ਫਤਿਹਗੜ੍ਹ ਚੂੜੀਆਂ (ਬਟਾਲਾ), 22 ਜਨਵਰੀ ( ) ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਵਿਜੇ ਦੱਤ ਨੇ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਬਟਾਲਾ ਅਤੇ ਬਲਾਕ ਫਤਿਹਗੜ੍ਹ ਚੂੜੀਆਂ ਦੇ ਵੱਖ-ਵੱਖ ਸਰਕਾਰੀ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਦਾ ਅਚਨਚੇਤ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨੇ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਤਹਿਤ ਚੱਲ ਰਹੀਆਂ ਲਾਭਕਾਰੀ ਸਕੀਮਾਂ ਦਾ ਜਾਇਜ਼ਾ ਲਿਆ।
ਨਿਰੀਖਣ ਦੌਰਾਨ ਜ਼ਿਆਦਾਤਰ ਸਕੂਲਾਂ ਵਿੱਚ ਬੁੱਧਵਾਰ ਦੇ ਮਿਡ-ਡੇ-ਮੀਲ ਵਿੱਚ ਪਰੋਸਿਆ ਜਾਣ ਵਾਲਾ ਦੇਸੀ ਘਿਓ ਦਾ ਹਲਵਾ ਗਾਇਬ ਸੀ।ਇਸ ਸਬੰਧੀ ਕਮਿਸ਼ਨ ਨੇ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਅਫ਼ਸਰ ਏਡੀਸੀ (ਡੀ) ਗੁਰਪ੍ਰੀਤ ਸਿੰਘ ਗਿੱਲ ਨੂੰ ਹਦਾਇਤ ਕੀਤੀ ਹੈ ਕਿ ਉਹ ਸਬੰਧਤ ਅਧਿਕਾਰੀ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਣ।
ਵਿਜੇ ਦੱਤ, ਬਲਾਕ ਬਟਾਲਾ ਦੇ ਪਿੰਡ ਘਸੀਟਪੁਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਅਤੇ ਆਂਗਣਵਾੜੀ ਸੈਂਟਰ ਅਤੇ ਬਲਾਕ ਫਤਿਹਗੜ੍ਹ ਚੂੜੀਆਂ ਦੇ ਪਿੰਡ ਢਡਿਆਲਾ ਨੱਤ ਦੇ ਸਰਕਾਰੀ ਪ੍ਰਾਇਮਰੀ ਸਕੂਲ, ਸਰਕਾਰੀ ਹਾਈ ਸਕੂਲ ਅਤੇ ਪਿੰਡ ਸ਼ੰਕਰਪੁਰਾ ਦੇ ਆਂਗਣਵਾੜੀ ਕੇਂਦਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਪ੍ਰਾਇਮਰੀ ਸਕੂਲ ਅਤੇ ਆਂਗਣਵਾੜੀ ਕੇਂਦਰਾਂ ਦਾ ਨਿਰੀਖਣ ਕੀਤਾ। ਉਨ੍ਹਾਂ ਪਾਇਆ ਕਿ ਇਨ੍ਹਾਂ ਸਾਰੇ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਪੰਜਾਬ ਰਾਜ ਖੁਰਾਕ ਕਮਿਸ਼ਨ ਦਾ ਸ਼ਿਕਾਇਤ ਨੰਬਰ ਵੀ ਤਾਇਨਾਤ ਨਹੀਂ ਸੀ। ਕਮਿਸ਼ਨ ਦੇ ਮੈਂਬਰ ਵਿਜੇ ਦੱਤ ਨੇ ਜ਼ਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਪੰਜਾਬ ਰਾਜ ਖੁਰਾਕ ਕਮਿਸ਼ਨ ਦਾ ਹੈਲਪਲਾਈਨ ਨੰਬਰ (9876764545) ਡਿਸਪਲੇ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵੀ ਲਾਭਪਾਤਰੀ ਨੂੰ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਦੀਆਂ ਸਕੀਮਾਂ ਸਬੰਧੀ ਕੋਈ ਸ਼ਿਕਾਇਤ ਹੈ ਤਾਂ ਉਹ ਇਸ ਹੈਲਪਲਾਈਨ ਨੰਬਰ ‘ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ।
ਨਿਰੀਖਣ ਦੌਰਾਨ ਵਿਜੇ ਦੱਤ ਨੇ ਸਕੂਲਾਂ ਵਿੱਚ ਮਿਡ-ਡੇ-ਮੀਲ ਦੇ ਫੂਡ ਟੈਸਟਿੰਗ ਰਜਿਸਟਰ ਨੂੰ ਯਕੀਨੀ ਬਣਾਉਣ, ਬੱਚਿਆਂ ਨੂੰ ਸਾਫ਼-ਸੁਥਰਾ ਭੋਜਨ ਮੁਹੱਈਆ ਕਰਵਾਉਣ ਅਤੇ ਖਾਣਾ ਬਣਾਉਣ ਅਤੇ ਪਰੋਸਣ ਸਮੇਂ ਸਾਫ਼-ਸਫ਼ਾਈ ਰੱਖਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਸਕੂਲੀ ਬੱਚਿਆਂ ਨਾਲ ਮਿਡ-ਡੇ-ਮੀਲ ਬਾਰੇ ਗੱਲਬਾਤ ਕੀਤੀ ਅਤੇ ਖੁਦ ਵੀ ਬੱਚਿਆਂ ਨਾਲ ਮਿਡ-ਡੇ-ਮੀਲ ਖਾਧਾ। ਨਾਲ ਹੀ ਉਨ੍ਹਾਂ ਸਬੰਧਤ ਵਿਭਾਗ ਨੂੰ ਸਕੂਲਾਂ ਵਿੱਚ ਪਾਣੀ ਦੀ ਗੁਣਵੱਤਾ ਅਤੇ ਟੀ.ਡੀ.ਐਸ ਦੀ ਸਮੇਂ-ਸਮੇਂ ’ਤੇ ਜਾਂਚ ਕਰਨ ਦੇ ਨਿਰਦੇਸ਼ ਦਿੱਤੇ।
ਇਸ ਤੋਂ ਇਲਾਵਾ ਉਨ੍ਹਾਂ ਸਕੂਲੀ ਵਿਦਿਆਰਥੀਆਂ ਦੀ ਰੈਗੂਲਰ ਸਿਹਤ ਜਾਂਚ ਅਤੇ ਮਿਡ-ਡੇ-ਮੀਲ ਵਰਕਰਾਂ ਦਾ ਮੈਡੀਕਲ ਚੈਕਅੱਪ ਕਰਨ ਦੇ ਵੀ ਨਿਰਦੇਸ਼ ਦਿੱਤੇ।