ਚੰਡੀਗੜ੍ਹ, 26 ਫਰਵਰੀ 2025:
ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਐਲਾਨ ਕੀਤਾ ਕਿ ਅਰੀਨਾ ਪੋਲੋ ਚੈਲੇਂਜ ਕੱਪ ਦਾ ਲੰਮੇ ਸਮੇਂ ਤੋਂ ਉਡੀਕਿਆ ਜਾ ਰਿਹਾ 6ਵਾਂ ਐਡੀਸ਼ਨ ਸ੍ਰੀ ਆਨੰਦਪੁਰ ਸਾਹਿਬ ਵਿੱਚ ਹੋਲਾ ਮਹੱਲਾ ਜਸ਼ਨਾਂ ਦੌਰਾਨ ਕਰਵਾਇਆ ਜਾਵੇਗਾ, ਜਿਸ ਵਿੱਚ ਦੇਸ਼ ਭਰ ਦੇ ਉੱਚ ਪੱਧਰੀ ਖਿਡਾਰੀ ਅਤੇ ਉਤਸ਼ਾਹੀ ਘੋੜਸਵਾਰੀ ਹੁਨਰ, ਪਰੰਪਰਾ ਅਤੇ ਘੋੜਸਵਾਰੀ ਦੇ ਸ਼ਾਨਦਾਰ ਪ੍ਰਦਰਸ਼ਨ ਕਰਨਗੇ। ਇਸ ਮੌਕੇ ਸਪੀਕਰ ਨੇ ਇਸ ਟੂਰਨਾਮੈਂਟ ਲਈ ਆਨੰਦਪੁਰ ਸਾਹਿਬ ਪੋਲੋ ਟੀ-ਸ਼ਰਟ ਵੀ ਲਾਂਚ ਕੀਤੀ।
ਇਸ ਮੌਕੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਇਹ ਟੂਰਨਾਮੈਂਟ 14 ਮਾਰਚ 2025 ਨੂੰ ਸ਼ਾਮ 3.00 ਵਜੇ ਤੋਂ 5.00 ਵਜੇ ਤੱਕ ਚਰਨ ਗੰਗਾ ਸਟੇਡੀਅਮ, ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਇਆ ਜਾਵੇਗਾ। ਇਹ ਸਟੇਡੀਅਮ ਆਪਣੀਆਂ ਵਿਸ਼ਵ ਪੱਧਰੀ ਸਹੂਲਤਾਂ ਲਈ ਪ੍ਰਸਿੱਧ ਹੈ ਜਿਸ ਨੂੰ ਵਿਸ਼ਵ ਪ੍ਰਸਿੱਧ ਹੋਲਾ ਮੁਹੱਲਾ ਤਿਉਹਾਰ ਦੀ ਮੇਜ਼ਬਾਨੀ ਲਈ ਤਿਆਰ ਕੀਤਾ ਗਿਆ ਹੈ। ਇਸ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਜਾਂ “ਗੁਰੂ ਕੀ ਲਾਡਲੀ ਫੌਜ” ਵੱਲੋਂ ਮੱਧਕਾਲੀ ਮਾਰਸ਼ਲ ਆਰਟਸ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਜੋ ਪਹਿਲੀ ਵਾਰ 1701 ਵਿੱਚ ਦਸਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਇਸ ਮਨਮੋਹਕ ਮਾਹੌਲ ਵਿੱਚ ਸਥਾਪਿਤ ਕੀਤੀਆਂ ਗਈਆਂ ਸਨ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਵੱਕਾਰੀ ਸਮਾਗਮ ਦੌਰਾਨ ਉੱਚ ਪੱਧਰੀ ਪੋਲੋ ਟੀਮਾਂ ਉੱਚ-ਪੱਧਰੀ ਮੈਚਾਂ ਦੀ ਇੱਕ ਲੜੀ ਵਿੱਚ ਮੁਕਾਬਲਾ ਕਰਨਗੀਆਂ, ਜੋ ਦਰਸ਼ਕਾਂ ਅਤੇ ਭਾਗੀਦਾਰਾਂ ਦੋਵਾਂ ਲਈ ਇੱਕ ਰੋਮਾਂਚਕ ਅਨੁਭਵ ਪ੍ਰਦਾਨ ਕਰਨਗੀਆਂ। ਇਹ ਟੂਰਨਾਮੈਂਟ ਪੰਜਾਬ ਦੀ ਅਮੀਰ ਘੋੜਸਵਾਰ ਪਰੰਪਰਾ, ਖੇਡ ਵਿਰਾਸਤ ਨੂੰ ਵੀ ਉਜਾਗਰ ਕਰੇਗਾ ਅਤੇ ਪੋਲੋ ਭਾਈਚਾਰੇ ਵਿੱਚ ਖੇਤਰ ਦੇ ਵਧ ਰਹੇ ਪ੍ਰਭਾਵ ਨੂੰ ਦਰਸਾਉਣ ਦਾ ਮੌਕਾ ਪ੍ਰਦਾਨ ਕਰੇਗਾ।
ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿੱਚ ਖੇਡਾਂ ਦੀ ਦੁਨੀਆ ਦੀਆਂ ਪ੍ਰਮੁੱਖ ਹਸਤੀਆਂ ਸ਼ਾਮਲ ਹੋਣਗੀਆਂ, ਜਿਨ੍ਹਾਂ ਵਿੱਚ ਉਦਯੋਗਪਤੀ, ਸਪਾਂਸਰ ਅਤੇ ਪਤਵੰਤੇ ਸ਼ਾਮਲ ਹੋਣਗੇ। ਉੱਚ ਪੱਧਰੀ ਮੈਚਾਂ ਤੋਂ ਇਲਾਵਾ, ਟੂਰਨਾਮੈਂਟ ਵਿੱਚ ਮਾਰਸ਼ਲ ਆਰਟਸ ਪ੍ਰਦਰਸ਼ਨੀ ਅਤੇ ਸੱਭਿਆਚਾਰਕ ਗਤੀਵਿਧੀਆਂ ਵੀ ਹੋਣਗੀਆਂ ਜੋ ਮੇਲੇ ਵਿੱਚ ਆਏ ਦਰਸ਼ਕ ਅਤੇ ਸੈਲਾਨੀ ਦਾ ਖੇਡਾਂ ਅਤੇ ਜਸ਼ਨਾਂ ਨਾਲ ਭਰਪੂਰ ਮਨੋਰੰਜਨ ਕਰਨਗੀਆਂ।
ਟੂਰਨਾਮੈਂਟ ਦੇ ਮੁੱਖ ਪਹਿਲੂਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਭਰ ਤੋਂ ਏਲੀਟ ਪੋਲੋ ਟੀਮਾਂ ਸ੍ਰੀ ਆਨੰਦਪੁਰ ਸਾਹਿਬ ਦੇ ਚਰਨ ਗੰਗਾ ਸਟੇਡੀਅਮ ਵਿੱਚ ਰੋਮਾਂਚਕ ਮੈਚਾਂ ਅਤੇ ਮੁਕਾਬਲੇ ਵਾਲੇ ਪਲੇਅ ਵਿੱਚ ਹਿੱਸਾ ਲੈਣਗੀਆਂ। ਇਸ ਤੋਂ ਇਲਾਵਾ, ਪ੍ਰਸਿੱਧ ਪੋਲੋ ਖਿਡਾਰੀਆਂ ਅਤੇ ਖੇਡ ਸ਼ਖਸੀਅਤਾਂ ਵੱਲੋਂ ਵਿਸ਼ੇਸ਼ ਪੇਸ਼ਕਾਰੀਆਂ ਦੇ ਨਾਲ ਘੋੜਸਵਾਰੀ ਪ੍ਰਦਰਸ਼ਨ ਅਤੇ ਹਰ ਉਮਰ ਦੇ ਲੋਕਾਂ ਲਈ ਮਨੋਰੰਜਨ ਵੀ ਹੋਵੇਗਾ ਜੋ ਰਵਾਇਤੀ ਸੰਗੀਤ ਅਤੇ ਹੋਰ ਬਹੁਤ ਸਾਰੀਆਂ ਮਨੋਰੰਜਨ ਭਰੀਆਂ ਗਤੀਵਿਧੀਆਂ ਨਾਲ ਪਰਿਵਾਰਕ ਮਾਹੌਲ ਸਿਰਜੇਗਾ।
ਸ. ਸੰਧਵਾਂ ਨੇ ਮੀਡੀਆ ਨੂੰ ਦੱਸਿਆ ਕਿ ਦਿੱਲੀ ਦੇ ਮੁੱਖ ਮੰਤਰੀ ਦਫ਼ਤਰ ਤੋਂ ਸ਼ਹੀਦ ਭਗਤ ਸਿੰਘ ਅਤੇ ਡਾ. ਭੀਮ ਰਾਓ ਅੰਬੇਡਕਰ ਦੀਆਂ ਫੋਟੋਆਂ ਹਟਾਉਣਾ ਬਹੁਤ ਹੀ ਮੰਦਭਾਗਾ ਅਤੇ ਨਿੰਦਣਯੋਗ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਨਫ਼ਰਤ ਦੀ ਨੀਤੀ ਅਪਣਾ ਕੇ ਭਾਰਤ ਦੇ ਸੰਘੀ ਢਾਂਚੇ ਨੂੰ ਢਾਹ ਲਾਉਣਾ ਚਾਹੁੰਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਸਰਕਾਰ ਨੇ ਸੀ.