ਪਟਿਆਲਾ, 11 ਫਰਵਰੀ:
ਪਟਿਆਲਾ ਡਿਵੈਲਪਮੈਂਟ ਅਥਾਰਿਟੀ (ਪੀ.ਡੀ.ਏ.) ਵੱਲੋਂ ਮੁੱਖ ਪ੍ਰਸ਼ਾਸਕ ਮਨੀਸ਼ਾ ਰਾਣਾ ਅਤੇ ਵਧੀਕ ਮੁੱਖ ਪ੍ਰਸ਼ਾਸਕ ਜਸ਼ਨਪ੍ਰੀਤ ਕੌਰ ਦੀ ਅਗਵਾਈ ਵਿੱਚ ਪਿੰਡ ਦੌਲਤਪੁਰ ਵਿਖੇ ਅਣ ਅਧਿਕਾਰਤ ਕਲੋਨੀ ਖ਼ਿਲਾਫ਼ ਕਾਰਵਾਈ ਕਰਦਿਆਂ ਗਰੀਨ ਬੈਲਟ ਵਿੱਚ ਬਿਨਾਂ ਮਨਜ਼ੂਰੀ ਵਿਕਸਤ ਕੀਤੀ ਜਾ ਰਹੀ ਅਣ ਅਧਿਕਾਰਤ ਕਲੋਨੀ ਨੂੰ ਢਾਹ ਦਿੱਤਾ ਗਿਆ ਹੈ।
ਇਸ ਮੁਹਿੰਮ ਤਹਿਤ ਪੀ.ਡੀ.ਏ. ਦੇ ਅਧਿਕਾਰੀਆਂ ਵੱਲੋਂ ਇਹ ਸਪਸ਼ਟ ਸੁਨੇਹਾ ਦਿੱਤਾ ਗਿਆ ਕਿ ਪੀ.ਡੀ.ਏ., ਪਟਿਆਲਾ ਦੇ ਅਧਿਕਾਰ ਖੇਤਰ ਵਿੱਚ ਕਿਸੇ ਵੀ ਤਰ੍ਹਾਂ ਦੀ ਅਣ-ਅਧਿਕਾਰਤ ਕਲੋਨੀ ਦੀ ਉਸਾਰੀ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਆਮ ਜਨਤਾ ਨੂੰ ਇਹਨਾਂ ਵਿਕਸਤ ਹੋਈਆਂ ਕਲੋਨੀਆਂ ਵਿੱਚ ਆਪਣੀ ਅਹਿਮ ਪੂੰਜੀ ਨੂੰ ਨਿਵੇਸ਼ ਕਰਨ ਤੋਂ ਬਚਾਇਆ ਜਾ ਸਕੇ ਅਤੇ ਪਟਿਆਲਾ ਜ਼ਿਲ੍ਹੇ ਵਿੱਚ ਹੋ ਰਹੇ ਗੈਰ-ਯੋਜਨਾਬੱਧ ਵਿਕਾਸ ਨੂੰ ਰੋਕਿਆ ਜਾ ਸਕੇ।
ਇਸ ਦੌਰਾਨ ਪੀ.ਡੀ.ਏ. ਦੇ ਅਧਿਕਾਰੀਆਂ ਵੱਲੋਂ ਇਹ ਵੀ ਸੰਦੇਸ਼ ਦਿੱਤਾ ਗਿਆ ਕਿ ਆਮ ਜਨਤਾ ਵੱਲੋਂ ਕਿਸੇ ਵੀ ਅਣ-ਅਧਿਕਾਰਤ ਕਲੋਨੀ ਵਿੱਚ ਬਿਲਡਿੰਗ/ਪਲਾਟ ਖ਼ਰੀਦ ਕੇ ਆਪਣੀ ਜਮਾਂ ਪੂੰਜੀ ਕਿਸੇ ਅਣ-ਅਧਿਕਾਰਤ ਕਲੋਨੀ ਵਿੱਚ ਨਿਵੇਸ਼ ਨਾ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਆਮ ਜਨਤਾ ਲਈ ਇਹ ਜ਼ਰੂਰੀ ਹੈ ਕਿ ਕੋਈ ਵੀ ਬਿਲਡਿੰਗ /ਪਲਾਟ ਖ਼ਰੀਦਣ ਜਾਂ ਲੀਜ਼ ਤੇ ਲੈਣ ਤੋਂ ਪਹਿਲਾਂ ਉਸ ਦੀ ਪ੍ਰਵਾਨਗੀ ਸਬੰਧੀ ਜਾਣਕਾਰੀ ਪੀਡੀਏ ਦਫ਼ਤਰ ਪਾਸੋਂ ਪ੍ਰਾਪਤ ਕਰ ਲਈ ਜਾਵੇ।
