ਜ਼ਿਲ੍ਹੇ ਦੇ ਪਿੰਡਾਂ ਲਈ ਵਰਦਾਨ ਬਣੇਗਾ “ਮੈਗਾ ਨਹਿਰੀ ਪਾਣੀ ਪ੍ਰੋਜੈਕਟ”

Fatehgarh Sahib Politics Punjab

ਖਮਾਣੋਂ/ ਫ਼ਤਹਿਗੜ੍ਹ ਸਾਹਿਬ, 01 ਜਨਵਰੀ

ਧਰਤੀ ਹੇਠਲੇ ਪਾਣੀ ਦਾ ਪੱਧਰ ਹੋਰ ਡੂੰਘਾ ਹੋਣ ਅਤੇ ਪਾਣੀ ਦੂਸ਼ਿਤ ਹੋਣ ਤੋਂ ਬਚਾਉਣ ਹਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਫ਼ਤਹਿਗੜ੍ਹ ਸਾਹਿਬ ਵੱਲੋਂ ਪੰਜਾਬ ਤੇ ਭਾਰਤ ਸਰਕਾਰ ਦੁਆਰਾ ਵਿਸ਼ਵ ਬੈਂਕ ਦੀ ਵਿੱਤੀ ਸਹਾਇਤਾ ਨਾਲ ਜਲ ਜੀਵਨ ਮਿਸ਼ਨ ਅਧੀਨ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ 92 ਪਿੰਡਾਂ ਨੂੰ ਪੀਣ ਯੋਗ ਨਹਿਰੀ ਪਾਣੀ ਉਪਲਬੱਧ ਕਰਵਾਉਣ ਲਈ “ਮੈਗਾ ਨਹਿਰੀ ਪਾਣੀ ਪ੍ਰੋਜੈਕਟ” ਪਿੰਡ ਨਾਨੋਵਾਲ ਵਿਖੇ ਲਗਾਇਆ ਗਿਆ ਹੈ, ਜੋ ਕਿ ਜਲਦ ਹੀ ਲੋਕ ਅਰਪਿਤ ਕੀਤਾ ਜਾਵੇਗਾ।

ਇਹ ਜਾਣਕਾਰੀ ਸਾਂਝੀ ਕਰਦਿਆਂ ਐਕਸੀਅਨ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਸ਼੍ਰੀ ਇਸ਼ਾਨ ਕੌਸ਼ਲ ਨੇ ਦੱਸਿਆ ਕਿ ਇਸ ਪ੍ਰੋਜੈਕਟ ਵਿੱਚ ਬਲਾਕ ਖੇੜਾ ਦੇ 69 ਪਿੰਡ ਅਤੇ ਬਲਾਕ ਬਸੀ ਪਠਾਣਾਂ ਦੇ 23 ਪਿੰਡ ਸ਼ਾਮਿਲ ਹਨ। ਇਨ੍ਹਾਂ ਪਿੰਡਾਂ ਵਿੱਚ ਕੁੱਲ 131 ਕਿਲੋਮੀਟਰ ਡੀ.ਆਈ. ਟ੍ਰਾਂਸਮਿਸ਼ਨ ਪਾਈਪ ਲਾਈਨ ਵਿਛਾਈ ਗਈ ਹੈ, ਜਿਸ ਰਾਹੀਂ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ ਸਾਫ-ਸੁੱਥਰੇ ਪੀਣ ਵਾਲੇ ਪਾਣੀ ਦੀ ਸਪਲਾਈ ਮੁਹੱਈਆ ਕਰਵਾਈ ਜਾਵੇਗੀ।

ਇਸ ਪ੍ਰੋਜੈਕਟ ਅਧੀਨ ਪਿੰਡ ਨਾਨੋਵਾਲ ਵਿਖੇ ਇੱਕ ਵਾਟਰ ਟ੍ਰੀਟਮੈਂਟ ਪਲਾਂਟ (12 ਐਮ.ਐਲ.ਡੀ.) ਲਗਾਇਆ ਗਿਆ ਹੈ ਅਤੇ ਭਾਖੜਾ ਨਹਿਰ (ਮੇਨ ਲਾਈਨ) ਦੀ ਰਾਜਪੁਰਾ ਡਿਸਟ੍ਰੀਬਿਊਟਰੀ ਦਾ ਪਾਣੀ ਲੈ ਕੇ, ਉਸ ਪਾਣੀ ਨੂੰ ਫਿਲਟਰੇਸ਼ਨ ਅਤੇ ਕਲੋਰੀਨੇਸ਼ਨ ਰਾਹੀਂ ਕੀਟਾਣੂ ਰਹਿਤ ਕਰ ਕੇ 92 ਪਿੰਡਾਂ ਦੇ ਸਬੰਧਤ ਜਲ ਘਰਾਂ ਦੀਆਂ ਟੈਂਕੀਆਂ ਵਿੱਚ ਭਰਿਆ ਜਾਵੇਗਾ।  

ਟੈਂਕੀਆਂ ਤੋਂ ਪਾਈਪ ਲਾਈਨਾਂ ਰਾਹੀਂ ਪਾਣੀ ਘਰ-ਘਰ ਪਹੁੰਚਾਇਆ ਜਾਵੇਗਾ। ਇਸ ਪ੍ਰੋਜੈਕਟ ਦੀ ਕੁੱਲ ਅਨੁਮਾਨਤ ਲਾਗਤ 100.08 ਕਰੋੜ ਰੁਪਏ ਹੈ। ਨਹਿਰੀ ਪਾਣੀ ਨਾਲ ਧਰਤੀ ਹੇਠਲੇ ਦਿਨੋ-ਦਿਨ ਡੂੰਘੇ ਹੋ ਰਹੇ ਪਾਣੀ ਦੇ ਪੱਧਰ ਦਾ ਬਚਾਅ ਹੋਵੇਗਾ, ਕੈਮੀਕਲ ਰਹਿਤ ਹੋਣ ਸਦਕਾ ਪਾਣੀ ਦੂਸ਼ਿਤ ਹੋਣ ਦੇ ਆਸਾਰ ਘੱਟ ਹੋਣਗੇ। ਇਸ ਨਾਲ ਵਾਤਾਵਰਨ ਵਿੱਚ ਵੀ ਸਥਿਰਤਾ ਆਵੇਗੀ

Leave a Reply

Your email address will not be published. Required fields are marked *