ਚੰਡੀਗੜ੍ਹ/ ਭਰਤਗੜ੍ਹ (ਕੀਰਤਪੁਰ ਸਾਹਿਬ) 11 ਮਈ:
ਸਤਿਗੁਰ ਭਗਤ ਕਬੀਰ ਸਾਹਿਬ ਜੀ ਨੇ ਸਮੁੱਚੀ ਮਾਨਵਤਾਂ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਨੇ ਜਾਤ ਪਾਤ, ਊਚ ਨੀਚ ਤੋ ਉੱਪਰ ਉੱਠ ਕੇ ਬਰਾਬਰੀ ਅਤੇ ਮਨੁੱਖਤਾ ਦੀ ਭਲਾਈ ਨੂੰ ਅਵਾਮ ਤੱਕ ਪਹੁੰਚਾਇਆ ਹੈ। ਇਹ ਪ੍ਰਗਟਾਵਾ ਕੈਬਿਨਟ ਮੰਤਰੀ ਸ੍ਰੀ ਮੋਹਿੰਦਰ ਭਗਤ ਨੇ ਅੱਜ ਸਤਿਗੁਰ ਕਬੀਰ ਸਾਹਿਬ ਧਾਮ ਭਰਤਗੜ੍ਹ ਵਿਖੇ ਸਤਿਗੁਰ ਭਗਤ ਕਬੀਰ ਜੀ ਦੇ 627ਵੇਂ ਪ੍ਰਗਟ ਦਿਵਸ ਮੌਕੇ ਆਯੋਜਿਤ ਰਾਜ ਪੱਧਰੀ ਸਮਾਗਮ ਵਿੱਚ ਜੁੜੇ ਇਲਾਕਾ ਵਾਸੀਆਂ ਦੇ ਭਰਵੇਂ ਤੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ।
ਉਨ੍ਹਾਂ ਨੇ ਕਿਹਾ ਕਿ ਭਗਤ ਕਬੀਰ ਜੀ ਨੇ ਆਪਣੀਆ ਲਿਖਤਾਂ ਨਾਲ ਭਗਤੀ ਲਹਿਰ ਉੱਤੇ ਬਹੁਤ ਪ੍ਰਭਾਵ ਪਾਇਆ ਹੈ, ਕਬੀਰ ਸਾਹਿਬ ਜੀ ਦਾ ਸਿੱਖ ਧਰਮ ਸਮੇਤ ਹੋਰ ਧਰਮਾਂ ਤੇ ਬਹੁਤ ਡੂੰਘਾ ਪ੍ਰਭਾਵ ਹੈ। ਉਨ੍ਹਾਂ ਨੇ ਕਿਹਾ ਕਿ ਭਗਤ ਕਬੀਰ ਜੀ ਨੇ ਕਿਹਾ ਹੈ ਕਿ ਸਾਰੇ ਧਰਮ ਇੱਕ ਹਨ ਅਤੇ ਮਾਨਵਤਾ ਦੇ ਕਲਿਆਣ ਦਾ ਸੰਦੇਸ਼ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਕਬੀਰ ਜੀ ਨੇ ਹਮੇਸ਼ਾ ਫਿਰਕਾ ਪ੍ਰਸਤੀ ਦਾ ਵਿਰੋਧ ਕੀਤਾ ਹੈ ਅਤੇ ਭਾਰਤ ਦੀ ਵਿਚਾਰਧਾਰਾ ਨੂੰ ਇੱਕ ਨਵੀ ਦਿਸ਼ਾ ਪ੍ਰਦਾਨ ਕੀਤੀ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਸਤਿਗੁਰ ਕਬੀਰ ਸਮਾਜ ਸਭਾ ਭਰਤਗੜ੍ਹ ਰੂਪਨਗਰ, ਕਬੀਰ ਪੰਥ ਮਹਾਂ ਸਭਾ ਪੰਜਾਬ, ਕਬੀਰ ਪੰਥ ਮਹਾਂਸਭਾ ਭਾਰਤ ਅਤੇ ਸਮੂਹ ਕਮੇਟੀ ਮੈਂਬਰ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਅਜਿਹੇ ਸਮਾਗਮ ਕਰਵਾ ਕੇ ਕਬੀਰ ਪੰਥੀਆਂ ਨੂੰ ਇੱਕ ਲੜੀ ਵਿਚ ਪਰੋਣ ਦਾ ਉਪਰਾਲਾ ਕੀਤਾ ਹੈ। ਉਨ੍ਹਾਂ ਨੇ ਸੰਸਥਾ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਗਿਆਨੀ ਕੰਵਰ ਹਰਮਿੰਦਰ ਸਿੰਘ ਨਿਸ਼ਕਾਮ ਸੇਵਾ (ਕੀਰਤਨੀ ਜਥਾ), ਢਾਡੀ ਜਥਾ ਭਾਈ ਗੁਰਦੇਵ ਸਿੰਘ ਘੋਨਾ ਵੱਲੋਂ ਰਸਭਿੰਨਾ ਕੀਰਤਨ ਕੀਤਾ ਗਿਆ।
ਇਸ ਮੌਕੇ ਕੈਬਨਿਟ ਮੰਤਰੀ ਮੋਹਿੰਦਰ ਭਗਤ ਦਾ ਸਮਾਗਮ ਵਿਚ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ, ਜਿਲ੍ਹਾ ਪ੍ਰਸਾਸ਼ਨ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ। ਇਸ ਸਮਾਗਮ ਵਿਚ ਰਜਿੰਦਰ ਸਿੰਘ ਕੋਡਲ ਪ੍ਰਧਾਨ ਕਬੀਰ ਪੰਥ ਮਹਾਂਸਭਾ ਪੰਜਾਬ, ਰਾਮ ਸਰੂਪ ਜਨਰਲ ਸਕੱਤਰ, ਦਰਸ਼ਨ ਸਿੰਘ ਉਪ ਪ੍ਰਧਾਨ, ਅਮਰੀਕ ਸਿੰਘ ਸੀਨੀਅਰ ਮੀਤ ਪ੍ਰਧਾਨ, ਜਤਿੰਦਰ ਸਿੰਘ ਕੋਡਲ ਤੇ ਪਰਮਜੀਤ ਸਿੰਘ ਖਜਾਨਚੀ, ਰਜਿੰਦਰ ਸਿੰਘ ਢੇਰ ਫੀਲਡ ਸੈਕਟਰੀ, ਕੁਲਵੰਤ ਸਿੰਘ ਉਪ ਪ੍ਰਧਾਨ, ਰਾਮ ਕੁਮਾਰ ਕਮੇਟੀ ਮੈਂਬਰ, ਸੁਖਬੀਰ ਸਿੰਘ ਕੋਡਲ ਮੈਂਬਰ, ਰਾਜੀਵ ਪ੍ਰਮਾਰ ਕਬੀਰ ਪੰਥ ਮਹਾਂ ਸਭਾ ਭਾਰਤ ਦੇ ਜਨਰਲ ਸਕੱਤਰ, ਗਣਪੱਤ ਰਾਏ ਉਪ ਪ੍ਰਧਾਨ ਅਤੇ ਕਬੀਰ ਪੰਥ ਮਹਾਂ ਸਭਾ ਦੇ ਚੰਡੀਗੜ੍ਹ ਦੇ ਪ੍ਰਧਾਨ ਰਜਿੰਦਰ ਸਿੰਘ, ਸ਼ਾਮ ਲਾਲ ਸਮੇਤ ਦਇਆ ਰਾਮ ਪ੍ਰਧਾਨ ਹਿਮਾਚਲ ਪ੍ਰਦੇਸ਼, ਕੇਵਲ ਸਿੰਘ ਸਮੇਤ ਕਬੀਰ ਪੰਥੀ ਸੇਵਾਵਾਂ ਦੇ ਸਮੂਹ ਕਮੇਟੀ ਮੈਂਬਰ, ਅਹੁਦੇਦਾਰ ਤੇ ਇਲਾਕਾ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ। ਇਸ ਮੌਕੇ ਬਾਬਾ ਗੁਰਜੰਟ ਸਿੰਘ ਮੁਖੀ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਨੌਵੀਂ ਪਾਤਸ਼ਾਹੀ ਭਰਤਗੜ੍ਹ, ਐਸ.ਪੀ ਅਰਵਿੰਦ ਮੀਨਾ, ਡੀਐਸਪੀ ਜਸ਼ਨਦੀਪ ਸਿੰਘ ਮਾਨ, ਗੁਰਦੇਵ ਸਿੰਘ, ਤਿਲਕ ਰਾਜ, ਦਰਸ਼ਨ ਸਿੰਘ, ਮਨਜੀਤ ਸਿੰਘ ਨੇ ਵਿਸੇਸ਼ ਤੌਰ ਤੇ ਹਾਜ਼ਰੀ ਲਗਵਾਈ।
————–