ਮੋਗਾ, 20 ਦਸੰਬਰ,
ਨੈਸ਼ਨਲ ਲੀਗਲ ਸਰਵਿਸ ਅਥਾਰਟੀ ਨਵੀਂ ਦਿੱਲੀ, ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ. ਨਗਰ ਦੇ ਦਿਸ਼ਾ ਨਿਰਦੇਸ਼ਾਂ ਤੇ ਨੈਸ਼ਨਲ ਮਿਸ਼ਨ ਫਾਰ ਵੂਮੈਨ ਦੇ ਸਹਿਯੋਗ ਨਾਲ,ਸ. ਹਰਜੀਤ ਸਿੰਘ ਮਾਨਯੋਗ ਇੰਚਾਰਜ ਜ਼ਿਲ੍ਹਾ ਤੇ ਸੈਸ਼ਨਜ ਜੱਜ-ਕਮ-ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਦੀ ਅਗਵਾਈ ਹੇਠ ਸ਼੍ਰੀਮਤੀ ਕਿਰਨ ਜਯੋਤੀ, ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਸਿਵਲ ਸਰਜਨ ਮੋਗਾ ਅਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਮੋਗਾ ਦੇ ਸਹਿਯੋਗ ਨਾਲ ਬਾਬਾ ਈਸ਼ਰ ਸਿੰਘ ਇੰਸਟੀਚਿਊਟ ਕੋਟ ਈਸੇ ਖਾਂ ਮੋਗਾ ਵਿਖੇ ਮਹਿਲਾ ਸਸ਼ਕਤੀਕਰਨ ਤਹਿਤ ਲੀਗਲ ਲਿਟਰੇਸੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਤੇ ਐਡਵੋਕੇਟ ਸ਼੍ਰੀ ਰਾਜੇਸ਼ ਸ਼ਰਮਾ ਪੈਨਲ ਐਡਵੋਕੇਟ ਅਤੇ ਮਿਸ ਮਨਦੀਪ ਕੌਰ ਪੈਨਲ ਐਡਵੋਕੇਟ ਵੱਲੋਂ ਬਤੌਰ ਰਿਸੋਰਸ ਪਰਸਨ ਦੇ ਤਹਿਤ ਸੈਮੀਨਾਰ ਵਿਚ ਲੜਕੀਆਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਸਕੀਮਾਂ, ਕੁੜੀਆਂ ਅਤੇ ਔਰਤਾਂ ਦੇ ਹੱਕਾਂ ਬਾਰੇ ਵਿਸਥਾਰ ਨਾਲ ਜਾਣੂੰ ਕਰਵਾਇਆ ਅਤੇ ਉਸ ਤੋਂ ਬਾਅਦ ਉਹਨਾਂ ਲੜਕੀਆਂ ਨੂੰ ਆਪਣੀ ਪੜ੍ਹਾਈ ਤੋਂ ਬਾਅਦ ਨੌਕਰੀ ਦੇ ਮਾਹੌਲ ਵਿੱਚ ਆਉਣ ਵਾਲੀਆਂ ਔਕੜਾਂ ਬਾਰੇ ਜਾਣੂੰ ਕਰਵਾਇਆ ਅਤੇ ਨੌਕਰੀ ਦੌਰਾਨ ਆਉਣ ਵਾਲੀਆਂ ਔਕੜਾਂ ਤੋਂ ਬਚਣ ਲਈ ਕੁੜੀਆਂ ਦੇ ਸਬੰਧ ਵਿੱਚ ਬਣੇ ਹੋਏ ਕਾਨੂੰਨਾਂ ਬਾਰੇ ਜਾਣੂੰ ਕਰਵਾਇਆ ਅਤੇ ਇਹ ਵੀ ਦੱਸਿਆ ਕਿ ਹਰ ਇੱਕ ਸਰਕਾਰੀ ਜਾਂ ਗੈਰ ਸਰਕਾਰੀ ਸੰਸਥਾ ਜਿੱਥੇ ਵੀ ਕੋਈ ਔਰਤ ਨੌਕਰੀ ਕਰਦੀ ਹੈ ਤਾਂ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਉੱਥੇ ਇੱਕ ਕਮੇਟੀ ਬਣਾਈ ਜਾਂਦੀ ਹੈ ਜੋ ਕਿ ਕੁੜੀਆਂ ਦੇ ਜਿਨਸੀ ਸੁਰੱਖਿਆ ਲਈ ਬਣਾਈ ਜਾਂਦੀ ਹੈ। ਇਸਦੀ ਮੁੱਖ ਮੰਤਵ ਕੁੜੀਆਂ ਨੂੰ ਕੰਮ ਕਰਨ ਵਿੱਚ ਪੇਸ਼ ਆਉਣ ਵਾਲੀਆਂ ਦਿੱਕਤਾਂ ਨਾਲ ਨਜਿੱਠਣ ਹੈ।
ਇਸ ਤੋਂ ਇਲਾਵਾ ਉਹਨਾਂ ਕੁੜੀਆਂ ਨੂੰ ਆਈ.ਪੀ.ਸੀ ਦੀ ਧਾਰਾ 354 ਦੇ ਵਿੱਚ ਹੋਈਆਂ ਸੋਧਾਂ ਬਾਰੇ ਜਾਣੂੰ ਕਰਵਾਇਆ ਤਾਂ ਜੋ ਕੰਮ ਕਰਨ ਦੇ ਮਾਹੌਲ ਨਾਲ ਉਹਨਾਂ ਨੂੰ ਸਮਾਜ਼ ਵਿੱਚ ਵੀ ਵਿਚਰਨ ਲਈ ਕੋਈ ਦਿੱਕਤ ਪੇਸ਼ ਨਾ ਆਵੇ।
ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਵਿਸਥਾਰ ਵਿੱਚ ਦੱਸਿਆ ਕਿ ਕੋਈ ਵੀ ਵਿਅਕਤੀ ਜੋ ਅਨੁਸੂਚਿਤ ਜਾਤੀ ਨਾਲ ਸਬੰਧ ਰੱਖਦਾ ਹੋਵੇ, ਔਰਤ, ਹਿਰਾਸਤ ਵਿੱਚ ਵਿਅਕਤੀ, ਬੇਗਾਰ ਦਾ ਮਾਰਿਆ ਹੋਇਆ ਵਿਅਕਤੀ ਅਤੇ ਜਿਸ ਵਿਅਕਤੀ ਦੀ ਸਲਾਨਾ ਆਮਦਨ 3 ਲੱਖ ਰੁਪਏ ਤੋਂ ਘੱਟ ਹੋਵੇ ਉਸ ਨੂੰ ਮੁਫ਼ਤ ਕਾਨੂੰਨੀ ਸੇਵਾ ਪ੍ਰਦਾਨ ਕੀਤੀ ਜਾਂਦੀ ਹੈ। ਮੁਫ਼ਤ ਕਾਨੂੰਨੀ ਸੇਵਾ ਵਿੱਚ ਵਕੀਲਾਂ ਦੀਆਂ ਸੇਵਾਵਾਂ, ਕੋਰਟ ਫੀਸ, ਗਵਾਹਾਂ ਦੇ ਖਰਚੇ ਆਦਿ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਅਦਾ ਕੀਤੇ ਜਾਂਦੇ ਹਨ। ਇਸ ਮੌਕੇ ਨਾਲਸਾ ਵੱਲੋਂ ਜਾਰੀ ਕੀਤਾ ਗਿਆ ਟੋਲ ਫਰੀ ਹੈਲਪਲਾਈਨ ਨੰਬਰ 15100 ਬਾਰੇ ਵੀ ਦੱਸਿਆ ਗਿਆ।
ਇਸ ਮੌਕੇ ਤੇ ਕਾਲਜ ਦੇ ਡਾਇਰੈਕਟਰ ਡਾ. ਦਲਜੀਤ ਸਿੰਘ ਵੀ ਮੌਜੂਦ ਸਨ।ਅੰਤ ਵਿੱਚ ਕਾਲਜ ਦੇ ਡਾਇਰੈਕਟਰ ਵੱਲੋਂ ਮਿਸ ਕਿਰਨ ਜਯੋਤੀ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਦਾ ਲੀਗਲ ਲਿਟਰੇਸੀ ਸੈਮੀਨਾਰ ਲਗਾਉਣ ਲਈ ਧੰਨਵਾਦ ਕੀਤਾ।