ਇਸ ਤੋਂ ਇਲਾਵਾ ਅਧਿਕਾਰੀਆਂ ਵੱਲੋਂ ਇਹ ਵੀ ਸੂਚਿਤ ਕੀਤਾ ਗਿਆ ਕਿ ਇਹਨਾਂ ਕਲੋਨੀਆਂ ਤੋਂ ਇਲਾਵਾ ਕੁੱਝ ਹੋਰ ਅਣ-ਅਧਿਕਾਰਤ ਕਲੋਨਾਈਜ਼ਰਾਂ ਨੂੰ ਵੀ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਜੇਕਰ ਇਸ ਸਬੰਧੀ ਕੋਈ ਪੁਖ਼ਤਾ ਜਵਾਬ ਜਾਂ ਦਸਤਾਵੇਜ਼ ਨੋਟਿਸ ਵਿੱਚ ਦਿੱਤੇ ਸਮੇਂ ਦੌਰਾਨ ਪ੍ਰਾਪਤ ਨਹੀਂ ਹੁੰਦੇ ਹਨ ਤਾਂ ਉਹਨਾਂ ਵਿਰੁੱਧ ਵੀ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ ਅਤੇ ਪਾਪਰਾ ਐਕਟ 1995 ਦੀਆਂ ਧਾਰਾਵਾਂ ਤਹਿਤ ਐੱਫ਼.ਆਈ.ਆਰ. ਵੀ ਦਰਜ ਕਰਵਾਈ ਜਾਵੇਗੀ।
ਇਸ ਕਾਰਵਾਈ ਦੌਰਾਨ ਮਨੀਸ਼ਾ ਰਾਣਾ ਆਈ.ਏ.ਐਸ ਮੁੱਖ ਪ੍ਰਸ਼ਾਸਕ ਪੀਡੀਏ ਪਟਿਆਲਾ, ਸੀਮਾ ਕੌਸ਼ਲ (ਜ਼ਿਲ੍ਹਾ ਨਗਰ ਯੋਜਨਾਕਾਰ), ਗੁਰਿੰਦਰ ਸਿੰਘ (ਸਹਾਇਕ ਨਗਰ ਯੋਜਨਾਕਾਰ), ਰਾਜੀਵ ਕੁਮਾਰ (ਉਪ-ਮੰਡਲ ਇੰਜੀਨੀਅਰ), ਗੁਰਪ੍ਰੀਤ ਸਿੰਘ (ਜੂਨੀਅਰ ਇੰਜੀਨੀਅਰ), ਸੰਜੀਵ ਕੁਮਾਰ(ਜੂਨੀਅਰ ਇੰਜੀਨੀਅਰ), ਗੁਰਪਿਆਰ ਸਿੰਘ (ਜੂਨੀਅਰ ਇੰਜੀਨੀਅਰ), ਪੰਕਜ ਗਰਗ (ਜੂਨੀਅਰ ਇੰਜੀਨੀਅਰ) ਮੌਜੂਦ ਸਨ।
ਪੀ.ਡੀ.ਏ ਨੇ ਪਿੰਡ ਦੌਲਤਪੁਰ ਵਿਖੇ ਅਣ ਅਧਿਕਾਰਤ ਕਲੋਨੀ ਖ਼ਿਲਾਫ਼ ਕੀਤੀ ਕਾਰਵਾਈ