ਬੀ.ਐਸ.ਈ. ਦੀਆਂ ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਨਵੇਂ ਪੈਟਰਨ ਵਿੱਚ ਸਾਡੀ ਮਾਂ ਬੋਲੀ ਪੰਜਾਬੀ ਨੂੰ ਅਣਗੌਲਿਆਂ ਕਰਕੇ ਇੱਕ ਵਾਰ ਫਿਰ ਆਪਣੀ ਪੰਜਾਬੀ ਅਤੇ ਪੰਜਾਬ ਵਿਰੋਧੀ ਸੋਚ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਉਨ੍ਹਾਂ ਦੀ ਮਾਂ ਬੋਲੀ ਤੋਂ ਦੂਰ ਕਰਨ ਦਾ ਇਹ ਵਰਤਾਰਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿਉਂਕਿ ਪੰਜਾਬੀ ਸਿਰਫ਼ ਸਾਡੇ ਲਈ ਇੱਕ ਭਾਸ਼ਾ ਨਹੀਂ ਹੈ, ਸਗੋਂ ਸਾਰੇ ਪੰਜਾਬੀਆਂ ਦੀ ਰੂਹ ਹੈ। ਉਨ੍ਹਾਂ ਕਿਹਾ ਕਿ ਇਸ ਲਈ ਮੈਂ ਕੇਂਦਰ ਸਰਕਾਰ ਨੂੰ ਪੁਰਜ਼ੋਰ ਬੇਨਤੀ ਕਰਦਾ ਹਾਂ ਕਿ ਉਹ ਆਪਣੇ ਨਿਯਮਾਂ ਵਿੱਚ ਸੋਧ ਕਰਕੇ ਇਸ ਪੰਜਾਬ ਵਿਰੋਧੀ ਕਦਮ ਨੂੰ ਤੁਰੰਤ ਵਾਪਸ ਲਵੇ ਅਤੇ ਸਾਡੀ ਮਾਂ ਬੋਲੀ ਪੰਜਾਬੀ ਨੂੰ ਬਣਦਾ ਸਤਿਕਾਰ ਦਿੱਤਾ ਜਾਵੇ।
ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਆਨੰਦਪੁਰ ਸਾਹਿਬ ਵਾਲੇ, ਆਨੰਦਪੁਰ ਸਾਹਿਬ ਹੈਰੀਟੇਜ ਫਾਊਂਡੇਸ਼ਨ ਦੇ ਮੈਨੇਜਿੰਗ ਟਰੱਸਟੀ ਸੋਢੀ ਵਿਕਰਮ ਸਿੰਘ ਨੇ ਕਿਹਾ ਕਿ ਅਸੀਂ ਪੰਜਾਬ ਵਿੱਚ ਇਸ ਵੱਕਾਰੀ ਪੋਲੋ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਅਤੇ ਇਸ ਖੇਡ ਵਿੱਚ ਸਰਬੋਤਮ ਹੁਨਰਾਂ ਨੂੰ ਇਕੱਠਾ ਕਰਨ ਲਈ ਉਤਸ਼ਾਹਿਤ ਹਾਂ। ਇਹ ਸਮਾਗਮ ਨਾ ਸਿਰਫ਼ ਪੋਲੋ ਦੇ ਰੋਮਾਂਚ ਭਰੇ ਸੁਭਾਅ ਨੂੰ ਪ੍ਰਦਰਸ਼ਿਤ ਕਰੇਗਾ ਬਲਕਿ ਖਾਲਸਾ ਪੰਥ ਦੇ ਜਨਮ ਸਥਾਨ ਅਤੇ ਹੋਲਾ ਮੁਹੱਲਾ ਜਸ਼ਨਾਂ ਦੇ ਘਰ, ਸ੍ਰੀ ਆਨੰਦਪੁਰ ਸਾਹਿਬ ਦੇ ਇਤਿਹਾਸ ਅਤੇ ਮਹੱਤਵ ‘ਤੇ ਵੀ ਚਾਨਣਾ ਪਾਵੇਗਾ। ਇਹ 1701 ਤੋਂ ਸਿੱਖ ਮਾਰਸ਼ਲ ਆਰਟਸ ਅਤੇ ਘੋੜਸਵਾਰੀ ਨੂੰ ਪ੍ਰਦਰਸ਼ਿਤ ਕਰਨ ਵਾਲਾ ਇੱਕ ਮੱਧਕਾਲੀ ਖੇਡ ਦਿਵਸ ਹੈ ਜਿਸਨੇ ਪੰਜਾਬ ਵਿੱਚ ਖੇਡਾਂ ਪ੍ਰਤੀ ਪਿਆਰ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਇਹ ਪੋਲੋ ਟੂਰਨਾਮੈਂਟ ਭਾਰਤ ਵਿੱਚ ਪੋਲੋ ਅਤੇ ਹੋਰ ਘੋੜਸਵਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਪ੍ਰਮੁੱਖ ਸੰਸਥਾ ‘ਦਿੱਲੀ ਪੋਲੋ ਐਂਡ ਰਾਈਡਿੰਗ ਕਲੱਬ’ ਦੇ ਕਪਤਾਨ ਅਤੇ ਪ੍ਰਸਿੱਧ ਅੰਤਰਰਾਸ਼ਟਰੀ ਪੋਲੋ ਖਿਡਾਰੀ ਸੋਢੀ ਵਿਕਰਮ ਸਿੰਘ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਸੰਗਠਨ ਦਾ ਉਦੇਸ਼ ਖੇਡ ਪ੍ਰਤੀ ਜਨੂੰਨ ਨੂੰ ਉਤਸ਼ਾਹਿਤ ਕਰਨਾ, ਨਵੀਂ ਪ੍ਰਤਿਭਾ ਨੂੰ ਉਤਸ਼ਾਹਿਤ ਕਰਨਾ ਅਤੇ ਦੇਸ਼ ਵਿੱਚ ਪੋਲੋ ਦੇ ਵਿਕਾਸ ਨੂੰ ਹੁਲਾਰਾ ਦੇਣਾ ਹੈ।
ਪੋਲੋ ਬਾਰੇ ਬੋਲਦਿਆਂ ਵਿਕਰਮ ਨੇ ਇਸ ਖੇਡ ਨੂੰ “ਰਾਜਿਆਂ ਦੀ ਖੇਡ” ਦੱਸਿਆ, ਅਤੇ ਕਿਹਾ ਕਿ ਇਹ ਦੁਨੀਆ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਵੱਕਾਰੀ ਟੀਮ ਖੇਡਾਂ ਵਿੱਚੋਂ ਇੱਕ ਹੈ, ਜੋ ਚੁਸਤੀ, ਰਣਨੀਤੀ ਅਤੇ ਤਾਕਤ ਦਾ ਸੁਮੇਲ ਹੈ। ਆਧੁਨਿਕ ਪੋਲੋ ਭਾਰਤ ਵੱਲੋਂ ਦੁਨੀਆ ਨੂੰ ਦਿੱਤਾ ਗਿਆ ਤੋਹਫ਼ਾ ਸੀ। ਇਸ ਖੇਡ ਦਾ ਭਾਰਤ ਵਿੱਚ ਇੱਕ ਲੰਮਾ ਇਤਿਹਾਸ ਹੈ ਅਤੇ ਪੰਜਾਬ ਨੇ ਦੁਨੀਆ ਭਰ ਵਿੱਚ ਇਸਦੇ ਵਿਕਾਸ ਅਤੇ ਪ੍ਰਸਿੱਧੀ ਲਈ ਮੁੱਖ ਖੇਤਰਾਂ ਵਜੋਂ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਅੱਗੇ ਕਿਹਾ ਕਿ ਮੀਡੀਆ ਸਬੰਧੀ ਕਿਸੇ ਵੀ ਜਾਣਕਾਰੀ ਲਈ, ਮਨੂ ਸਿੰਘ ਨਾਲ ਉਨ੍ਹਾਂ ਦੇ ਮੋਬਾਈਲ ਨੰਬਰ 9877677117 ਅਤੇ ਈਮੇਲ ਆਈਡੀ- manu.10cricket@gmail.com ‘ਤੇ ਸੰਪਰਕ ਕੀਤਾ ਜਾ ਸਕਦਾ ਹੈ।