ਪਟਿਆਲਾ, 24 ਮਾਰਚ:
ਸਰਕਾਰੀ ਬਹੁਤਕਨੀਕੀ ਕਾਲਜ ਪਟਿਆਲਾ ਵਿਖੇ ਪ੍ਰਿੰਸੀਪਲ ਜਗਦੇਵ ਸਿੰਘ ਕਾਲੇਕਾ ਦੀ ਰਹਿਨੁਮਾਈ ਹੇਠ ਪਲੇਸਮੈਂਟ ਕੈਂਪ ਲਗਾਇਆ ਗਿਆ, ਜਿਸ ਵਿੱਚ ਵੈਸਟਰਨ ਰਿਕਰੂਟਮੈਂਟ ਗਰੁੱਪ ਵੱਲੋਂ ਵੱਖ–ਵੱਖ ਮਲਟੀ–ਨੈਸ਼ਨਲ ਕੰਪਨੀਆਂ ਲਈ ਵਿਦਿਆਰਥੀਆਂ ਦੀ ਚੋਣ ਲਈ ਇੰਟਰਵਿਊ ਲਈ ਗਈ।
ਪਲੇਸਮੈਂਟ ਕੈਂਪ ਦੀ ਸ਼ੁਰੂਆਤ ਪ੍ਰੀ–ਪਲੇਸਮੈਂਟ ਟਾਕ ਨਾਲ ਹੋਈ ਜਿਸ ਵਿੱਚ ਵੈਸਟਰਨ ਰਿਕਰੂਟਮੈਂਟ ਗਰੁੱਪ ਦੇ ਨੁਮਾਇੰਦਿਆਂ ਵੱਲੋਂ ਵਿਦਿਆਰਥੀਆਂ ਨੂੰ ਕੰਪਨੀਆਂ ਬਾਰੇ ਜਾਣੂ ਕਰਵਾਇਆ ਗਿਆ, ਜੌਬ ਪ੍ਰੋਫਾਈਲ ਸਮਝਾਈ ਗਈ ਅਤੇ ਨੌਕਰੀ ਪ੍ਰਾਪਤ ਕਰਨ ਲਈ ਜ਼ਰੂਰੀ ਯੋਗਤਾਵਾਂ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਪਲੇਸਮੈਂਟ ਕੈਂਪ ਵਿੱਚ ਮੇਜ਼ਬਾਨ ਸੰਸਥਾ ਤੋਂ ਇਲਾਵਾ ਸਰਕਾਰੀ ਬਹੁਤਕਨੀਕੀ ਕਾਲਜ ਖੂਨੀਮਾਜਰਾ, ਸਰਕਾਰੀ ਬਹੁਤਕਨੀਕੀ ਕਾਲਜ ਬਠਿੰਡਾ ਆਦਿ ਦੇ ਇੰਜੀਨੀਅਰਿੰਗ ਡਿਪਲੋਮਾ ਦੇ ਆਖਰੀ ਸਾਲ ਦੇ ਕੁੱਲ 88 ਵਿਦਿਆਰਥੀਆਂ ਨੇ ਹਿੱਸਾ ਲਿਆ। ਸੰਸਥਾ ਦੇ ਪ੍ਰਿੰਸੀਪਲ ਸ: ਜਗਦੇਵ ਸਿੰਘ ਕਾਲੇਕਾ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਦਾ ਉਦੇਸ਼ ਸੰਸਥਾ ਵਿੱਚ ਪੜ੍ਹ ਰਹੇ ਸਭ ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਵਧੀਆ ਮੌਕੇ ਪ੍ਰਦਾਨ ਕਰਨਾ ਹੈ।
ਉਨ੍ਹਾਂ ਦੱਸਿਆ ਕਿ ਇਸ ਮੰਤਵ ਲਈ ਸੰਸਥਾ ਦਾ ਟ੍ਰੇਨਿੰਗ ਅਤੇ ਪਲੇਸਮੈਂਟ ਸੈੱਲ ਤਨਦੇਹੀ ਨਾਲ ਮਿਹਨਤ ਕਰ ਰਿਹਾ ਹੈ। ਸੰਸਥਾ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਅਫਸਰ ਸੁਖਵਿੰਦਰ ਕੌਰ ਚੀਮਾ ਨੇ ਕਿਹਾ ਕਿ ਇਹ ਡਰਾਈਵ ਵਿਦਿਆਰਥੀਆਂ ਲਈ ਸਿਰਫ ਨੌਕਰੀ ਪ੍ਰਾਪਤ ਕਰਨ ਦਾ ਮੌਕਾ ਹੀ ਨਹੀਂ ਸੀ ਸਗੋਂ ਇੱਕ ਵਧੀਆ ਅਨੁਭਵ ਵੀ ਸੀ ਜੋ ਉਨ੍ਹਾਂ ਨੂੰ ਹੋਰ ਪੇਸ਼ੇਵਰ ਅਤੇ ਕਾਬਿਲ ਬਣਾਵੇਗਾ। ਅੰਤ ਵਿੱਚ ਸਹਾਇਕ ਟ੍ਰੇਨਿੰਗ ਅਤੇ ਪਲੇਸਮੈਂਟ ਅਫਸਰ ਧਰਮਿੰਦਰ ਸਿੰਘ ਚੀਮਾ ਨੇ ਵੈਸਟਰਨ ਰਿਕਰੂਟਮੈਂਟ ਗਰੁੱਪ ਦੇ ਨੁਮਾਇੰਦਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਭਵਿੱਖ ਵਿੱਚ ਹੋਰ ਪਲੇਸਮੈਂਟ ਡਰਾਈਵ ਕਰਵਾਉਣ ਲਈ ਯਤਨ ਕਰਦੇ ਰਹਿਣਗੇ।
ਸਰਕਾਰੀ ਬਹੁਤਕਨੀਕੀ ਕਾਲਜ ਵਿਖੇ ਪਲੇਸਮੈਂਟ ਕੈਂਪ ਲਗਾਇਆ


