ਰਾਸ਼ਟਰੀ ਸੁਰੱਖਿਆ ਮਹੀਨਾ ਤਹਿਤ ਸੜਕ ਸੁਰੱਖਿਆ ਜਾਗਰੂਕਤਾ ਕੈਂਪ

Hoshiarpur Politics Punjab

ਹੁਸ਼ਿਆਰਪੁਰ, 6 ਜਨਵਰੀ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰਾਸ਼ਟਰੀ ਸੁਰੱਖਿਆ ਮਹੀਨਾ-2025 ਤਹਿਤ ਸੜਕ ਸੁਰੱਖਿਆ ਜਾਗਰੂਕਤਾ ਨੂੰ ਬੜ੍ਹਾਵਾ ਦਿੰਦੇ ਹੋਏ ਅੱਜ ਇਕ ਵਿਸ਼ੇਸ਼ ਕੈਂਪ ਲਗਾਇਆ ਗਿਆ। ਆਟੋ ਰਿਕਸ਼ਾ ਯੂਨੀਅਨ ਦੇ ਸਹਿਯੋਗ ਨਾਲ ਇਸ ਕੈਂਪ ਦੀ ਅਗਵਾਈ ਸਹਾਇਕ ਰੀਜ਼ਨਲ ਟਰਾਂਸੋਪਰਟ ਅਫ਼ਸਰ ਸੰਦੀਪ ਭਾਰਤੀ ਨੇ ਕੀਤੀ।

          ਇਸ ਮੁਹਿੰਮ ਦੌਰਾਨ ਟਰੈਕਟਰ-ਟਰਾਲੀਆਂ, ਆਟੋ ਰਿਕਸ਼ਾ ਅਤੇ ਹੋਰ ਵਾਹਨਾਂ ’ਤੇ ਰਿਫਲੈਕਟਰ ਟੇਪ ਲਗਾਈ ਗਈ ਜਿਸ ਨਾਲ ਧੁੰਦ ਜਾਂ ਘੱਟ ਰੋਸ਼ਨੀ ਵਿਚ ਵਾਹਨਾਂ ਦੀ ਪਹਿਚਾਣ ਕਰਨਾ ਆਸਾਨ ਹੋ ਸਕੇਗਾ। ਨਾਲ ਹੀ ਵਾਹਨ ਚਾਲਕਾਂ ਨੂੰ ਸਰਦੀਆਂ ਦੇ ਮੌਸਮ ਵਿਚ ਵਿਸ਼ੇਸ਼ ਕਰਕੇ ਧੁੰਦ ਦੌਰਾਨ ਹੋਲੀ ਗਤੀ ਨਾਲ ਵਾਹਨ ਚਲਾਉਣ ਅਤੇ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਗਿਆ।

          ਸੰਦੀਪ ਭਾਰਤੀ ਨੇ ਇਸ ਦੌਰਾਨ ਵਾਹਨ ਚਾਲਕਾਂ ਨੂੰ ਸੜਕ ਸੁਰੱਖਿਆ ਨਿਯਮਾਂ ਦੀ ਮਹੱਤਤਾ ਨੂੰ ਸਮਝਾਇਆ। ਇਸ ਤੋਂ ਇਲਾਵਾ ਵਾਹਨਾਂ ਦੀ ਦਿੱਖ ਵਧਾਉਣ ਹਿੱਤ ਰਿਫਲੈਕਟਰ ਟੇਪ ਲਗਾਈ। ਉਨ੍ਹਾਂ ਡਰਾਈਵਰਾਂ ਨੂੰ ਸੁਰੱਖਿਆ ਅਤੇ ਸਾਵਧਾਨੀ ਨਾਲ ਡਰਾਈਵਿੰਗ ਕਰਨ ਦੀ ਸਲਾਹ ਦਿੱਤੀ। ਆਟੋ ਰਿਕਸ਼ਾ ਚਾਲਕਾਂ ਨੂੰ ਯਾਤਰੀਆਂ ਨਾਲ ਵਧੀਆ ਵਿਵਹਾਰ ਕਰਨ ਅਤੇ ਸੁਰੱਖਿਅਤ ਗਤੀ ਬਣਾਏ ਰੱਖਣ ਲਈ ਪ੍ਰੇਰਿਤ ਕੀਤਾ।

          ਇਸ ਮੌਕੇ ਮੌਜੂਦ ਅਧਿਕਾਰੀਆਂ ਨੇ ਸਾਰੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਸੜਕ ’ਤੇ ਆਪਣੇ ਅਤੇ ਦੂਜਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਆਵਾਜਾਈ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ।