ਪੰਜਾਬ ਵੱਲੋਂ ਪਾਣੀ ਦੀ ਘੱਟ ਖਪਤ ਤੇ ਵੱਧ ਝਾੜ ਵਾਲੇ ਮੱਕੀ ਦੇ ਹਾਈਬ੍ਰਿਡ ਪੀ.ਐਮ.ਐਚ.-17 ਬੀਜ ਦੀ ਸ਼ੁਰੂਆਤ ਦੀਆਂ ਤਿਆਰੀਆਂ

Politics Punjab

ਚੰਡੀਗੜ੍ਹ, 10 ਮਾਰਚ:

ਧਰਤੀ ਹੇਠਲੇ ਪਾਣੀ ਦੀ ਸੰਭਾਲ ਕਰਨ ਅਤੇ ਕਿਸਾਨਾਂ ਨੂੰ ਪਾਣੀ ਦੀ ਜ਼ਿਆਦਾ ਖਪਤ ਕਰਨ ਵਾਲੀ ਝੋਨੇ ਦੀ ਫਸਲ ਦਾ ਲਾਹੇਵੰਦ ਬਦਲ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਅਹਿਮ ਕਦਮ ਚੁੱਕਦਿਆਂ ਪੰਜਾਬ ਸਰਕਾਰ ਵੱਧ ਪੈਦਾਵਾਰ ਵਾਲਾ ਮੱਕੀ ਦਾ ਨਵਾਂ ਹਾਈਬ੍ਰਿਡ, ਪੀ.ਐਮ.ਐਚ.-17 ਬੀਜ ਦੀ ਸ਼ੁਰੂਆਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਦੋਹਰੇ ਉਦੇਸ਼ ਵਾਲਾ ਹਾਈਬ੍ਰਿਡ ਬੀਜ ਅਨਾਜ ਅਤੇ ਸਾਈਲੇਜ ਉਤਪਾਦਨ ਦੋਵਾਂ ਲਈ ਢੁਕਵਾਂ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਇਸ ਹਾਈਬ੍ਰਿਡ ਕਿਸਮ ਦੀ ਬਿਜਾਈ ਮਈ ਦੇ ਆਖਰੀ ਹਫ਼ਤੇ ਤੋਂ ਜੂਨ ਦੇ ਅੰਤ ਤੱਕ ਕੀਤੀ ਜਾ ਸਕਦੀ ਹੈ, ਜੋ 96 ਦਿਨਾਂ ਵਿੱਚ ਪੱਕ ਕੇ ਤਿਆਰ ਹੁੰਦੀ ਹੈ। ਬਿਜਾਈ ਦਾ ਖਾਸ ਸਮਾਂ ਅਤੇ ਫਸਲ ਤਿਆਰ ਹੋਣ ਲਈ ਲੱਗਣ ਵਾਲਾ ਘੱਟ ਸਮਾਂ ਕਿਸਾਨਾਂ ਲਈ ਲਾਭਦਾਇਕ ਹੋ ਸਕਦਾ ਹੈ, ਜਿਸ ਨਾਲ ਇੱਕ ਹੀ ਸੀਜ਼ਨ ਵਿੱਚ ਫ਼ਸਲ ਨੂੰ ਕਈ ਵਾਰ ਪ੍ਰਾਪਤ ਕੀਤੀ ਜਾ ਸਕਦੀ ਹੈ।

