ਫਾਜਿ਼ਲਕਾ, 16 ਮਈ
ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਹਲਕਾ 10 ਫਿਰੋਜਪੁਰ ਲਈ ਤਾਇਨਾਤ ਕੀਤੇ ਪੁਲਿਸ ਅਬਜਰਵਰ ਸ੍ਰੀ ਏ ਆਰ ਦਾਮੋਧਰ ਆਈਪੀਐਸ ਨੇ ਅੱਜ ਫਾਜਿ਼ਲਕਾ ਜਿ਼ਲ੍ਹੇ ਦਾ ਦੌਰਾ ਕਰਕੇ ਇੱਥੇ ਲੋਕ ਸਭਾ ਚੋਣਾਂ ਦੇ ਮੱਦੇਨਜਰ ਕੀਤੀਆਂ ਜਾ ਰਹੀਆਂ ਸੁਰੱਖਿਆ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਇੱਥੇ ਪੱੁੱਜਣ ਤੇ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਅਤੇ ਐਸਐਸਪੀ ਡਾ: ਪ੍ਰਗਿਆ ਜੈਨ ਆਈਪੀਐਸ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਉਨ੍ਹਾਂ ਨੂੰ ਜਿਲ਼੍ਹੇ ਵਿਚ ਕੀਤੀਆਂ ਜਾ ਰਹੀਆਂ ਚੋਣ ਤਿਆਰੀਆਂ ਦੀ ਜਾਣਕਾਰੀ ਦਿੱਤੀ ਜਦ ਕਿ ਐਸਐਸਪੀ ਡਾ: ਪ੍ਰਗਿਆ ਜੈਨ ਨੇ ਸੁਰੱਖਿਆ ਤਿਆਰੀਆਂ ਤੋਂ ਪੁਲਿਸ ਅਬਜਰਵਰ ਨੂੰ ਜਾਣੂ ਕਰਵਾਇਆ।
ਐਸਐਸਪੀ ਨੇ ਦੱਸਿਆ ਕਿ ਜਿ਼ਲ੍ਹਾ ਫਾਜਿ਼ਲਕਾ ਦਾ 108 ਕਿਲੋਮੀਟਰ ਲੰਬਾ ਬਾਰਡਰ ਪਾਕਿਸਤਾਨ ਨਾਲ ਅਤੇ 79 ਕਿਲੋਮੀਟਰ ਲੰਬਾ ਬਾਰਡਰ ਰਾਜਸਥਾਨ ਨਾਲ ਲੱਗਦਾ ਹੈ। ਇਸ ਸਬੰਧੀ ਪੂਰੀ ਚੌਕਸੀ ਰੱਖੀ ਜਾ ਰਹੀ ਹੈ। ਜਿ਼ਲ੍ਹੇ ਦੀ ਰਾਜਸਥਾਨ ਨਾਲ ਲੱਗਦੀ ਹੱਦ ਤੇ 24 ਨਾਕੇ ਲਗਾਏ ਗਏ ਹਨ। ਜਿ਼ਲ੍ਹੇ ਵਿਚ 12 ਐਫਐਸਟੀ ਤੇ 12 ਹੀ ਐਸਐਸਟੀ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
ਐਸਐਸਪੀ ਡਾ: ਪ੍ਰਗਿਆ ਜੈਨ ਨੇ ਦੱਸਿਆ ਕਿ ਜਿ਼ਲ੍ਹੇ ਵਿਚ ਚੋਣਾਂ ਦੇ ਮੱਦੇਨਜਰ ਸਖ਼ਤ ਸੁਰੱਖਿਆ ਇੰਤਜਾਮ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਆਦਰਸ਼ ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ਹੁਣ ਤੱਕ 43.90 ਕਰੋੜ ਰੁਪਏ ਦੇ ਨਸ਼ੇ ਜਾਂ ਡਰੱਗ ਮਨੀ ਬਰਾਮਦ ਕੀਤੀ ਗਈ ਹੈ।750 ਅਪਰਾਧੀ ਪ੍ਰਵਰਿਤੀ ਦੇ ਲੋਕਾਂ ਖਿਲਾਫ ਜਾਬਤੇ ਦੀ ਕਾਰਵਾਈ ਕੀਤੀ ਗਈ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਕਮ ਵਧੀਕ ਜਿ਼ਲ੍ਹਾ ਚੋਣ ਅਫ਼ਸਰ ਸ੍ਰੀ ਰਾਕੇੇਸ਼ ਕੁਮਾਰ ਪੋਪਲੀ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਅਮਰਿੰਦਰ ਸਿੰਘ ਮੱਲ੍ਹੀ, ਐਸਪੀ ਸ੍ਰੀ ਰਮਨੀਸ਼ ਚੌਧਰੀ, ਐਸਡੀਐਮ ਸ੍ਰੀ ਵਿਪਨ ਭੰਡਾਰੀ, ਸ੍ਰੀ ਪੰਕਜ ਬਾਂਸਲ, ਸ੍ਰੀ ਬਲਕਰਨ ਸਿੰਘ ਵੀ ਹਾਜਰ ਸਨ।
ਬਾਅਦ ਵਿਚ ਉਨ੍ਹਾਂ ਨੇ ਇੱਥੋਂ ਦੇ ਸਰਕਾਰੀ ਸਕੂਲ ਵਿਚ ਬਣੇ ਸਟਰਾਂਗ ਰੂਮ ਦਾ ਦੌਰਾ ਕਰਕੇ ਉਥੇ ਦੀ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਲਿਆ। ਇੱਥੇ ਉਨ੍ਹਾਂ ਨੇ ਗਿਣਤੀ ਕੇਂਦਰਾਂ ਨੂੰ ਵੀ ਵੇਖਿਆ ਅਤੇ ਸੁਰੱਖਿਆ ਸਥਿਤੀ ਦਾ ਜਾਇਜ਼ਾ ਲਿਆ।
ਪੁਲਿਸ ਅਬਜਰਵਰ ਵੱਲੋਂ ਫਾਜਿ਼ਲਕਾ ਦਾ ਦੌਰਾ, ਲੋਕ ਸਭਾ ਚੋਣਾਂ ਮੱਦੇਨਜਰ ਸੁਰੱਖਿਆ ਤਿਆਰੀਆਂ ਦਾ ਲਿਆ ਜਾਇਜ਼ਾ


