ਅਬੋਹਰ/ ਫਾਜ਼ਿਲਕਾ 23 ਸਤੰਬਰ2024.
ਫਾਜ਼ਿਲਕਾ ਦੇ ਅਬੋਹਰ ਬਲਾਕ ਦੇ ਪਿੰਡ ਭੰਗਾਲਾ ਦੇ ਅਗਾਂਹ ਵਧੂ ਕਿਸਾਨ ਗੁਰਪ੍ਰੀਤ ਸਿੰਘ ਪੁੱਤਰ ਬਲਜਿੰਦਰ ਸਿੰਘ ਨੇ ਫਾਜਿਲਕਾ ਹੀ ਨਹੀਂ ਸਮੁੱਚੇ ਪੰਜਾਬ ਦੇ ਕਿਸਾਨਾਂ ਲਈ ਇੱਕ ਅਦੁੱਤੀ ਮਿਸਾਲ ਕਾਇਮ ਕੀਤੀ ਹੈ।
ਅਗਾਂਵਧੂ ਕਿਸਾਨ ਗੁਰਪ੍ਰੀਤ ਸਿੰਘ 20 ਏਕੜ ਜ਼ਮੀਨ ਵਿੱਚ ਖੇਤੀ ਕਰਦਾ ਹੈ ਅਤੇ ਕਦੇ ਵੀ ਆਪਣੀ ਫਸਲ ਦੀ ਰਹਿੰਦ- ਖੂਹਿੰਦ ਨੂੰ ਅੱਗ ਨਹੀਂ ਲਗਾਉਂਦਾ।
ਅਗਾਂਵਧੂ ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਉਸ ਨੇ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ ਅਤੇ ਉਹ ਝੋਨੇ ਦੀ ਪਰਾਲੀ ਨੂੰ ਸੁਪਰਸੀਡਰ ਨਾਲ ਖੇਤ ਵਿੱਚ ਹੀ ਵਾਹ ਕੇ ਕਣਕ ਦੀ ਬਿਜਾਈ ਕਰ ਰਿਹਾ ਹੈ। ਸੁਪਰਸੀਡਰ ਤੋਂ ਪਹਿਲਾਂ ਉਹ ਰੋਟਵੇਟਰ ਅਤੇ ਤਵੀਆਂ ਨਾਲ ਪਰਾਲੀ ਦੀ ਸਾਂਭ ਸੰਭਾਲ ਕਰਦਾ ਰਿਹਾ ਹੈ। ਕਿਸਾਨ ਨੇ ਦੱਸਿਆ ਕਿ ਉਹ ਕੁਝ ਰਕਬੇ ਵਿੱਚ ਗੱਠਾ ਬਣਾ ਕੇ ਜੀਰੋ ਡਰਿਲ ਨਾਲ ਬਜਾਈ ਕਰਦੇ ਹਨ| ਕਿਸਾਨ ਨੇ ਕਿਹਾ ਕਿ ਉਸ ਦੀ ਕਣਕ ਦੀ ਫਸਲ ਵਿੱਚ ਸੁੰਡੀ ਦੀ ਕਦੇ ਕੋਈ ਸਮੱਸਿਆ ਨਹੀਂ ਆਈ। ਉਸ ਨੇ ਦੱਸਿਆ ਕਿ ਉਹ ਜਿੱਥੇ ਪਰਾਲੀ ਨੂੰ ਅੱਗ ਨਾ ਲਗਾ ਕੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ ਉੱਥੇ ਹੀ ਉਸ ਦੀ ਕਣਕ ਦਾ ਝਾੜ ਵੀ ਬਹੁਤ ਵਧੀਆ ਨਿਕਲਦਾ ਹੈ।
ਕਿਸਾਨ ਗੁਰਪ੍ਰੀਤ ਨੇ ਆਪਣੇ ਬਾਕੀ ਕਿਸਾਨ ਭਰਾਵਾਂ ਨੂੰ ਵੀ ਅਪੀਲ ਕਰਦੇ ਕਿਹਾ ਕਿ ਉਹ ਆਪਣੇ ਝੋਨੇ ਦੀ ਫਸਲ ਦੀ ਰਹਿੰਦ-ਖੂਹਿੰਦ ਨੂੰ ਅੱਗ ਨਾ ਲਗਾਉਣ ਅਤੇ ਇਸ ਨੂੰ ਜ਼ਮੀਨ ਵਿੱਚ ਹੀ ਰਲਾਉਣ ਤਾਂ ਜੋ ਧਰਤੀ ਦੀ ਉਪਜਾਊ ਸ਼ਕਤੀ ਵੀ ਬਰਕਰਾਰ ਬਣੀ ਰਹੇ|
ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਵਾਹ ਕੇ ਕਣਕ ਦੀ ਬਿਜਾਈ ਕਰ ਰਿਹਾ ਹੈ ਅਗਾਂਹ ਵਧੂ ਕਿਸਾਨ ਗੁਰਪ੍ਰੀਤ ਸਿੰਘ


