ਮਲੋਟ 12 ਮਾਰਚ
ਆਪਣੀ ਵੱਖਰੀ ਪਹਿਚਾਣ ਰੱਖਣ ਵਾਲੇ ਕੈਬਨਿਟ ਮੰਤਰੀ ਡਾ ਬਲਜੀਤ ਕੌਰ ਹੁਣ ਸਿਆਸਤ ਵਿੱਚ ਵੀ ਨਵੀਆਂ ਪੈੜਾਂ ਪਾ ਰਹੇ ਹਨ । ਉਹਨਾਂ ਦੇ ਹਲਕੇ ਵਿੱਚ ਇੱਕ ਕਰੋੜ 64 ਲੱਖ ਰੁਪਏ ਦੀ ਲਾਗਤ ਨਾਲ ਮੰਡੀਆਂ ਦੇ ਕੰਮ ਹੋਣੇ ਹਨ ਪਰ ਉਹਨਾਂ ਨੇ ਇੱਕ ਨਵੀਂ ਪਹਿਲ ਕਰਦਿਆਂ ਇਹਨਾਂ ਕੰਮਾਂ ਦੇ ਨੀਹ ਪੱਥਰ ਖੁਦ ਰੱਖਣ ਦੀ ਬਜਾਏ ਕਿਸਾਨ ਮਜ਼ਦੂਰ ਭਰਾਵਾਂ ਤੋਂ ਰਖਵਾਉਣ ਦਾ ਫੈਸਲਾ ਕੀਤਾ ਹੈ। ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ 13 ਮਾਰਚ ਨੂੰ ਦੁਪਹਿਰ 12 ਵਜੇ ਉਹਨਾਂ ਦੇ ਹਲਕੇ ਦੇ ਕਿਸਾਨ ਅਤੇ ਮਜ਼ਦੂਰ ਭਰਾ ਹੀ ਇਹਨਾਂ ਮੰਡੀਆਂ ਦੇ ਨਵੀਨੀਕਰਨ ਦੇ ਪ੍ਰੋਜੈਕਟਾਂ ਦੇ ਨੀਹ ਪੱਥਰ ਰੱਖਣਗੇ।
ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਜਿਵੇਂ ਹੀ ਸਰਕਾਰ ਦੇ ਧਿਆਨ ਚ ਲੋਕਾਂ ਦੀਆਂ ਇਹ ਮੰਗਾਂ ਆਈਆਂ ਤਾਂ ਸਰਕਾਰ ਵੱਲੋਂ ਇਹਨਾਂ ਪਿੰਡਾਂ ਵਿੱਚ ਮੰਡੀਆਂ ਦੀ ਉਸਾਰੀ ਲਈ ਫੰਡ ਜਾਰੀ ਕੀਤੇ ਗਏ। ਉਨਾਂ ਨੇ ਆਖਿਆ ਕਿ ਕਿਸਾਨਾਂ ਅਤੇ ਮਜ਼ਦੂਰਾਂ ਲਈ ਮੰਡੀ ਇੱਕ ਮਹੱਤਵਪੂਰਨ ਸਥਾਨ ਹੈ ਜਿੱਥੇ ਉਹ ਆਪਣੀ ਕਿਰਤ ਵੇਚਣ ਲਈ ਪਹੁੰਚਦੇ ਹਨ। ਉਹਨਾਂ ਨੇ ਆਖਿਆ ਕਿ ਇਹ ਮੰਡੀਆਂ ਬਣਨ ਨਾਲ ਕਿਸਾਨਾਂ ਨੂੰ ਆਪਣੀ ਫਸਲ ਦੇ ਮੰਡੀਕਰਨ ਵਿੱਚ ਸੌਖ ਹੋਵੇਗੀ ਅਤੇ ਇੱਥੇ ਕੰਮ ਕਰਨ ਵਾਲੇ ਮਜ਼ਦੂਰ ਵੀ ਇਸ ਤੋਂ ਲਾਹਾ ਲੈਣਗੇ।
