42 ਏਕੜ ਚ ਝੋਨੇ ਦੀ ਸਿੱਧੀ ਬਿਜਾਈ ਕਰ ਰਿਹਾ ਹੈ ਮਲਕਾਣਾ ਦਾ ਕਿਸਾਨ ਜਗਰਾਜ ਸਿੰਘ

Bathinda

ਬਠਿੰਡਾ, 16 ਜੁਲਾਈ : ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਚਲਾਈ ਜਾ ਰਹੀ ਸਕੀਮ ਕਿਸਾਨਾਂ ਲਈ ਲਾਹੇਵੰਦ ਸਾਬਤ ਹੋ ਰਹੀ ਹੈ। ਇਸ ਸਕੀਮ ਤਹਿਤ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਸਬਸਿਡੀ ਦਿੱਤੀ ਜਾਂਦੀ ਹੈ। ਇਸ ਸਕੀਮ ਤੋਂ ਪ੍ਰੇਰਿਤ ਹੋ ਕੇ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਮਲਕਾਣਾ ਦਾ ਅਗਾਂਹਵਧੂ ਕਿਸਾਨ ਜਗਰਾਜ ਸਿੰਘ ਪੁੱਤਰ ਸੁਖਦੇਵ ਸਿੰਘ 42 ਏਕੜ ਬਾਸਮਤੀ ਝੋਨੇ ਦੀ ਸਿੱਧੀ ਬਿਜਾਈ ਕਰਦਿਆਂ ਇਸ ਸਕੀਮ ਦਾ ਲਾਹਾ ਲੈ ਰਿਹਾ ਹੈ। ਜਦਕਿ ਪਹਿਲਾਂ ਇਹ ਕਿਸਾਨ ਕਈ ਸਾਲਾਂ ਤੋਂ ਖੇਤ ਨੂੰ ਕੱਦੂ ਕਰਨ ਉਪਰੰਤ ਝੋਨਾ ਲਗਾਉਂਦਾ ਆ ਰਿਹਾ ਸੀ।

ਪਿੰਡ ਮਲਕਾਣਾ ਵਿੱਚ ਲਗਾਏ ਕਿਸਾਨ ਕੈਂਪ ਰਾਹੀਂ ਉਕਤ ਕਿਸਾਨ ਨੂੰ ਜਦੋਂ ਇਸ ਸਕੀਮ ਬਾਰੇ ਪਤਾ ਲੱਗਿਆ ਤਾਂ ਕਿਸਾਨ ਵੱਲੋਂ ਖੇਤੀਬਾੜੀ ਵਿਭਾਗ ਨਾਲ ਸਿੱਧੀ ਬਿਜਾਈ ਕਰਨ ਲਈ ਤਾਲਮੇਲ ਕੀਤਾ ਗਿਆ ਤਾਂ ਏ.ਡੀ.ਓ. ਤਲਵੰਡੀ ਸਾਬੋ ਸ਼੍ਰੀ ਗੁਰਕੰਵਲ ਸਿੰਘ ਵੱਲੋਂ ਕਿਸਾਨ ਨੂੰ ਸਿੱਧੀ ਬਿਜਾਈ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ ਗਈ। ਤਕਨੀਕੀ ਜਾਣਕਾਰੀ ਦਿੰਦਿਆਂ ਕਿਸਾਨ ਨੂੰ ਝੋਨਾ ਸਿੱਧੀ ਬਿਜਾਈ ਰਾਹੀਂ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ। ਜਿਸ ਤੋਂ ਬਾਅਦ ਕਿਸਾਨ ਵੱਲੋਂ 42 ਏਕੜ ਰਕਬੇ ਵਿੱਚ ਬਾਸਮਤੀ 1718 ਕਿਸਮ ਦੀ ਸਿੱਧੀ ਬਿਜਾਈ ਕੀਤੀ ਗਈ।

ਵਿਭਾਗ ਦੇ ਮਾਹਿਰਾਂ ਅਨੁਸਾਰ ਸਿੱਧੀ ਬਿਜਾਈ ਵਾਲੀ ਬਾਸਮਤੀ ਵਿੱਚ ਝੰਡਾ ਰੋਗ ਬਹੁਤ ਘੱਟ ਆਉਂਦਾ ਹੈ, ਜਿਸ ਬਾਰੇ ਕਿਸਾਨ ਨੂੰ ਜਾਗਰੂਕ ਕੀਤਾ ਗਿਆ। ਕਿਸਾਨ ਵੱਲੋਂ ਸਿੱਧੀ ਬਿਜਾਈ ਵਾਲਾ ਝੋਨਾ ਕੱਟਣ ਤੋਂ ਬਾਅਦ ਇਸ ਦੀ ਰਹਿੰਦ-ਖੂੰਹਦ ਜ਼ਮੀਨ ਅੰਦਰ ਹੀ ਵਾਹ ਦਿੱਤੀ ਜਾਂਦੀ ਹੈ।

ਕਿਸਾਨ ਵੱਲੋਂ ਦੱਸਿਆ ਗਿਆ ਕਿ ਸਿੱਧੀ ਬਿਜਾਈ ਵਾਲੇ ਝੋਨੇ ਵਿੱਚ ਲਗਭਗ 20 ਫ਼ੀਸਦੀ ਪਾਣੀ ਦੀ ਘੱਟ ਜ਼ਰੂਰਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਮੇਰਾ ਝੋਨਾ ਦੇਖ ਕੇ ਪਿੰਡ ਮਲਕਾਣਾ ਦੇ ਕਈ ਹੋਰ ਕਿਸਾਨ ਜਿਵੇਂ ਕਿ ਲੀਲਾ ਸਿੰਘ, ਲਖਵਿੰਦਰ ਸਿੰਘ ਅਤੇ ਭਿੰਦਾ ਸਿੰਘ ਆਦਿ ਵੀ ਆਪਣੇ ਜ਼ਮੀਨ ਅੰਦਰ ਆਉਣ ਵਾਲੇ ਸਾਉਣੀ ਸੀਜਨ ਦੌਰਾਨ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਸਹਿਮਤ ਹੋ ਗਏ।