ਬੱਸੀ ਪਠਾਣਾਂ/ਫ਼ਤਹਿਗੜ੍ਹ ਸਾਹਿਬ, 21 ਫ਼ਰਵਰੀ
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਲਈ ਦਿਨ ਰਾਤ ਇੱਕ ਕਰ ਕੇ ਕੰਮ ਕੀਤਾ ਜਾ ਰਿਹਾ ਹੈ, ਜਿਸ ਤਹਿਤ ਹਲਕਾ ਬੱਸੀ ਪਠਾਣਾਂ ਦੇ ਪਿੰਡਾਂ ਵਿੱਚ ਵੀ ਵਿਕਾਸ ਕਾਰਜ ਜੰਗੀ ਪੱਧਰ ਉੱਤੇ ਜਾਰੀ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਬੱਸੀ ਪਠਾਣਾਂ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਪਿੰਡ ਲਾਡਪੁਰੀ ਵਿਖੇ ਕਰੀਬ 10.88 ਲੱਖ ਰੁਪਏ ਦੀ ਲਾਗਤ ਬਣਨ ਵਾਲੇ ਪਾਰਕ ਅਤੇ ਕਰੀਬ 04 ਲੱਖ ਰੁਪਏ ਦੀ ਲਾਗਤ ਨਾਲ ਕੱਚੇ ਰਸਤੇ ਨੂੰ ਪੱਕਾ ਕਰਨ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ।
ਹਲਕਾ ਵਿਧਾਇਕ ਨੇ ਕਿਹਾ ਕਿ ਇਸ ਪਾਰਕ ਦੇ ਬਣਨ ਨਾਲ ਜਿੱਥੇ ਪਿੰਡ ਵਾਸੀਆਂ ਦੀ ਚਿਰੋਕਣੀ ਮੰਗ ਪੂਰੀ ਹੋਵੇਗੀ, ਉੱਥੇ ਲੋਕਾਂ ਨੂੰ ਸੈਰ ਕਰਨ ਤੇ ਬੱਚਿਆਂ ਨੂੰ ਖੇਡਣ ਲਈ ਢੁਕਵੀਂ ਥਾਂ ਵੀ ਮਿਲੇਗੀ। ਇਸ ਦੇ ਨਾਲ ਨਾਲ ਪਿੰਡ ਦੀ ਸੁੰਦਰਤਾ ਵਿੱਚ ਵੀ ਵਾਧਾ ਹੋਵੇਗਾ। ਕੱਚੇ ਰਸਤੇ ਨੂੰ ਪੱਕਾ ਕਰਨ ਦੇ ਨਾਲ ਲੋਕਾਂ ਨੂੰ ਆਵਾਜਾਈ ਸਬੰਧੀ ਦਿਕਤਾਂ ਤੋਂ ਨਿਜਾਤ ਮਿਲੇਗੀ।
ਉਹਨਾਂ ਕਿਹਾ ਕਿ ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਪਿੰਡਾਂ ਵਿੱਚ ਜਿੱਥੇ ਚੰਗੀਆਂ ਸਿਹਤ ਸਹੂਲਤਾਂ ਦੇਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਉੱਥੇ ਵਧੀਆ ਖੇਡ ਮੈਦਾਨ ਵੀ ਬਣਾਏ ਜਾ ਰਹੇ ਹਾਂ। ਪਿੰਡਾਂ ਦੇ ਪਾਣੀ ਦੀ ਨਿਕਾਸੀ ਅਤੇ ਟੋਭਿਆਂ ਦੀ ਸਫਾਈ ਲਈ ਕੰਮ ਲਗਾਤਾਰ ਜਾਰੀ ਹਨ।
ਹਲਕਾ ਵਿਧਾਇਕ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਿਰਮਾਣ ਕਾਰਜਾਂ ਦੀ ਖੁਦ ਨਿਗਰਾਨੀ ਕਰਨ ਅਤੇ ਜੇਕਰ ਕਿਤੇ ਕੋਈ ਤਰੁਟੀ ਲਗਦੀ ਹੈ ਤਾਂ ਫੌਰੀ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ। ਉਹਨਾਂ ਨੇ ਭਰੋਸਾ ਦਿਵਾਇਆ ਕਿ ਇਹ ਪ੍ਰੋਜੈਕਟ ਤੈਅ ਸਮੇਂ ਵਿੱਚ ਪੂਰੇ ਕਰ ਕੇ ਲੋਕ ਅਰਪਣ ਕੀਤੇ ਜਾਣਗੇ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਨੇ ਅਪਣੇ ਹੁਣ ਤਕ ਦੇ ਕਾਰਜ ਕਾਲ ਦੌਰਾਨ ਮਿਸਾਲੀ ਕੰਮ ਕੀਤਾ ਹੈ ਤੇ ਅੱਗੇ ਵਿਕਾਸ ਕਾਰਜਾਂ ਵਿੱਚ ਹੋਰ ਤੇਜ਼ੀ ਲਿਆਂਦੀ ਜਾ ਰਹੀ ਹੈ।
ਇਸ ਮੌਕੇ ਪਿੰਡ ਵਾਸੀਆਂ ਵੱਲੋਂ ਹਲਕਾ ਵਿਧਾਇਕ ਦਾ ਧੰਨਵਾਦ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਸ਼੍ਰੀਮਤੀ ਜਸਵੀਰ ਕੌਰ ਸਰਪੰਚ, ਸ਼੍ਰੀਮਤੀ ਡਾਲੀ ਪੰਚ, ਕੁਲਦੀਪ ਕੌਰ ਪੰਚ, ਸੁਖਵਿੰਦਰ ਸਿੰਘ ਪੰਚ, ਸੁਖਦੇਵ ਸਿੰਘ ਪੰਚ, ਗਗਨਦੀਪ ਸਿੰਘ, ਇੰਦਰਜੀਤ ਸਿੰਘ, ਦਮਨਪ੍ਰੀਤ ਸਿੰਘ, ਪਲਵਿੰਦਰ ਸਿੰਘ, ਆਪ ਆਗੂ ਰਛਪਿੰਦਰ ਸਿੰਘ, ਇੰਦਰਜੀਤ ਸਿੰਘ ਤੇ ਸਿਮਰਨ ਚੁੰਨੀ ਸਮੇਤ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।
ਹਲਕਾ ਬੱਸੀ ਪਠਾਣਾਂ ਦੇ ਪਿੰਡਾਂ ਦੀ ਨੁਹਾਰ ਬਦਲਣ ਵਿੱਚ ਨਹੀਂ ਛੱਡੀ ਜਾ ਰਹੀ ਕੋਈ ਕਸਰ: ਵਿਧਾਇਕ ਰੁਪਿੰਦਰ ਸਿੰਘ ਹੈਪੀ