ਡਾ ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿੰਡ ਖੁਨਣ ਕਲਾਂ ਵਿੱਚ 65.89 ਲੱਖ ਰੁਪਏ ਦੀ ਲਾਗਤ ਨਾਲ ਸਟੀਲ ਸੈਡ, ਫੜ੍ਹ ਵਿੱਚ ਵਾਧਾ ਅਤੇ ਸੜਕਾਂ ਬਣਾਈਆਂ ਜਾਣਗੀਆਂ ਪਿੰਡ ਬਾਂਮ ਵਿੱਚ 48.55 ਲੱਖ ਰੁਪਏ ਦੀ ਲਾਗਤ ਨਾਲ ਸਟੀਲ ਸ਼ੈਡ, ਫੜ੍ਹ ਵਿੱਚ ਵਾਧਾ ਅਤੇ ਸੜਕਾਂ ਬਣਾਈਆਂ ਜਾਣਗੀਆਂ। ਇਸੇ ਤਰ੍ਹਾਂ ਪਿੰਡ ਉੜਾਂਗ ਵਿੱਚ 27.79 ਲੱਖ ਰੁਪਏ ਦੀ ਨਾਲ ਸੜਕ ਅਤੇ ਫੜ ਬਣਾਇਆ ਜਾਵੇਗਾ। ਮਲੋਟ ਮੰਡੀ ਵਿੱਚ ਵੀ 21.80 ਲੱਖ ਰੁਪਏ ਦੀ ਲਾਗਤ ਨਾਲ ਕਵਰ ਸ਼ੈਡ ਦੀ ਰਿਪੇਅਰ, ਗੇਟ, ਚਾਰ ਦਿਵਾਰੀ ਅਤੇ ਫੁੱਟਪਾਥ ਬਣਾਏ ਜਾਣਗੇ।
ਉਹਨਾਂ ਇਹ ਵੀ ਕਿਹਾ ਕਿ ਘੱਗਾ ਮੰਡੀ ਸਬੰਧੀ ਵੀ ਜਲਦ ਹੀ ਚੰਗੀ ਖਬਰ ਇਲਾਕਾ ਨਿਵਾਸੀਆਂ ਨੂੰ ਮਿਲੇਗੀ।
ਕੈਬਨਿਟ ਮੰਤਰੀ ਨੇ ਇਹ ਵੀ ਦੱਸਿਆ ਕਿ ਇਹਨਾਂ ਸਾਰੀਆਂ ਮੰਡੀਆਂ ਦੇ ਨੀਂਹ ਪੱਥਰ ਉਹ ਖੁਦ ਨਹੀਂ ਸਗੋਂ ਉਹਨਾਂ ਦੇ ਇਲਾਕੇ ਦੇ ਸਨਮਾਨਯੋਗ ਕਿਸਾਨ ਅਤੇ ਮਜ਼ਦੂਰ ਭਰਾ ਰੱਖਣਗੇ। ਕੈਬਨਿਟ ਮੰਤਰੀ ਵੱਲੋਂ ਲਏ ਗਏ ਇਸ ਫੈਸਲੇ ਦੀ ਇਲਾਕੇ ਦੇ ਕਿਸਾਨ, ਮਜ਼ਦੂਰ ਅਤੇ ਹੋਰ ਆਮ ਲੋਕ ਵੀ ਖੁੱਲ ਕੇ ਸਲਾਘਾ ਕਰ ਰਹੇ ਹਨ।
ਵੱਖਰੀ ਪਹਿਚਾਣ ਰੱਖਣ ਵਾਲੇ ਮੰਤਰੀ ਡਾ. ਬਲਜੀਤ ਕੌਰ ਦੀ ਇੱਕ ਹੋਰ ਨਿਵੇਕਲੀ ਪਹਿਲ


