ਮੋਗਾ, 20 ਸਤੰਬਰ (000) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੂਬੇ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਉਣ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਦੀ ਸ਼ੁਰੂਆਤ ਕੀਤੀ ਗਈ ਹੈ। ਬਲਾਕ ਪੱਧਰੀ ਖੇਡ ਮੁਕਾਬਲੇ ਸਫ਼ਲਤਾਪੂਰਵਕ ਨੇਪਰੇ ਚਾੜ੍ਹੇ ਜਾ ਚੁੱਕੇ ਹਨ ਅਤੇ ਹੁਣ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਖਿਡਾਰੀਆਂ ਵੱਲੋਂ ਵਧ ਚੜ੍ਹ ਕੇ ਹਿੱਸਾ ਲਿਆ ਜਾ ਰਿਹਾ ਹੈ। ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਉਣ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਦਾ ਸੀਜ਼ਨ-3 ਇੱਕ ਅਹਿਮ ਕਦਮ ਸਾਬਿਤ ਹੋਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਧਰਮਕੋਟ ਸ੍ਰ. ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਨੂੰ ਸ਼ੁਰੂ ਕਰਵਾਉਣ ਮੌਕੇ ਕੀਤਾ। ਸਥਾਨਕ ਗੋਧੇਵਾਲਾ ਖੇਡ ਸਟੇਡੀਅਮ ਵਿਖੇ ਵਿਧਾਇਕ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਇਨ੍ਹਾਂ ਖੇਡ ਮੁਕਾਬਲਿਆਂ ਨਾਲ ਖਿਡਾਰੀਆਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਫਸਣ ਤੋਂ ਬਚਾਉਣਾ ਚਾਹੁੰਦੀ ਹੈ ਅਤੇ ਖਿਡਾਰੀਆਂ ਦੇ ਉਜਵੱਲ ਭਵਿੱਖ ਲਈ ਵੀ ਯਤਨਸ਼ੀਲ ਹੈ। ਇਨ੍ਹਾਂ ਖੇਡਾਂ ਵਿੱਚ ਸਰਕਾਰ ਵੱਲੋਂ ਖਿਡਾਰੀਆਂ ਦੀ ਹੌਂਸਲਾ ਅਫਜਾਈ ਲਈ ਨਕਦ ਇਨਾਮ ਰੱਖੇ ਗਏ ਹਨ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰੇਕ ਹਲਕੇ ਵਿੱਚ 4-4 ਖੇਡ ਨਰਸਰੀਆਂ ਵਿਕਸਤ ਕੀਤੀਆਂ ਜਾ ਰਹੀਆਂ ਹਨ, ਜਿਹਨਾਂ ਦਾ 80 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਕੋਚਾਂ ਅਤੇ ਹੋਰ ਸਟਾਫ ਦੀ ਵੀ ਭਾਰਤੀ ਕੀਤੀ ਜਾ ਚੁੱਕੀ ਹੈ। ਜਿਹੜੇ ਪਿੰਡਾਂ ਵਿੱਚ ਇਹ ਨਰਸਰੀਆਂ ਵਿਕਸਤ ਕੀਤੀਆਂ ਜਾਣੀਆਂ ਹਨ ਉਹਨਾਂ ਪਿੰਡਾਂ ਦੀ ਵੀ ਨਿਸ਼ਾਨਦੇਹੀ ਹੋ ਗਈ ਹੈ।
