਾਵਾਂ ਮੁਹੱਈਆ ਕਰਵਾ ਰਹੇ ਹਨ।
ਇਸ ਮੌਕੇ ਸੁਖਜੀਤ ਸਿੰਘ ਢਿੱਲਵਾਂ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਫਰੀਦਕੋਟ, ਸੁਖਵੰਤ ਸਿੰਘ ਸਰਾਂ ਪੱਕਾ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਫਰੀਦਕੋਟ, ਜਸਵੀਰ ਸਿੰਘ ਜੱਸਾ ਸਿੱਧੂ ਵਾਈਸ ਪ੍ਰਧਾਨ ਆਮ ਆਦਮੀ ਪਾਰਟੀ ਯੂਥ ਵਿੰਗ ਫਰੀਦਕੋਟ, ਬੱਬੂ ਸੇਖੋਂ,ਯਾਦਵਿੰਦਰ ਸਿੰਘ ਯਾਦੂ ਸਮੇਤ ਹੋਰ ਅਧਿਕਾਰੀ ਹਾਜਰ ਸਨ।