ਜਲਾਲਾਬਾਦ, ਫਾਜ਼ਿਲਕਾ, 15 ਜਨਵਰੀ
ਬੇਟੀ ਬਚਾਓ ਬੇਟੀ ਪੜ੍ਹਾਓ ਉਦੇਸ਼ ਦੀ ਪੂਰਤੀ ਹਿਤ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸਮੇਂ-ਸਮੇ *ਤੇ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਜ਼ਿਲ੍ਹਾ ਪ੍ਰੋਗਰਾਮ ਦਫਤਰ ਵੱਲੋਂ ਜਲਾਲਾਬਾਦ ਵਿਖੇ ਧੀਆਂ ਦੀ ਲੋਹੜੀ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਹਲਕਾ ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਸਿੰਘ ਗੋਲਡੀ ਕੰਬੋਜ ਵੱਲੋਂ ਵਿਸ਼ੇਸ਼ ਤੌਰ *ਤੇ ਸ਼ਿਰਕਤ ਕੀਤੀ ਗਈ।
ਵਿਧਾਇਕ ਜਲਾਲਾਬਾਦ ਸ੍ਰੀ ਜਗਦੀਪ ਸਿੰਘ ਗੋਲਡੀ ਕੰਬੋਜ ਨੇ ਸਮਾਗਮ ਦੌਰਾਨ ਸ਼ਿਰਕਤ ਕਰਦਿਆਂ ਪਹਿਲਾਂ ਤਾਂ ਨਵਜਮੀਆਂ ਧੀਆਂ ਨੂੰ ਜਨਮ ਦੇਣ ਵਾਲੀਆਂ ਮਾਵਾਂ ਨੂੰ ਲੋਹੜੀ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਮਾਂਵਾਂ ਭਾਗਾਂ ਵਾਲੀਆਂ ਹਨ ਜਿਨ੍ਹਾਂ ਦੇ ਘਰ ਲਕਸ਼ਮੀ ਆਈ ਹੈ। ਉਨ੍ਹਾਂ ਕਿਹਾ ਕਿ ਔਰਤਾਂ ਬਿਨਾਂ ਸੰਸਾਰ ਵਿਚ ਕਿਸੇ ਦੀ ਹੋਂਦ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਨੂੰ ਵੀ ਜਨਮ ਇਕ ਔਰਤ ਨੇ ਹੀ ਦਿੱਤਾ ਹੈ। ਉਨ੍ਹਾਂ ਕਿਹਾ ਕਿ ਧੀਆਂ ਦੀ ਲੋਹੜੀ ਦਾ ਪ੍ਰੋਗਰਾਮ ਉਲੀਕਣ ਨਾਲ ਲੜਕੀਆਂ ਪ੍ਰਤੀ ਜੋ ਸਤਿਕਾਰ ਸਭਨਾਂ ਵਿਚ ਵਧਿਆ ਹੈ ਉਸਨੂੰ ਬਿਆਨ ਨਹੀਂ ਕੀਤਾ ਜਾ ਸਕਦਾ।
ਸ੍ਰੀ ਜਗਦੀਪ ਸਿੰਘ ਗੋਲਡੀ ਕੰਬੋਜ ਨੇ ਕਿਹਾ ਕਿ ਲੜਕੀਆਂ ਹੁਣ ਉਚੇ ਮੁਕਾਮਾਂ *ਤੇ ਪਹੁੰਚ ਰਹੀਆਂ ਹਨ ਤੇ ਸਾਡਾ ਸਭਦਾ ਫਰਜ ਬਣਦਾ ਹੈ ਕਿ ਅਸੀਂ ਉਨ੍ਹਾਂ ਦਾ ਸਾਥ ਦੇਈਏ ਤਾਂ ਜੋ ਉਹ ਹੋਰ ਉਚਾਈਆਂ ਛੂ ਸਕਣ। ਉਨ੍ਹਾਂ ਕਿਹਾ ਕਿ ਧੀਆਂ ਹਰ ਖੇਤਰ ਵਿਚ ਆਪਣੀ ਛਾਪ ਛੱਡ ਰਹੀਆਂ ਹਨ ਤੇ ਆਤਮ ਨਿਰਭਰ ਵੀ ਬਣ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਲੜਕੀਆਂ ਦੇ ਸਸ਼ਕਤੀਕਰਨ ਵੱਲ ਜੋਰ ਦੇ ਰਹੀ ਹੈ ਤਾਂ ਜੋ ਉਹ ਕਿਸੇ ਗੱਲੋਂ ਵੀ ਆਪਣ ਆਪ ਨੂੰ ਘੱਟ ਨਾ ਸਮਝਣ।
ਇਸ ਦੌਰਾਨ ਜ਼ਿਲ੍ਹਾ ਪ੍ਰੋਗਰਾਮ ਅਫਸਰ ਨਵਦੀਪ ਕੌਰ ਨੇ ਦੱਸਿਆ ਕਿ ਪ੍ਰੋਗਰਾਮ ਦੌਰਾਨ 31 ਨਵਜਮੀਆਂ ਧੀਆਂ ਦੀਆਂ ਮਾਵਾਂ ਨੂੰ ਬੇਬੀ ਕੇਅਰ ਕਿਟ ਤੇ ਕੰਬਲ ਭੇਂਟ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਲੜਕੀਆਂ ਦੀ ਭਲਾਈ ਲਈ ਲਗਾਤਾਰ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ।ਇਸ ਮੌਕੇ ਸੈਲਫ ਹੈਲਪ ਗਰੁੱਪ ਤੇ ਪੋਸ਼ਣ ਅਭਿਆਨ ਵੱਲੋਂ ਸਟਾਲ ਲਗਾਈ ਗਈ।
ਇਸ ਮੌਕੇ ਡੀ.ਐਚ.ਈ.ਡਬਲਿਯੂ ਟੀਮ ਤੋਂ ਅੰਕਿਤ, ਸਖੀ ਵਨ ਸਟਾਪ ਸੈਂਟਰ ਤੋਂ ਪੂਨਮ ਧੋਟ, ਡੀ.ਸੀ.ਪੀ.ਯੂ ਤੋਂ ਭੁਪਿੰਦਰ ਸਿੰਘ, ਸਰਪੰਚ ਬੇਅੰਤ ਸਿੰਘ, ਬਲਾਕ ਸੁਪਰਵਾਈਜਰ ਤੇ ਵਰਕਰ ਆਦਿ ਪਤਵੰਤੇ ਸਜਨ ਹਾਜਰ ਸਨ।
ਵਿਧਾਇਕ ਜਲਾਲਾਬਾਦ ਨੇ 31 ਨਵਜਮੀਆਂ ਧੀਆਂ ਦੀਆਂ ਮਾਵਾਂ ਨੂੰ ਬੇਬੀ ਕੇਅਰ ਕਿਟ ਤੇ ਕੰਬਲ ਭੇਂਟ ਕੀਤੇ


