ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੂੰ ਉਨ੍ਹਾਂ ਦੀ 30ਵੀਂ ਬਰਸੀ ਮੌਕੇ ਸ਼ਰਧਾਂਜਲੀ ਭੇਟ

Politics Punjab

ਚੰਡੀਗੜ੍ਹ, 25 ਦਸੰਬਰ:

ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਭਾਰਤ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੀ 30ਵੀਂ ਬਰਸੀ ਮੌਕੇ ਏਕਤਾ ਸਥਲ, ਰਾਜ ਘਾਟ, ਨਵੀਂ ਦਿੱਲੀ ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕੀਤੀ। ਇਹ ਸਮਾਗਮ ਦੇਸ਼ ਦੇ ਇਤਿਹਾਸ ‘ਤੇ ਅਮਿੱਟ ਛਾਪ ਛੱਡਣ ਵਾਲੇ ਮਹਾਨ ਆਗੂ ਨੂੰ ਦਿਲੋਂ ਸ਼ਰਧਾਂਜਲੀ ਭੇਟ ਕਰਨ ਲਈ ਕਰਵਾਇਆ ਗਿਆ ਸੀ।

ਜ਼ਿਕਰਯੋਗ ਹੈ ਕਿ ਗਿਆਨੀ ਜ਼ੈਲ ਸਿੰਘ ਦਾ ਜਨਮ 5 ਮਈ 1916 ਨੂੰ ਫਰੀਦਕੋਟ ਦੇ ਪਿੰਡ ਸੰਧਵਾਂ ਵਿਖੇ ਹੋਇਆ ਸੀ ਅਤੇ 25 ਦਸੰਬਰ 1994 ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ। ਇੱਕ ਨਿਮਾਣੇ ਵਿਅਕਤੀ ਤੋਂ ਭਾਰਤ ਦੇ ਪਹਿਲੇ ਸਿੱਖ ਰਾਸ਼ਟਰਪਤੀ ਬਣਨ ਤੱਕ ਦਾ ਉਨ੍ਹਾਂ ਦਾ ਸਫ਼ਰ ਉਨ੍ਹਾਂ ਦੇ ਕੌਮ ਪ੍ਰਤੀ ਸਮਰਪਣ ਅਤੇ ਸੇਵਾ ਦਾ ਪ੍ਰਮਾਣ ਹੈ।

ਸਾਬਕਾ ਰਾਸ਼ਟਰਪਤੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸ. ਸੰਧਵਾਂ ਨੇ ਗਿਆਨੀ ਜ਼ੈਲ ਸਿੰਘ ਵੱਲੋਂ 1982 ਤੋਂ 1987 ਤੱਕ ਰਾਸ਼ਟਰਪਤੀ ਅਤੇ 1980 ਤੋਂ 1982 ਤੱਕ ਕੇਂਦਰੀ ਗ੍ਰਹਿ ਮੰਤਰੀ ਅਤੇ 1972 ਤੋਂ 1977 ਤੱਕ ਪੰਜਾਬ ਦੇ ਮੁੱਖ ਮੰਤਰੀ ਵਜੋਂ ਨਿਭਾਈਆਂ ਮਿਸਾਲੀ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਲੋਕਾਂ ਦੀ ਭਲਾਈ ਲਈ ਸਾਬਕਾ ਰਾਸ਼ਟਰਪਤੀ ਦੀ ਦ੍ਰਿੜ ਵਚਨਬੱਧਤਾ ਅਤੇ ਸੂਬੇ ਦੇ ਵਿਕਾਸ ਲਈ ਪਾਏ ਮਹੱਤਵਪੂਰਨ ਯੋਗਦਾਨ ‘ਤੇ ਚਾਨਣਾ ਪਾਇਆ। ਸ. ਸੰਧਵਾਂ ਨੇ ਕਿਹਾ ਕਿ ਗਿਆਨੀ ਜ਼ੈਲ ਸਿੰਘ ਨੇ ਆਪਣੀਆਂ ਸੇਵਾਵਾਂ ਸਮਰਪਿਤ ਭਾਵਨਾ ਨਾਲ ਨਿਭਾਈਆਂ। ਭਾਰਤ ਦੇ ਰਾਸ਼ਟਰਪਤੀ ਅਤੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਪਛੜੇ ਲੋਕਾਂ ਦੀ ਭਲਾਈ ਅਤੇ ਸਮਾਜਿਕ ਸਦਭਾਵਨਾ ਨੂੰ ਪ੍ਰਫੁੱਲਤ ਕਰਨ ਲਈ ਅਣਥੱਕ ਯਤਨ ਕੀਤੇ।

ਸ. ਸੰਧਵਾਂ ਨੇ ਗਿਆਨੀ ਜ਼ੈਲ ਸਿੰਘ ਦੇ ਅੰਮ੍ਰਿਤਸਰ ਵਿਖੇ ਸਿੱਖ ਮਿਸ਼ਨਰੀ ਸਕੂਲ ਵਿੱਚ ਮੁਢਲੀ ਸਿੱਖਿਆ ਹਾਸਲ ਕਰਨ, ਜਿੱਥੇ ਉਨ੍ਹਾਂ ਨੇ ਗਿਆਨੀ ਦੀ ਉਪਾਧੀ ਹਾਸਲ ਕੀਤੀ ਸੀ, ਤੋਂ ਲੈ ਕੇ ਇੱਕ ਵਿਦਵਾਨ ਅਤੇ ਉੱਘੇ ਸਿਆਸਤਦਾਨ ਬਣਨ ਤੱਕ ਦੇ ਸਫ਼ਰ ਨੂੰ ਯਾਦ ਕੀਤਾ। ਸ. ਸੰਧਵਾਂ ਨੇ ਕਿਹਾ ਕਿ ਸਿੱਖ ਸਿੱਖਿਆਵਾਂ ਬਾਰੇ ਉਨ੍ਹਾਂ ਦੀ ਡੂੰਘੀ ਸੂਝ ਅਤੇ ਲੋਕ ਸੇਵਾ ਪ੍ਰਤੀ ਦ੍ਰਿੜ ਵਚਨਬੱਧਤਾ ਉਨ੍ਹਾਂ ਦੇ ਸ਼ਾਨਦਾਰ ਕੈਰੀਅਰ ਤੋਂ ਸਪੱਸ਼ਟ ਝਲਕਦੀ ਹੈ।

ਗਿਆਨੀ ਜ਼ੈਲ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਨ ਅਤੇ ਕੌਮ ਪ੍ਰਤੀ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕਰਨ ਲਈ ਏਕਤਾ ਸਥਲ ਵਿਖੇ ਕਰਵਾਏ ਗਏ ਇਸ ਸਮਾਗਮ ਵਿੱਚ ਵੱਡੀ ਗਿਣਤੀ ਪਤਵੰਤੇ, ਸਿਆਸੀ ਆਗੂ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਹਾਜ਼ਰ ਹੋਏ। ਇਸ ਮੌਕੇ ਹਾਜ਼ਰੀਨ ਵੱਲੋਂ ਸ਼ਰਧਾ ਭਾਵਨਾ ਨਾਲ ਸਾਬਕਾ ਰਾਸ਼ਟਰਪਤੀ ਦੀ ਸਦੀਵੀ ਵਿਰਾਸਤ ਨੂੰ ਯਾਦ ਕੀਤਾ ਗਿਆ।

Leave a Reply

Your email address will not be published. Required fields are marked *