ਉਹਨਾਂ ਖਿਡਾਰੀਆਂ ਨੂੰ ਸੱਦਾ ਦਿੱਤਾ ਕਿ ਉਹ ਸਿਰਫ ਖੇਡਣ ਵਾਲੇ ਬਣਨ, ਉਹਨਾਂ ਲਈ ਅੱਗੇ ਵਧਣ ਦੇ ਮੌਕੇ, ਨੌਕਰੀਆਂ ਅਤੇ ਨਗਦ ਇਨਾਮ ਪੰਜਾਬ ਸਰਕਾਰ ਵੱਲੋਂ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਇਹਨਾਂ ਖੇਡਾਂ ਨਾਲ ਨੌਜਵਾਨਾਂ ਵਿੱਚ ਛਿਪਿਆ ਹੁਨਰ ਬਾਹਰ ਆਉਣ ਲੱਗਾ ਹੈ। ਜਿਹੜੇ ਨੌਜਵਾਨ ਖੇਡਾਂ ਭੁੱਲ ਗਏ ਸਨ ਉਹ ਅੱਜ ਮੁੜ ਖੇਡ ਮੈਦਾਨਾਂ ਵਿੱਚ ਨਜ਼ਰ ਆਉਣ ਲੱਗੇ ਹਨ।
ਉਹਨਾਂ ਨੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਖਿਡਾਰੀ ਆਪਣੀ ਮਿਹਨਤ ਅਤੇ ਲਗਨ ਨਾਲ ਇਨ੍ਹਾਂ ਖੇਡਾਂ ਵਿੱਚ ਆਪਣੀ ਖੇਡ ਕਲਾ ਦਾ ਪ੍ਰਦਰਸ਼ਨ ਕਰਨ। ਉਨ੍ਹਾਂ ਖਿਡਾਰੀਆਂ ਨੂੰ ਆਪਣਾ, ਆਪਣੇ ਮਾਤਾ ਪਿਤਾ, ਆਪਣੇ ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਲਈ ਖਿਡਾਰੀਆਂ ਵਿੱਚ ਉਤਸ਼ਾਹ ਭਰਿਆ। ਇਸ ਸਮਾਗਮ ਵਿਖੇ ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਵੱਲੋ ਗੱਤਕਾ ਸ਼ੋਅ ਮੈਚ ਕਰਵਾਇਆ ਗਿਆ।
ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀਮਤੀ ਨਵਦੀਪ ਜਿੰਦਲ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਮੁਕਾਬਲੇ 24 ਸਤੰਬਰ ਤੱਕ ਵੱਖ ਵੱਖ ਸਥਾਨਾਂ ਗੋਧੇ ਵਾਲਾ ਇਨਡੋਰ ਸਟੇਡੀਅਮ, ਭਿੰਡਰ ਕਲਾਂ ਕੋਚਿੰਗ ਸੈਂਟਰ, ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਬਲੂਮਿੰਗ ਬਡਜ਼ ਸਕੂਲ, ਡੀ ਐਨ ਮਾਡਲ ਸਕੂਲ, ਗੁਰੂ ਨਾਨਕ ਕਾਲਜ, ਹਾਕੀ ਐਸਟਰੋਟਰਫ ਸਟੇਡੀਅਮ ਢੁੱਡੀਕੇ, ਕਰੌਸ ਫਿਟ ਜਿਮ ਧਰਮਕੋਟ, ਫੁੱਟਬਾਲ ਮੈਦਾਨ ਮਹਿਣਾ ਅਤੇ ਟਾਊਨ ਹਾਲ ਮੋਗਾ ਉੱਤੇ ਖੇਡੇ ਜਾਣਗੇ। ਇਹਨਾਂ ਮੁਕਾਬਲਿਆਂ ਵਿੱਚ ਬੈਡਮਿੰਟਨ, ਹਾਕੀ, ਫੁੱਟਬਾਲ, ਵੇਟ ਲਿਫਟਿੰਗ, ਬਾਸਕਿਟਬਾਲ, ਐਥਲੈਟਿਕ, ਕੁਸ਼ਤੀ ਵਾਲੀਬਾਲ, ਕਿੱਕ ਬਾਕਸਿੰਗ, ਖੋਹ ਖੋਹ, ਕਬੱਡੀ, ਜੂਡੋ, ਚੈੱਸ, ਟੇਬਲ ਟੈਨਿਸ, ਲਾਅਨ ਟੈਨਿਸ, ਹੈਂਡਬਾਲ, ਬਾਕਸਿੰਗ, ਸਾਫਟਬਾਲ ਅਤੇ ਗੱਤਕਾ ਸ਼ਾਮਿਲ ਹੋਵੇਗਾ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰ ਗੁਰਦਿਆਲ ਸਿੰਘ ਅਤੇ ਹੋਰ ਵੱਡੀ ਗਿਣਤੀ ਵਿੱਚ ਖਿਡਾਰੀ ਸ਼ਾਮਿਲ ਸਨ।
ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਕੀਤਾ ਖੇਡਾਂ ਦਾ ਉਦਘਾਟਨ


