ਡਿਪਟੀ ਕਮਿਸ਼ਨਰ ਵੱਲੋਂ ਸ਼ਹਿਰੀ ਆਵਾਸ ਯੋਜਨਾ ਅਧੀਨ ਬਣਨ ਵਾਲੇ ਮਕਾਨਾਂ ਦੀ ਸਮੀਖਿਆ

Politics Punjab S.A.S Nagar

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 24 ਦਸੰਬਰ, 2024:
ਪ੍ਰਧਾਨ ਮੰਤਰੀ ਸ਼ਹਿਰੀ ਅਵਾਸ ਯੋਜਨਾ ਤਹਿਤ ਜ਼ਿਲ੍ਹੇ ਦੀਆਂ ਸਥਾਨਕ ਸਰਕਾਰ ਸੰਸਥਾਂਵਾਂ ਅਧੀਨ 4366 ਲਾਭਪਾਤਰੀਆਂ ਨੂੰ ਦਿੱਤੀ ਗਈ ਪੱਕੇ ਮਕਾਨ ਬਣਾਉਣ ਦੀ ਵਿੱਤੀ ਸਹਾਇਤਾ ਸਕੀਮ ਤਹਿਤ ਹੁਣ ਤੱਕ 3234 ਮਕਾਨ ਬਣ ਕੇ ਮੁਕੰਮਲ ਹੋ ਗਏ ਹਨ ਜਦਕਿ 1132 ਮਕਾਨਾਂ ਦਾ ਲਾਭਪਾਤਰੀਆਂ ਵੱਲੋਂ ਨਿਰਮਾਣ ਕਰਵਾਇਆ ਜਾ ਰਿਹਾ ਹੈ।
ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਅੱਜ ਪੀ ਐਮ ਏ ਵਾਈ ਤਹਿਤ ਨਗਰ ਨਿਗਮ ਕਮਿਸ਼ਨਰ ਟੀ ਬੈਨਿਥ ਅਤੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨਾਲ ਸਮੀਖਿਆ ਮੀਟਿੰਗ ਕਰਨ ਉਪਰੰਤ ਸਾਂਝੀ ਕੀਤੀ।
ਉੁਨ੍ਹਾਂ ਦੱਸਿਆ ਕਿ ਇਸ ਯੋਜਨਾ ਅਧੀਨ ਸ਼ਰਤਾਂ ਪੂਰੀਆਂ ਕਰਦੇ ਲਾਭਪਾਤਰੀਆਂ ਨੂੰ 1.75 ਲੱਖ ਰੁਪਏ ਦੀ ਵਿੱਤੀ ਸਹਾਇਤਾ ਵੱਖ-ਵੱਖ 6 ਪੜਾਵਾਂ ’ਚ ਦਿੱਤੀ ਜਾਂਦੀ ਹੈ, ਜਿਸ ਤਹਿਤ ਸ਼ੁਰੂਆਤ ’ਚ 12,500, ਨੀਂਹ ਭਰਾਈ ਉਪਰੰਤ 50,000, ਲੈਂਟਰ ਵਾਸਤੇ 50,000, ਸ਼ਟਰਿੰਗ ਲਈ 12,500, ਛੱਤ ਲਈ 20,000 ਅਤੇ ਮੁਕੰਮਲ ਹੋਣ ’ਤੇ 30,000 ਰੁਪਏ ਦੀ ਆਖਰੀ ਕਿਸ਼ਤ ਜਾਰੀ ਕੀਤੀ ਜਾਂਦੀ ਹੈ।
ਡਿਪਟੀ ਕਮਿਸ਼ਨਰ ਨੂੰ ਨਿਗਮ ਖੇਤਰ ’ਚ ਸ਼ਹਿਰੀ ਮਕਾਨ ਆਵਾਸ ਯੋਜਨਾ ਦੀ ਪ੍ਰਗਤੀ ਤੋਂ ਜਾਣੂ ਕਰਵਾਉਂਦਿਆਂ ਐਮ ਸੀ ਕਮਿਸ਼ਨਰ ਟੀ ਬੈਨਿਥ ਨੇ ਦੱਸਿਆ ਕਿ ਮੋਹਾਲੀ ਨਗਰ ਨਿਗਮ ਖੇਤਰ ’ਚ 150 ਘਰ ਮੁਕੰਮਲ ਹੋ ਚੁੱਕੇ ਹਨ ਜਦਕਿ 8 ਦਾ ਕੰਮ ਚੱਲ ਰਿਹਾ ਹੈ।
ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਨਮੋਲ ਸਿੰਘ ਧਾਲੀਵਾਲ ਨੇ ਡਿਪਟੀ ਕਮਿਸ਼ਨਰ ਨੂੰ ਜ਼ਿਲ੍ਹੇ ਅਧੀਨ ਪੈਂਦੀਆਂ ਵੱਖ-ਵੱਖ ਸ਼ਹਿਰੀ ਸੰਸਥਾਂਵਾਂ (ਨਗਰ ਕੌਂਸਲਾਂ) ਦੀ ਪ੍ਰਗਤੀ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਹੁਣ ਤੱਕ 3084 ਮਕਾਨ ਮੁਕੰਮਲ ਹੋ ਚੁੱਕੇ ਹਨ ਜਦਕਿ 1124 ਮਕਾਨ ਵੱਖ-ਵੱਖ ਪੜਾਵਾਂ ’ਤੇ ਨਿਰਮਾਣ ਅਧੀਨ ਹਨ। ਉਨ੍ਹਾਂ ਦੱਸਿਆ ਕਿ ਬਨੂੜ ’ਚ 354 ਮਕਾਨ ਮੁਕੰਮਲ ਹੋ ਚੁੱਕੇ ਹਨ ਜਦਕਿ 80 ਨਿਰਮਾਣ ਅਧੀਨ ਹਨ। ਨਯਾ ਗਾਓਂ ’ਚ 44 ਮਕਾਨ ਮੁਕੰਮਲ ਹੋ ਚੁੱਕੇ ਹਨ ਜਦਕਿ 1 ਨਿਰਮਾਣ ਅਧੀਨ ਹੈ। ਕੁਰਾਲੀ ’ਚ 194 ਮੁਕੰਮਲ ਕਰ ਲਏ ਗਏ ਹਨ ਜਦਕਿ 50 ਵੱਖ-ਵੱਖ ਪੜਾਵਾਂ ’ਤੇ ਹਨ। ਖਰੜ ’ਚ 678 ਮੁਕੰਮਲ ਹੋ ਚੁੱਕੇ ਹਨ ਜਦਕਿ 228 ਦਾ ਨਿਰਮਾਣ ਪ੍ਰਗਤੀ ਅਧੀਨ ਹੈ। ਡੇਰਾਬੱਸੀ ’ਚ 393 ਦੀ ਉਸਾਰੀ ਮੁਕੰਮਲ ਹੋ ਚੁੱਕੀ ਹੈ ਜਦਕਿ 373 ਦੀ ਉਸਾਰੀ ਪ੍ਰਗਤੀ ਅਧੀਨ ਹੈ। ਜ਼ੀਰਕਪੁਰ ’ਚ 221 ਮਕਾਨ ਬਣ ਚੁੱਕੇ ਹਨ ਜਦਕਿ 12 ਨਿਰਮਾਣ ਅਧੀਨ ਹਨ। ਲਾਲੜੂ ਵਿੱਚ 1200 ਘਰ ਮੁਕੰਮਲ ਹੋ ਚੁੱਕੇ ਹਨ ਜਦਕਿ 380 ਨਿਰਮਾਣ ਅਧੀਨ ਹਨ।
ਡਿਪਟੀ ਕਮਿਸ਼ਨਰ ਨੇ ਨਿਗਮ ਕਮਿਸ਼ਨਰ ਅਤੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨੂੰ ਨਿਰਮਾਣ ਅਧੀਨ ਮਕਾਨਾਂ ਨੂੰ ਜਲਦੀ ਪੂਰਾ ਕਰਵਾਉਣ ਅਤੇ ਵੱਖ-ਵੱਖ ਨਿਸ਼ਚਿਤ ਪੜਾਵਾਂ ਤਹਿਤ ਉਨ੍ਹਾਂ ਦੀ ਅਗਲੀ ਕਿਸ਼ਤ ਜਾਰੀ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਉਸਾਰੀ ਦੇ ਹਰ ਇੱਕ ਪੜਾਅ ਨੂੰ ਜੀਓ-ਟੈਗ ਕਰਵਾਉਣ ਉਪਰੰਤ ਹੀ ਅਗਲੀ ਕਿਸ਼ਤ ਜਾਰੀ ਕਰਨੀ ਯਕੀਨੀ ਬਣਾਈ ਜਾਵੇ।

Leave a Reply

Your email address will not be published. Required fields are marked *