ਸ੍ਰੀ ਮੁਕਤਸਰ ਸਾਹਿਬ 17 ਮਾਰਚ
ਇਤਿਹਾਸਕ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਵਿਕਾਸ ਕਾਰਜਾਂ ਦੀ ਸਮੀਖਿਆ ਲਈ ਅੱਜ ਇੱਥੇ ਇੱਕ ਬੈਠਕ ਹੋਈ, ਜਿਸ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਸ੍ਰੀ ਅਭੀਜੀਤ ਕਪਲਿਸ਼ ਨੇ ਕੀਤੀ, ਜਦੋਂ ਕਿ ਸ਼੍ਰੀ ਮੁਕਤਸਰ ਸਾਹਿਬ ਦੇ ਵਿਧਾਇਕ ਸ ਜਗਦੀਪ ਸਿੰਘ ਕਾਕਾ ਬਰਾੜ ਅਤੇ ਨਗਰ ਕੌਂਸਲ ਦੇ ਪ੍ਰਧਾਨ ਸ੍ਰੀ ਕ੍ਰਿਸ਼ਨ ਕੁਮਾਰ ਸ਼ੰਮੀ ਤੇਰੀਆ ਵੀ ਵਿਸ਼ੇਸ਼ ਤੌਰ ਤੇ ਇਸ ਬੈਠਕ ਵਿੱਚ ਹਾਜ਼ਰ ਹੋਏ। ਬੈਠਕ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਕੌਂਸਲਰਾਂ ਨੇ ਵੀ ਭਾਗ ਲਿਆ।
ਇਸ ਮੌਕੇ ਵਿਧਾਇਕ ਸ: ਜਗਦੀਪ ਸਿੰਘ ਕਾਕਾ ਬਰਾੜ ਨੇ ਕਿਹਾ ਕਿ ਵਿਕਾਸ ਕਾਰਜ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਹੋਣਗੇ । ਉਹਨਾਂ ਨੇ ਕਿਹਾ ਕਿ ਸ਼ਹਿਰ ਸਭ ਦਾ ਸਾਂਝਾ ਹੈ ਅਤੇ ਸਾਰੀਆਂ ਧਿਰਾਂ ਇਸ ਦੇ ਵਿਕਾਸ ਲਈ ਸਹਿਯੋਗ ਕਰਨ। ਵਿਧਾਇਕ ਨੇ ਦੱਸਿਆ ਕਿ ਮਾਡਲ ਟਾਊਨ ਤੋਂ ਦੁਸਹਿਰਾ ਗਰਾਊਂਡ ਤੱਕ ਨਵੀਂ ਪਾਈਪਲਾਈਨ ਦਾ ਪ੍ਰੋਜੈਕਟ ਵੀ ਤਿਆਰ ਕੀਤਾ ਜਾ ਰਿਹਾ ਹੈ ਜਿਸ ਤੇ 2.5 ਕਰੋੜ ਰੁਪਏ ਖਰਚ ਆਉਣ ਦਾ ਅੰਦਾਜਾ ਹੈ। ਉਹਨਾਂ ਨੇ ਕਿਹਾ ਕਿ ਸ਼ਹਿਰ ਦੇ ਸੀਵਰੇਜ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਸ੍ਰੀ ਅਭਿਜੀਤ ਕਪਲਿਸ਼ ਨੇ ਇਸ ਮੌਕੇ ਸਾਰੇ ਕੌਂਸਲਰਾਂ ਤੋਂ ਉਹਨਾਂ ਦੇ ਵਾਰਡਾਂ ਵਿੱਚ ਹੋਣ ਵਾਲੇ ਕੰਮਾਂ ਸਬੰਧੀ ਜਾਣਕਾਰੀ ਹਾਸਿਲ ਕੀਤੀ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ 