ਸ੍ਰੀ ਮੁਕਤਸਰ ਸਾਹਿਬ, 11 ਫਰਵਰੀ:
ਅੱਜ 11 ਫਰਵਰੀ ਨੂੰ ਸੁਰੱਖਿਅਤ ਇੰਟਰਨੈੱਟ ਦਿਨ ਵਜੋਂ ਮਨਾਉਂਦਿਆਂ ਰਾਸ਼ਟਰੀ ਸੂਚਨਾ ਅਤੇ ਵਿਗਿਆਨ ਦਫ਼ਤਰ ਵੱਲੋਂ ਸੁਰੱਖਿਅਤ ਤਰੀਕੇ ਨਾਲ ਇੰਟਰਨੈੱਟ ਦੀ ਵਰਤੋਂ ਕਰਨ ਸਬੰਧੀ ਵਰਕਸ਼ਾਪ ਦਾ ਆਯੋਜਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੀਤਾ ਗਿਆ, ਜਿਸ ਦੌਰਾਨ ਵੱਖ-ਵੱਖ ਬਰਾਂਚਾਂ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਐਨ.ਆਈ.ਸੀ. ਦੇ ਸਟਾਫ ਵੱਲੋਂ ਭਾਗ ਲਿਆ ਗਿਆ।
ਇਸ ਮੌਕੇ ਬੋਲਦਿਆਂ ਜ਼ਿਲ੍ਹਾ ਸੂਚਨਾ ਅਤੇ ਵਿਗਿਆਨ ਅਫਸਰ ਸ੍ਰੀ ਸਮੀਰ ਨੇ ਕਿਹਾ ਕਿ ਅੱਜ ਦੇ ਡਿਜਿਟਲ ਯੁੱਗ ‘ਚ ਜਿੱਥੇ ਮੋਬਾਈਲ ਫੋਨ ਇੱਕ ਲੋੜ ਬਣ ਚੁੱਕੀ ਹੈ, ਉੱਥੇ ਇਹ ਵੀ ਜ਼ਰੂਰੀ ਹੈ ਕਿ ਅਸੀਂ ਇਸ ਦੀ ਵਰਤੋਂ ਸਮਝਦਾਰੀ ਅਤੇ ਸੰਜਮ ਨਾਲ ਕਰੀਏ। ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਮ ਦੇ ਸ਼ੱਕੀ ਲਿੰਕ ਉੱਤੇ ਕਲਿਕ ਨਹੀਂ ਕਰਨਾ ਚਾਹੀਦਾ ਅਤੇ ਕਿਸੇ ਵੀ ਮੋਬਾਈਲ ਐਪ ਨੂੰ ਇੰਸਟਾਲ ਕਰਦੇ ਸਮੇਂ ਬੇਲੋੜੀਆਂ ਪਰਮਿਸ਼ਨਾਂ ਦੀ ਆਗਿਆ ਨਾ ਦਿੱਤੀ ਜਾਵੇ। ਕਿਸੇ ਵੀ ਮਾਧਿਅਮ ਰਾਹੀਂ ਅਣਜਾਣ ਨੰਬਰਾਂ ਤੋਂ ਪ੍ਰਾਪਤ ਹੋਣ ਵਾਲੀ .apk ਫਾਈਲ ਨੂੰ ਇੰਸਟਾਲ ਨਾ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਆਪਣੀ ਸੰਵੇਦਨਸ਼ੀਲ ਜਾਣਕਾਰੀ ਜਿਵੇਂ ਕਿ ਓ.ਟੀ.ਪੀ., ਆਧਾਰ, ਪੈਨ ਜਾਂ ਬੈਂਕ ਖਾਤਿਆਂ ਦੇ ਵੇਰਵੇ ਕਿਸੇ ਅਣਜਾਣ ਨੰਬਰਾਂ ਉੱਤੇ ਬਿਲਕੁਲ ਵੀ ਸਾਂਝੇ ਨਾ ਕੀਤੇ ਜਾਣ।
ਉਨ੍ਹਾਂ ਕਿਹਾ ਕਿ ਆਪਣੀ ਨਿੱਜੀ ਜਾਣਕਾਰੀ ਕਿਸੇ ਵੀ ਸੋਸ਼ਲ ਮੀਡਿਆ ਅਕਾਊਟ ਉੱਤੇ ਨਾ ਪਾਈ ਜਾਵੇ ਅਤੇ ਨਾ ਹੀ ਸਾਂਝੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਣਜਾਣ ਵਿਅਕਤੀ ਦੀਆਂ ਗੱਲਾਂ ਵਿੱਚ ਆ ਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਕੋਈ ਨਿੱਜੀ ਜਾਣਕਾਰੀ ਜਿਵੇ ਕੇ ਬੈਂਕ ਖਾਤੇ ਦੀ ਡਿਟੇਲ, ਓ.ਟੀ.ਪੀ., ਪੈਨ ਕਾਰਡ ਨੰ., ਏ.ਟੀ.ਐਮ. ਦਾ ਪਿੰਨ ਅਤੇ ਪਰਸਨਲ ਫੋਟੋਆਂ ਆਦਿ ਸਾਝੀਆਂ ਨਾ ਕੀਤੀਆਂ ਜਾਣ।
ਉਨ੍ਹਾਂ ਸਮੂਹ ਹਾਜ਼ਰੀਨ ਨੂੰ ਕਿਹਾ ਇਸ ਸਬੰਧੀ ਅੱਗੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਕਿਸੇ ਦਾ ਕਿਸੇ ਵੀ ਕਿਸਮ ਦਾ ਨੁਕਸਾਨ ਨਾ ਹੋਵੇ।