ਪਸ਼ੂਆਂ ਅੰਦਰ ਬਿਮਾਰੀ ਦੇ ਪ੍ਰਕੋਪ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਪਸ਼ੂ ਮੰਡੀਆਂ ‘ਅਸਥਾਈ ਤੌਰ ‘ਤੇ ਬੰਦ

Ludhiana

ਲੁਧਿਆਣਾ :  (28 ਅਪ੍ਰੈਲ) ਪਿਛਲੇ ਦਿਨੀਂ ਪੰਜਾਬ ਦੇ ਕਈਂ ਹਿੱਸਿਆ ਵਿੱਚ ਪਸ਼ੂਆਂ  ਅੰਦਰ ਫੈਲੀ ਬਿਮਾਰੀ ਦੇ ਪ੍ਰਕੋਪ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਇੱਕ ਲਿਖਤੀ ਹੁਕਮ ਜਾਰੀ ਕਰਕੇ ਪਸ਼ੂ ਮੰਡੀਆਂ ਲੱਗਣ ਤੇ ਮੁਕੰਮਲ ਰੋਕ ਲਗਾ ਦਿੱਤੀ ਹੈ | ਇਸ ਸਬੰਧ ਵਿੱਚ ਪਸ਼ੂ ਪਾਲਣ ਵਿਭਾਗ ਦੇ ਸੰਯੁਕਤ ਸਕੱਤਰ ਵੱਲੋਂ ਬਕਾਇਦਾ ਲਿਖਤੀ ਹੁਕਮ ਜਾਰੀ ਕੀਤੇ ਗਏ ਹਨ | ਇਹਨਾਂ ਹੁਕਮਾਂ ਦੀ ਪਾਲਣਾ ਤਹਿਤ ਹੀ ਅੱਜ ਜ਼ਿਲਾ ਪ੍ਰਸ਼ਾਸਨ ਨੇ ਖੰਨਾ ਵਿਖੇ ਲੱਗਣ ਵਾਲੀ ਪਸ਼ੂ ਮੰਡੀ ਵੀ ਨਾ ਲੱਗਣ ਦਿੱਤੀ  |
                     ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾਕਟਰ ਪਰਮਦੀਪ ਸਿੰਘ ਵਾਲੀਆ ਨੇ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਵੱਖ ਵੱਖ ਇਲਾਕਿਆਂ ਅੰਦਰ ਪਸ਼ੂਆਂ ਵਿੱਚ ਮੂੰਹ ਖੁਰ ਅਤੇ ਗਲ਼ ਘੋਟੂ ਬਿਮਾਰੀ ਦੇ ਲੱਛਣ ਪਾਏ ਗਏ ਸਨ ਜਿਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ , ਲੁਧਿਆਣਾ ਅਤੇ ਪਸ਼ੂਆਂ ਅੰਦਰ ਵੱਖ ਵੱਖ ਬਿਮਾਰੀਆਂ ਦੀ ਜਾਂਚ ਲਈ ਜਲੰਧਰ ਵਿੱਚ ਸਥਾਪਤ ਖੇਤਰੀ ਲੈਬੋਰੇਟਰੀ ਦੀਆਂ ਸਾਂਝੀਆਂ ਸਿਫ਼ਾਰਸ਼ਾਂ ਨੂੰ ਮੁੱਖ ਰੱਖਦੇ ਹੋਏ ਪਸ਼ੂ ਮੰਡੀਆਂ ਉੱਪਰ 30 ਅਪ੍ਰੈਲ ਤੱਕ ਰੋਕ ਲਗਾ ਦਿੱਤੀ ਹੈ | ਅਗਲੇ ਦਿਨਾਂ ਵਿਚ ਤਾਜ਼ਾ ਹਾਲਾਤਾਂ ਦੀ ਨਜਰਸਾਨੀ ਕਰਨ ਉਪਰੰਤ ਇਸ ਸਬੰਧੀ ਮਹਿਕਮਾ ਪਸ਼ੂ ਪਾਲਣ ਵੱਲੋਂ ਫਿਰ ਤੋਂ ਨਵਾਂ ਫੈਸਲਾ ਲਏ ਜਾਣ ਦੀ ਸੰਭਾਵਨਾ ਹੈ |