24 ਮਾਰਚ ਤੱਕ ਕੌਂਸਲਰਾਂ ਤੋਂ ਪ੍ਰਾਪਤ ਸੁਝਾਵਾਂ ਅਨੁਸਾਰ ਹੋਣ ਵਾਲੇ ਵਿਕਾਸ ਕਾਰਜਾਂ ਦੇ ਐਸਟੀਮੇਟ ਤਿਆਰ ਕਰਵਾਏ ਜਾਣ। ਉਹਨਾਂ ਨੇ ਕਿਹਾ ਕਿ ਇਸੇ ਤਰਾਂ ਪਹਿਲਾਂ ਤੋਂ ਬਕਾਇਆ ਪਏ ਨਗਰ ਕੌਂਸਲ ਦੇ ਮਤਿਆਂ ਸਬੰਧੀ ਵੀ ਸੂਚੀਆਂ ਤਿਆਰ ਕੀਤੀਆਂ ਜਾਣ। ਬੈਠਕ ਵਿੱਚ ਫੈਸਲਾ ਹੋਇਆ ਕਿ 27 ਮਾਰਚ ਨੂੰ ਨਗਰ ਕੌਂਸਲ ਦੇ ਹਾਊਸ ਦੀ ਬੈਠਕ ਹੋਵੇਗੀ ਤਾਂ ਜੋ ਸ਼ਹਿਰ ਵਿੱਚ ਹੋਣ ਵਾਲੇ ਕੰਮਾਂ ਸਬੰਧੀ ਨਗਰ ਕੌਂਸਲ ਵੱਲੋਂ ਮਤੇ ਪਾਸ ਕਰ ਦਿੱਤੇ ਜਾਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਬਾਅਦ ਇੱਕ ਤਕਨੀਕੀ ਮਾਹਿਰ ਇੰਜੀਨੀਅਰਾਂ ਦੀ ਟੀਮ ਵੱਲੋਂ ਪੜਤਾਲ ਕੀਤੀ ਜਾਵੇਗੀ ਅਤੇ 10 ਅਪ੍ਰੈਲ ਤੱਕ ਹੋਣ ਯੋਗ ਕੰਮਾਂ ਸਬੰਧੀ ਟੈਂਡਰ ਲਗਾ ਕੇ ਕੰਮ ਸ਼ੁਰੂ ਕਰਵਾਏ ਜਾਣਗੇ।
ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸ਼੍ਰੀ ਕ੍ਰਿਸ਼ਨ ਕੁਮਾਰ ਸ਼ੰਮੀ ਤੇਰੀਆ ਨੇ ਕਿਹਾ ਕਿ ਐਸਟੀਮੇਟ ਪ੍ਰਾਪਤ ਹੋਣ ਤੇ ਮਤੇ ਪਾਸ ਕਰਕੇ ਸ਼ਹਿਰ ਦੇ ਵਿਕਾਸ ਵਿੱਚ ਸਾਰੇ ਕੌਂਸਲਰ ਸਹਿਯੋਗ ਕਰਨਗੇ। ਸਾਰੇ ਕੌਂਸਲਰਾਂ ਨੇ ਵੀ ਸ਼ਹਿਰ ਦੇ ਵਿਕਾਸ ਵਿਚ ਸਹਿਯੋਗ ਦਾ ਭਰੋਸਾ ਦਿੱਤਾ।
ਬੈਠਕ ਵਿੱਚ ਵਧੀਕ ਡਿਪਟੀ ਕਮਿਸ਼ਨਰ ਜਨਰਲ ਗੁਰਪ੍ਰੀਤ ਸਿੰਘ ਥਿੰਦ, ਐਸਡੀਐਮ ਬਲਜੀਤ ਕੌਰ, ਡੀਐਸਪੀ(ਐਚ ) ਅਮਨਦੀਪ, ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਸ਼ਮਿੰਦਰ ਸਿੰਘ, ਕਾਰਜ ਸਾਧਕ ਅਫਸਰ ਵੀ ਕੇ ਸਹੋਤਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।