ਅਮਰਗੜ੍ਹ, 16 ਅਪ੍ਰੈਲ :
ਸਹਾਇਕ ਕਮਿਸ਼ਨਰ(ਈ) ਕਮ ਐਸ.ਡੀ.ਐਮ ਅਮਰਗੜ੍ਹ ਰਾਕੇਸ਼ ਪ੍ਰਕਾਸ਼ ਗਰਗ ਵੱਲੋਂ ਪਿੰਡ ਤੋਲੇਵਾਲ ਅਤੇ ਲਾਂਗੜੀਆਂ ਦੇ ਪ੍ਰਾਇਮਰੀ ਸਕੂਲ ਦਾ ਅਚਨਚੇਤ ਦੌਰਾ ਕਰਦਿਆਂ ਛੋਟੇ ਬੱਚਿਆਂ ਲਈ ਸਿੱਖਿਆ ਪ੍ਰਬੰਧਾਂ ਅਤੇ ਮਿਡ ਡੇ ਮੀਲ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਸਕੂਲ ਦੇ ਮਿੱਡ ਡੇਅ ਮੀਲ ਦੀ ਜਾਂਚ ਵੀ ਕੀਤੀ ਗਈ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬੱਚਿਆਂ ਨੂੰ ਪੋਸ਼ਟਿਕ ਭੋਜਨ ਰੋਜ਼ਾਨਾ ਮੁਹੱਈਆ ਕਰਵਾਉਣ ਦੀ ਹਦਾਇਤ ਵੀ ਕੀਤੀ। ਉਨ੍ਹਾਂ ਸਕੂਲ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਪੌਸ਼ਟਿਕ ਆਹਾਰ ਲਈ ਜਾਗਰੂਕ ਕਰਨ ਲਈ ਵੀ ਕਿਹਾ ਤਾਂ ਜੋ ਬੱਚਿਆ ਦਾ ਸਤੁਲਿਤ ਵਿਕਾਸ ਸੰਭਵ ਹੋ ਸਕੇ ।
ਅਚਨਚੇਤ ਦੌਰੇ ਦੌਰਾਨ ਸਹਾਇਕ ਕਮਿਸ਼ਨਰ(ਈ) ਕਮ ਐਸ.ਡੀ.ਐਮ ਅਮਰਗੜ੍ਹ ਵੱਲੋਂ ਸਕੂਲਾਂ ਦੀ ਰਸੋਈ ਦਾ ਵਿਸ਼ੇਸ਼ ਤੌਰ ਤੇ ਜਾਇਜਾ ਲਿਆ ਗਿਆ ਅਤੇ ਉੱਥੇ ਬੱਚਿਆਂ ਨੂੰ ਦਿੱਤੀ ਜਾ ਰਹੀ ਖਾਦ ਪਦਾਰਥਾ ਦੀ ਮਿਆਦ ਮੁੱਕਣ ਦੀ ਤਾਰੀਕ, ਸਾਫ਼ ਸਫ਼ਾਈ, ਪ੍ਰਬੰਧ ਤੇ ਰਿਕਾਰਡ ਦੀ ਚੈਕਿੰਗ ਵੀ ਕੀਤੀ ਗਈ। ਇਸ ਦੌਰੇ ਦੌਰਾਨ ਉਨ੍ਹਾਂ ਨੇ ਉੱਥੇ ਬਣ ਰਹੇ ਮਿਡ ਡੇ ਮੀਲ ਦੀ ਗੁਣਵੱਤਾ ਨੂੰ ਵੀ ਜਾਚਿਆ ਅਤੇ ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਕਿ ਬੱਚਿਆਂ ਦੀ ਸਿਹਤ ਪ੍ਰਤੀ ਕਿਸੇ ਵੀ ਕਿਸਮ ਦੀ ਅਣਗਿਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਇਸ ਗੱਲ ਦਾ ਖ਼ਾਸ ਧਿਆਨ ਰੱਖਿਆ ਜਾਵੇ ਕਿ ਬੱਚਿਆਂ ਨੂੰ ਮਿਡ-ਡੇਅ ਮੀਲ ਵਿਚ ਪੌਸ਼ਟਿਕ ਅਤੇ ਸੰਤੁਲਿਤ ਖਾਣਾ ਹੀ ਮੁਹੱਈਆ ਕਰਵਾਇਆ ਜਾਵੇ।
ਉਨ੍ਹਾਂ ਸਬੰਧਤ ਸਟਾਫ ਨੂੰ ਹਦਾਇਤ ਕੀਤੀ ਕਿ ਮਿੱਡ ਡੇਅ ਮੀਲ ਤਹਿਤ ਪ੍ਰਾਪਤ ਸਮਗਰੀ ਦੀ ਉਚਿਤ ਤਰੀਕੇ ਨਾਲ ਵਰਤੋਂ ਅਤੇ ਸਾਂਭ ਸੰਭਾਲ ਕੀਤੀ ਜਾਵੇ ਅਤੇ ਸਟਾਕ ਰਜਿਸਟਰ ਵਿੱਚ ਰਿਕਾਰਡ ਮੁਕੰਮਲ ਰੱਖਿਆ ਜਾਵੇ । ਉਨ੍ਹਾਂ ਸਕੂਲ ਵਿਖੇ ਪੀਣ ਯੋਗ ਪਾਣੀ ਦੀ ਵਿਵਸਥਾ, ਪਖਾਨਿਆਂ ਦੀ ਸਾਫ ਸਫਾਈ ਆਦਿ ਦਾ ਵੀ ਜਾਇਜਾ ਲਿਆ । ਉਨ੍ਹਾਂ ਸਕੂਲ ਦੇ ਪ੍ਰਬੰਧਕਾਂ ਨੂੰ ਪਖਾਨਿਆਂ ਦੀ ਰੋਜਾਨਾਂ ਸਫਾਈ ਨੂੰ ਯਕੀਨੀ ਬਣਾਉਣ ਦੇ ਨਿਰਦੇਸ ਵੀ ਦਿੱਤੇ ।
ਛੋਟੇ ਬੱਚਿਆਂ ਦੇ ਮਾਪਿਆਂ ਨੂੰ ਪੌਸ਼ਟਿਕ ਆਹਾਰ ਲਈ ਕੀਤਾ ਜਾਵੇ ਜਾਗਰੂਕ : ਐਸ.ਡੀ.ਐਮ.