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਅਤੇ ਸਟੇਟ ਵੇਰੀਏਟਲ ਅਪਰੂਵਲ ਕਮੇਟੀ ਫਾਰ ਫ਼ੀਲਡ ਕਰੌਪਸ ਦੇ ਚੇਅਰਮੈਨ ਸ੍ਰੀ ਜਸਵੰਤ ਸਿੰਘ ਨੇ ਦੱਸਿਆ ਕਿ ਪੀ.ਐਮ.ਐਚ. 17 ਪੰਜਾਬ ਦੇ ਕਿਸਾਨਾਂ ਲਈ ਨਵੀਂ ਉਮੀਦ ਪੈਦਾ ਕਰਨ ਵਾਲੀ ਮੱਕੀ ਦੀ ਨਵੀਂ ਹਾਈਬ੍ਰਿਡ ਕਿਸਮ ਹੈ। ਸਟਾਰਚ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਇਹ ਈਥਾਨੌਲ ਉਤਪਾਦਨ ਲਈ ਢੁਕਵਾਂ ਹੈ, ਅਤੇ ਇਸਦਾ ਔਸਤਨ ਝਾੜ 25 ਕੁਇੰਟਲ ਪ੍ਰਤੀ ਏਕੜ ਹੈ, ਅਤੇ ਇਹ ਫਾਲ ਆਰਮੀਵੌਰਮਸ ਅਤੇ ਮੇਡਿਸ ਲੀਫ ਬਲਾਈਟ ਵਰਗੇ ਆਮ ਕੀੜਿਆਂ ਪ੍ਰਤੀ ਦਰਮਿਆਨੀ ਪ੍ਰਤੀਰੋਧਕ ਸ਼ਕਤੀ ਵਾਲਾ ਹੈ। ਇਸ ਹਾਈਬ੍ਰਿਡ ਦੇ ਚੌੜੇ, ਖੜ੍ਹੇ ਪੱਤੇ, ਅਰਧ-ਖੁੱਲ੍ਹੇ ਟੈਸਲਜ਼, ਅਤੇ ਲੰਬੇ ਦਰਮਿਆਨੇ ਫਲਿੰਟ ਵਾਲੇ ਈਅਰ ਅਤੇ ਪੀਲੇ-ਸੰਤਰੀ ਦਾਣੇ ਹੁੰਦੇ ਹਨ, ਜੋ ਇੱਕ ਮਜ਼ਬੂਤ ਅਤੇ ਉਤਪਾਦਕ ਪੌਦੇ ਨੂੰ ਦਰਸਾਉਂਦੇ ਹਨ।

ਮੱਕੀ ਦੇ ਇਸ ਨਵੇਂ ਹਾਈਬ੍ਰਿਡ ਬੀਜ ਦੀ ਉੱਚ ਪੈਦਾਵਾਰ, ਈਥਾਨੌਲ ਉਤਪਾਦਨ ਅਤੇ ਬਿਮਾਰੀ ਪ੍ਰਤੀਰੋਧਕ ਸਮਰੱਥਾ ਨੂੰ ਉਜਾਗਰ ਕਰਦਿਆਂ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਇਹ ਪੰਜਾਬ ਦੀ ਖੇਤੀਬਾੜੀ ਲਈ ਕਾਫੀ ਲਾਹੇਬੰਦ ਸਾਬਤ ਹੋਵੇਗਾ। ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਅਗਲੇ ਸੀਜ਼ਨ ਤੋਂ ਕਿਸਾਨਾਂ ਵਿੱਚ ਬੀਜਾਂ ਦੀ ਸਮੇਂ ਸਿਰ ਅਤੇ ਵਿਆਪਕ ਵੰਡ ਨੂੰ ਯਕੀਨੀ ਬਣਾਉਣ ਤਾਂ ਜੋ ਇਸ ਨਵੀਂ ਹਾਈਬ੍ਰਿਡ ਕਿਸਮ ਨੂੰ ਅਪਣਾਉਣ ਵਿੱਚ ਸਹਾਇਤਾ ਮਿਲ ਸਕੇ, ਜਿਸ ਨਾਲ ਕਿਸਾਨ ਇਸਦਾ ਲਾਭ ਲੈ ਸਕਣ ਅਤੇ ਸੂਬੇ ਦੇ ਖੇਤੀਬਾੜੀ ਵਿਕਾਸ ਵਿੱਚ ਯੋਗਦਾਨ ਪਾ ਸਕਣ।

Leave a Reply

Your email address will not be published. Required fields are marked *