ਹੁਸ਼ਿਆਰਪੁਰ, 14 ਜਨਵਰੀ : ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਸਕੂਲ ਦੇ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਸਕੂਲ ਮੁਖੀ ਵੱਲੋਂ ਬੱਸਾਂ ਦੇ ਸਾਰੇ ਨਿਯਮਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ। ਇਸ ਸਬੰਧੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਪੰਜਾਬ ਰਾਜ ਬਾਲ ਸੁਰੱਖਿਆ ਕਮਿਸ਼ਨ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਦੇ ਹੁਕਮਾਂ ‘ਤੇ ਸੇਫ਼ ਸਕੂਲ ਵਾਹਨ ਸਕੀਮ ਤਹਿਤ ਬਣੀ ਟਾਸਕ ਫੋਰਸ ਵੱਲੋਂ ਸਕੂਲ ਬੱਸਾਂ ਦੀ ਚੈਕਿੰਗ ਕੀਤੀ ਗਈ।
ਟਾਸਕ ਫੋਰਸ ਨੇ ਸੇਂਟ ਜੋਸਫ ਕਾਨਵੈਂਟ ਸਕੂਲ, ਰਾਮ ਕਲੋਨੀ ਕੈਂਪ ਅਤੇ ਅਕਾਦਮਿਕ ਹਾਈਟਸ ਪਬਲਿਕ ਸਕੂਲ ਚਗਰਾਂ ਵਿਖੇ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ। ਚੈਕਿੰਗ ਦੌਰਾਨ ਫਸਟ ਏਡ ਕਿੱਟਾਂ, ਲੇਡੀ ਅਟੈਂਡੈਂਟ, ਪਾਸਿੰਗ, ਸਪੀਡ ਗਵਰਨਰ, ਬੱਸਾਂ ਵਿੱਚ ਐਮਰਜੈਂਸੀ ਨਿਕਾਸ, ਅੱਗ ਬੁਝਾਊ ਯੰਤਰ, ਸੀ.ਸੀ.ਟੀ.ਵੀ ਕੈਮਰੇ, ਬੱਸ ਵਿੱਚ ਬੈਠਣ ਦੀ ਸਮਰੱਥਾ ਆਦਿ ਪੁਆਇੰਟਾਂ ਦੀ ਜਾਂਚ ਕੀਤੀ ਗਈ। ਜਿਨ੍ਹਾਂ ਬੱਸਾਂ ਵਿੱਚ ਕਮੀਆਂ ਪਾਈਆਂ ਗਈਆਂ ਉਨ੍ਹਾਂ ਦੇ ਮੌਕੇ ’ਤੇ ਹੀ ਚਲਾਨ ਕੱਟੇ ਗਏ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ, ਖੇਤਰੀ ਟਰਾਂਸਪੋਰਟ ਅਥਾਰਟੀ ਤੋਂ ਤਰਲੋਕ ਸਿੰਘ, ਸਿੱਖਿਆ ਵਿਭਾਗ ਤੋਂ ਅਭਿਸ਼ੇਕ, ਪੁਲਿਸ ਵਿਭਾਗ ਤੋਂ ਕੁਲਵੰਤ ਸਿੰਘ ਅਤੇ ਕਾਨੂੰਨੀ ਅਫ਼ਸਰ ਸੁਖਜਿੰਦਰ ਸਿੰਘ ਮੌਜੂਦ ਸਨ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਸੇਫ਼ ਸਕੂਲ ਵਾਹਨ ਪਾਲਿਸੀ ਅਨੁਸਾਰ ਸ਼ਰਤਾਂ ਪੂਰੀਆਂ ਨਾ ਕਰਨ ਵਾਲੀਆਂ ਬੱਸਾਂ ਨਾਲ ਅਕਸਰ ਕੋਈ ਨਾ ਕੋਈ ਹਾਦਸਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਸੇਫ਼ ਸਕੂਲ ਵਾਹਨ ਟਾਸਕ ਫੋਰਸ ਵੱਲੋਂ ਜ਼ਿਲ੍ਹੇ ਵਿੱਚ ਇਹ ਮੁਹਿੰਮ ਲਗਾਤਾਰ ਚਲਾਈ ਜਾਵੇਗੀ। ਟਾਸਕ ਫੋਰਸ ਨੇ ਸਾਰੇ ਸਕੂਲਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸਾਰੇ ਡਰਾਈਵਰਾਂ ਦਾ ਸਮੇਂ ਸਿਰ ਮੈਡੀਕਲ ਚੈਕਅੱਪ ਕਰਵਾਉਣ ਅਤੇ ਇਹ ਯਕੀਨੀ ਬਣਾਉਣ ਕਿ ਬੱਸਾਂ ਦੇ ਡਰਾਈਵਰ ਅਤੇ ਅਟੈਂਡੈਂਟ ਵਰਦੀ ਵਿੱਚ ਹੋਣ। ਉਨ੍ਹਾਂ ਕਿਹਾ ਕਿ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਛੋਟੇ ਬੱਚਿਆਂ ਦਾ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ। ਬੱਸਾਂ ਵਿੱਚ ਚੜ੍ਹਨ ਅਤੇ ਉਤਰਨ ਸਮੇਂ ਉਨ੍ਹਾਂ ਨੂੰ ਸਹੀ ਢੰਗ ਨਾਲ ਸੜਕ ਪਾਰ ਕਰਨ ਦਾ ਪ੍ਰਬੰਧ ਕੀਤਾ ਜਾਵੇ ਅਤੇ ਸਕੂਲੀ ਬੱਸਾਂ ਵਿੱਚ ਪਾਈਆਂ ਗਈਆਂ ਕਮੀਆਂ ਨੂੰ ਤੁਰੰਤ ਠੀਕ ਕੀਤਾ ਜਾਵੇ।
ਸੇਫ ਸਕੂਲ ਵਾਹਨ ਟਾਸਕ ਫੋਰਸ ਨੇ ਸਕੂਲ ਬੱਸਾਂ ਦੀ ਕੀਤੀ ਚੈਕਿੰਗ