ਉਹਨਾ ਦੱਸਿਆ ਕਿ ਮੂੰਹ ਖੁਰ ਅਤੇ ਗਲ਼ ਘੋਟੂ ਗਾਵਾਂ ਅਤੇ ਮੱਝਾਂ ਵਿੱਚ ਲਾਗ ਦੀਆਂ ਬਿਮਾਰੀਆ ਹਨ ਜੋ ਤੰਦਰੁਸਤ ਪਸ਼ੂ ਦੇ ਬਿਮਾਰ ਪਸ਼ੂ ਨਾਲ ਸਪੰਰਕ ਵਿੱਚ ਆਉਣ ਕਾਰਨ ਫੈਲਦੀਆਂ ਹਨ।ਇਸ ਤੋ ਇਲਾਵਾ ਬਿਮਾਰ ਪਸ਼ੂਆਂ ਦੇ ਸਪੰਰਕ ਵਿੱਚ ਆਉਣ ਵਾਲੇ ਵਿਅਕਤੀ ਵੀ ਬਿਮਾਰੀ ਫੈਲਾਅ ਸਕਦੇ ਹਨ।
ਡਿਪਟੀ ਕਮਿਸ਼ਨਰ ਲੁਧਿਆਣਾ ਸਾਕਸ਼ੀ ਸਾਹਨੀ ਆਈ. ਏ. ਐਸ.ਪੰਜਾਬ ਦੇ ਦੱਸਿਆ ਕਿ ਪਸ਼ੂ ਮੰਡੀਆਂ ਵਿੱਚ ਵੱਡੇ ਪੱਧਰ ਤੇ ਪਸ਼ੂਆ ਦੀ ਖ਼ਰੀਦੋ ਫਰੋਖਤ ਹੁੰਦੀ ਹੈ ਇਸ ਲਈ ਇਹਨਾ ਬਿਮਾਰੀਆਂ ਦੇ ਫੈਲਣ ਦੀ ਸੰਭਾਵਨਾ ਕਾਫ਼ੀ ਵੱਧ ਜਾਂਦੀ ਹੈ ਅਤੇ ਪੰਜਾਬ ਦੇ ਪਸ਼ੂ ਧੰਨ ਨੂੰ ਇਹਨਾ  ਬਿਮਾਰੀਆਂ ਦੇ ਪ੍ਰਕੋਪ ਤੋਂ ਬਚਾਉਣ ਲਈ ਅਹਿਤਆਤ ਵਜੋਂ ਇਹ ਕਦਮ ਉਠਾਇਆ ਗਿਆ ਹੈ ।ਉਹਨਾਂ ਪਸ਼ੂ ਪਾਲਕਾ ,ਪਸ਼ੂ ਵਪਾਰੀਆ ਤੋਂ ਇਲਾਵਾ ਆਮ ਜਨਤਾ ਨੂੰ ਇਸ ਸਬੰਧੀ ਸਹਿਯੋਗ ਦੀ ਅਪੀਲ ਕੀਤੀ ।
ਦੂਜੇ ਪਾਸੇ ਡਿਪਟੀ ਡਾਇਰੈਕਟਰ ਡਾਕਟਰ ਪਸ਼ੂ ਪਾਲਣ ਲੁਧਿਆਣਾ ਡਾਕਟਰ ਪਰਮਦੀਪ ਸਿੰਘ ਵਾਲੀਆ ਅਨੁਸਾਰ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਵੱਲੋਂ ਪਸ਼ੂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਮੂੰਹ ਖੁਰ ਅਤੇ ਗਲ਼ ਘੋਟੂ ਤੋਂ ਬਚਾਅ ਦੇ ਟੀਕੇ ਘਰ ਘਰ ਜਾ ਕੇ ਜੰਗੀ ਪੱਧਰ ਤੇ ਲਗਾਏ ਜਾ ਰਹੇ ਹਨ ਤਾਂ ਜ਼ੋ ਪਸ਼ੂ ਪਾਲਕਾਂ ਦਾ ਨੁਕਸਾਨ ਹੋਣੋਂ ਬਚਾਇਆ ਜਾ ਸਕੇ |