ਵਿਧਾਇਕ ਰੰਧਾਵਾ ਵੱਲੋਂ ਡੇਰਾਬੱਸੀ ਦੇ ਪ੍ਰਸ਼ਾਸਨਕ, ਪੁਲਿਸ ਤੇ ਮਿਉਂਸਪਲ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ

Politics Punjab S.A.S Nagar

ਡੇਰਾਬੱਸੀ/ਐਸ.ਏ.ਐਸ ਨਗਰ, 04 ਨਵੰਬਰ, 2024:

ਹਲਕਾ ਡੇਰਾਬੱਸੀ ਦੇ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਵੱਲੋਂ ਡੇਰਾਬਸੀ ਵਿਖੇ ਉਪ ਮੰਡਲ ਮੈਜਿਸਟ੍ਰੇਟ, ਅਮਿਤ ਗੁਪਤਾ ਦੀ ਮੌਜੂਦਗੀ ਵਿੱਚ ਹਲਕੇ ਦੀ ਮਿਉਂਸਪਲ ਕਮੇਟੀ ਦੇ ਅਧਿਕਾਰੀਆਂ, ਡੀ.ਐਸ.ਪੀ. ਡੇਰਾਬੱਸੀ ਅਤੇ ਜ਼ੀਰਕਪੁਰ ਨਾਲ ਸ਼ਹਿਰ ਵਿਖੇ ਚਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਅਤੇ ਕਾਨੂੰਨ-ਵਿਵਸਥਾ ਸਬੰਧੀ ਸਮੀਖਿਆ ਮੀਟਿੰਗ ਕੀਤੀ ਗਈ।
    ਇਸ ਮੌਕੇ ਉਨ੍ਹਾਂ ਮੀਟਿੰਗ ਵਿੱਚ ਹਾਜ਼ਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਚਲ ਰਹੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾਵੇ ਅਤੇ ਸਬੰਧਤ ਅਧਿਕਾਰੀਆਂ ਨੂੰ ਹਰ ਕਾਰਜ ਮਿਥੇ ਸਮੇਂ ਵਿੱਚ ਪੂਰਾ ਕਰਨ ਦੀ ਹਦਾਇਤ ਕੀਤੀ। ਹਲਕਾ ਵਿਧਾਇਕ ਨੇ ਕਿਹਾ ਕਿ ਉਹ ਹਲਕੇ ਵਿੱਚ ਸ਼ਹਿਰਾਂ ਦੇ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤ ਦੇਣ ਅਤੇ ਸ਼ਹਿਰ ਨੂੰ ਹੋਰ ਸੁੰਦਰ ਬਣਾਉਣ ਲਈ ਉਪਰਾਲੇ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿਕਾਸ ਕਾਰਜਾਂ ਦੇ ਵਿੱਚ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦੇਵੇਗੀ ਅਤੇ ਸ਼ੁਰੂ ਕਰਵਾਏ ਗਏ ਕੰਮਾਂ ਨੂੰ ਸਮੇਂ ਸਿਰ ਪੂਰਾ ਕੀਤਾ ਜਾਵੇਗਾ, ਇਸ ਦੇ ਲਈ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ।
     ਕਾਨੂੰਨ ਤੇ ਵਿਵਸਥਾ ਦੇ ਸਬੰਧ ਵਿੱਚ ੳਨ੍ਹਾਂ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਸ਼ਹਿਰ ਅੰਦਰ ਸੁਰੱਖਿਆ ਨੂੰ ਲੈ ਕੇ ਸਖ਼ਤੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਜਿਨ੍ਹਾਂ ਸੜਕ ਪੁਆਇੰਟਾਂ ‘ਤੇ ਸੜਕੀ ਆਵਾਜਾਈ ਵਧੇਰੇ ਹੈ, ਉਸ ਜਗ੍ਹਾ ਆਵਾਜਾਈ ਨੂੰ ਕੰਟਰੋਲ ਕਰਨ ਲਈ ਰੋਡ ਮੈਪ ਬਣਾ ਕੇ ਆਵਾਜਾਈ ਤਬਦੀਲ ਕੀਤੀ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਸੜਕੀ ਜਾਮ ਜਾਂ ਹਾਦਸੇ ਤੋਂ ਬਚਿਆ ਜਾ ਸਕੇ। ਓਵਰ ਸਪੀਡ ਵਾਹਨ ਅਤੇ ਜੈਬਰਾ ਕਰਾਸਿੰਗ ਕਰਨ ਵਾਲਿਆਂ ਦੇ ਮੌਕੇ ‘ਤੇ ਚਲਾਨ ਕੀਤੇ ਜਾਣ ਅਤੇ  ਸ਼ੱਕੀ ਵਾਹਨਾਂ ਦੀ ਨਾਕਿਆਂ ਦੌਰਾਨ ਚੈਕਿੰਗ ਕੀਤੀ ਜਾਵੇ ।

     ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੁਆਰਾ ਬੜੇ ਹੀ ਚਾਵਾਂ ਅਤੇ ਸੁਪਨਿਆਂ ਨੂੰ ਲੈ ਕੇ ਚੁਣੀ ਗਈ ਸਰਕਾਰ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਨੂੰ ਰੋਜ਼ਮਰ੍ਹਾ ਦੇ ਕੰਮਾਂ ਵਿੱਚ ਆ ਰਹੀਆਂ ਮੁਸ਼ਕਿਲਾਂ ਦੇ ਸੰਜੀਦਗੀ ਨਾਲ ਹੱਲ ਕਰਨ ਦੇ ਲਈ ਵਚਨਵੱਧ ਹੈ। ਉਨ੍ਹਾਂ ਕੰਮ ਵਿੱਚ ਕੁਤਾਹੀ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਬਣਦੀ ਕਾਰਵਾਈ ਕਰਨ ਲਈ ਕਿਹਾ।
  ਇਸ ਮੌਕੇ ਐਸ.ਡੀ.ਐਮ. ਡੇਰਾਬੱਸੀ ਅਮਿਤ ਗੁਪਤਾ, ਵਿਭਾਗਾਂ ਦੇ ਕਾਰਜਸਾਧਕ ਅਫਸਰ, ਮਿਉਂਸਪਲ ਕਮੇਟੀ ਦੇ ਅਧਿਕਾਰੀ, ਡੀ.ਐਸ.ਪੀ. ਡੇਰਾਬੱਸੀ ਬਿਕਰਮਜੀਤ ਬਰਾੜ ਅਤੇ ਡੀ.ਐਸ.ਪੀ. ਜੀਰਕਪੁਰ ਜਸਪਿੰਦਰ ਸਿੰਘ ਅਤੇ ਹੋਰ ਅਹਿਮ ਸ਼ਖ਼ਸੀਅਤਾਂ ਵੀ ਮੌਜੂਦ ਸਨ।

Leave a Reply

Your email address will not be published. Required fields are marked *